ਸੰਤ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਤ ਸਿੰਘ. ਗੁਰੁ ਪ੍ਰਤਾਪ ਸੂਰਯ ਅਨੁਸਾਰ ਦਸ਼ਮੇਸ਼ ਜੀ ਨੇ ਚਮਕੌਰ ਦੇ ਮਕਾਮ ਖਾਲਸੇ ਨੂੰ ਗੁਰੁਤਾ ਦੇਣ ਸਮੇਂ ਸੰਤ ਸਿੰਘ ਨੂੰ ਤੁਰਰਾ ਅਤੇ ਕਲਗੀ ਪਹਿਨਾਈ, ਯਥਾ:—
“ਪੰਚਹਁ ਮੇ ਕਲਗੀ ਕਿਹ ਦੀਨਸ,
ਸੋ ਨਿਰਣੈ ਸੁਨੀਐ ਮਨ ਲਾਇ,
ਸੰਤ ਸਿੰਘ ਖਤ੍ਰੀ ਸਿਖ ਸੁਭਮਤਿ,
ਥਾਪ੍ਯੋ ਪੰਚਹਁ ਮੇ ਵਡਿਆਇ,
ਤਿਸ ਕੋ ਗੁਰੁਤਾ ਅਰਪਨ ਕੀਨਸ,
ਪ੍ਰਿਥਮ ਖਾਲਸੇ ਮੇ ਤਿਨ ਪਾਇ,
ਸਸਤ੍ਰ ਬੰਧਾਇ ਬਠਾਇ ਅਟਾਰੀ ,
ਗੁਰੂ ਫਤੇ ਬੋਲੇ ਹਰਖਾਇ.
ਕਿਤਕ ਕਹਿਤ ਸੰਗਤ ਸਿੰਘ ਬੰਗਸੀ,
ਬੰਗਸ ਦੇਸ ਵਿਖੈ ਤੇ ਆਇ,
ਤਿਸ ਕੋ ਕਰ੍ਯੋ ਥਾਪਨ ਤਿਸ ਛਿਨ,
ਗੁਰੁਤਾ ਦਈ ਜਿਗਾ ਪਹਿਰਾਇ,
ਸਤਿਗੁਰੁ ਕੇ ਸਿਖ ਦੋਨਹੁ ਗੁਰੁਮੁਖ,
ਤਿਨ ਮੇ ਕੋਊ ਥਪ੍ਯੋ ਬਨਾਇ,
ਤਿਸ ਪਰ ਬਾਦ ਨਹੀ ਕੁਛ ਬਰਨੋ,
ਦੋਨੋ ਕੇ ਲਿਹੁ ਚਰਨ ਮਨਾਇ.”
(ਗੁਪ੍ਰਸੂ ਰੁੱਤ ੬ ਅ: ੪੧)
ਭਾਈ ਸੰਤ ਸਿੰਘ ਮਾਝੇ ਦੇ ਪੱਟੀ ਨਗਰ ਦਾ ਵਸਨੀਕ ਅਰੋੜਾ ਸਿੱਖ ਸੀ. ਇਸ ਦੇ ਪੁਤ੍ਰ ਬਾਹੜ ਸਿੰਘ ਨੂੰ (ਜਿਸ ਦਾ ਨਾਉਂ ਬਹਾਦਰ ਸਿੰਘ ਭੀ ਹੈ) ਕਲਗੀਧਰ ਨੇ ਹੁਕਮਨਾਮਾ ਬਖਸ਼ਿਆ ਹੈ,1 ਜੋ ਹੁਣ ਸ਼ਹਿਰ ਪੇਸ਼ਾਵਰ ਦੇ ਗੰਜ ਮਹੱਲੇ ਵਿੱਚ ਭਾਈਆਂ ਦੇ ਕੂਚੇ ਭਾਈ ਉੱਤਮ ਸਿੰਘ ਦੇ ਘਰ ਮਾਈ ਬੁਤਕੀ ਪਾਸ ਹੈ. ਇੱਥੇ ਦਸ਼ਮੇਸ਼ ਦਾ ਦਸਤਾਰਾ, ਜਾਂਮਾ ਅਤੇ ਜੋੜੇ ਦਾ ਇੱਕ ਪੈਰ ਭੀ ਹੈ.2 ਸੰਤ ਸਿੰਘ ਜੀ ਦਾ ਪੁਤ੍ਰ ਪੱਟੀ ਛੱਡਕੇ ਪੇਸ਼ਾਵਰ ਜਾ ਰਿਹਾ ਸੀ. ਦੇਖੋ, ਸੰਗਤ ਸਿੰਘ ੧।
੨ ਚਿਨੋਟ (ਜਿਲਾ ਝੰਗ) ਨਿਵਾਸੀ ਭਾਈ ਸੂਰਤ ਸਿੰਘ ਦਾ ਸੁਪੁਤ੍ਰ ਹਰਿਮੰਦਿਰ ਦਾ ਗ੍ਯਾਨੀ. ਇਹ ਵਡਾ ਵਿਦ੍ਵਾਨ ਹੋਇਆ ਹੈ. ਭਾਈ ਸੰਤੋਖ ਸਿੰਘ ਕਵਿਰਾਜ ਨੇ ਇਸ ਤੋਂ ਵਿਦ੍ਯਾ ਪੜ੍ਹੀ ਸੀ. ਦੇਖੋ, ਸੰਤੋਖ ਸਿੰਘ. ਗ੍ਯਾਨੀ ਸੰਤ ਸਿੰਘ ਦਾ ਜਨਮ ਸੰਮਤ ੧੮੨੫ ਅਤੇ ਦੇਹਾਂਤ ਸੰਮਤ ੧੮੮੯ ਵਿੱਚ ਹੋਇਆ ਹੈ.3 ਇਸ ਸੱਜਨ਼ ਦਾ ਗ੍ਯਾਨੀ ਵੰਸ਼ ਅਮ੍ਰਿਤਸਰ ਵਿੱਚ ਸਨਮਾਨ ਯੋਗ ਹੈ।
੩ ਅਕਾਲੀ ਫੂਲਾ ਸਿੰਘ ਜੀ ਦਾ ਛੋਟਾ ਭਾਈ, ਜਿਸ ਦੀ ਔਲਾਦ ਹੁਣ ਤਰਨਤਾਰਨ ਵਿੱਚ ਵਿਸਵੇਦਾਰ ਅਤੇ ਆਲਾ ਨੰਬਰਦਾਰ ਹੈ. ਦੇਖੋ, ਫੂਲਾ ਸਿੰਘ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਤ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਤ ਸਿੰਘ (1906-1989) : ਅੰਮ੍ਰਿਤਸਰ ਵਿਖੇ 1906 ਵਿਚ ਜਨਮੇ ਅਤੇ ਰਈਸੀ ਠਾਠ-ਬਾਠ ਨਾਲ ਇਹਨਾਂ ਦਾ ਪਾਲਣ-ਪੋਸ਼ਣ ਹੋਇਆ। ਜਵਾਨੀ ਵਿਚ ਇਹ ਬਹੁਤ ਹੀ ਸੋਹਣੇ ਸੁਨੱਖੇ ਸਨ। ਇਹ ਘੋੜਿਆਂ ਦੁਆਰਾ ਖਿੱਚੀ ਜਾਂਦੀ ਫਿਟਨ ਵਿਚ ਸਵਾਰ ਹੋ ਕੇ ਜਾਂਦੇ ਸਨ। ਪਿਤਾ ਦੇ ਅਕਾਲ ਚਲਾਣੇ ਉਪਰੰਤ ਇਹਨਾਂ ਨੇ ਆਪਣੇ ਪਰਵਾਰਿਕ ਵਪਾਰ ਦੀ ਦੇਖਭਾਲ ਅਰੰਭ ਕਰ ਦਿੱਤੀ ਅਤੇ ਇਕ ਗੰਭੀਰ ਸਰਕਾਰੀ ਠੇਕੇਦਾਰ ਦੇ ਤੌਰ ਤੇ ਸਥਾਪਿਤ ਹੋ ਗਏ।ਇਸ ਤੋਂ ਇਲਾਵਾ ਇਹਨਾਂ ‘ਤੇ ਭਾਈ ਵੀਰ ਸਿੰਘ ਜੀ ਦਾ ਡੂੰਘਾ ਪ੍ਰਭਾਵ ਸੀ। ਜਿਨ੍ਹਾਂ ਦਾ ਇਹ ਇਕ ਮਹਾਨ ਜੀਵਨ ਵਾਲੇ ਸੰਤ ਦੇ ਤੌਰ ‘ਤੇ ਸ਼ਰਧਾ ਪੂਰਨ ਪਵਿੱਤਰ ਭਾਵਨਾ ਨਾਲ ਸਤਿਕਾਰ ਕਰਦੇ ਸਨ।
ਇਸੇ ਸਮੇਂ 1944 ਵਿਚ ਇਹ ਚੀਫ਼ ਖ਼ਾਲਸਾ ਦੀਵਾਨ ਵਿਚ ਸ਼ਾਮਲ ਹੋ ਗਏ ਅਤੇ ਲਗਾਤਾਰ ਲਗਪਗ ਅੱਧੀ ਸਦੀ ਤਕ ਬਿਨ ਤਨਖਾਹੋਂ ਇਸ ਦੇ ਸਕੱਤਰ ਰਹੇ। ਇਹਨਾਂ ਨੇ ਆਪਣੇ ਆਪ ਨੂੰ ਸਾਰੀਆਂ ਉਲਝਣਾਂ ਅਤੇ ਵਾਦ-ਵਿਵਾਦਾਂ ਤੋਂ ਦੂਰ ਰੱਖਿਆ ਅਤੇ ਇਸੇ ਕਰਕੇ ਇਹਨਾਂ ਦਾ ਸਤਿਕਾਰ ਦੂਰ ਦੂਰ ਤਕ ਬਣਿਆ ਅਤੇ ਲੋਕਾਂ ਵਿਚ ਇਹਨਾਂ ਦੀ ਚੰਗੀ ਸਾਖ ਬਣ ਗਈ। ਇਹ ਖ਼ਾਲਸਾ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਉਪ-ਪ੍ਰਧਾਨ ਸਨ ਅਤੇ ਕਈ ਸਥਾਨਿਕ ਸੁਸਾਇਟੀਆਂ ਅਤੇ ਫਾਊਂਡੇਸ਼ਨਾਂ ਦੇ ਪ੍ਰਧਾਨ ਸਨ। ਇਹ ਪਰਸਪਰ ਸਹਾਇਤਾ ਕਰਨ ਵਾਲੇ ਇਕ ਭਾਈਚਾਰੇ ਦੇ ਮੈਂਬਰ ਸਨ ਅਤੇ ਰੋਟਰੀ ਕਲੱਬ ਦੇ ਵੀ ਮੈਂਬਰ ਸਨ। ਘੋੜਸਵਾਰੀ ਕਰਨਾ ਇਹਨਾਂ ਦਾ ਮਨਭਾਉਂਦਾ ਸ਼ੌਕ ਸੀ। ਕਾਫ਼ੀ ਵਡੇਰੀ ਉਮਰ ਵਿਚ ਇਹਨਾਂ ਨੇ ਗੱਡੀ ਚਲਾਉਣ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।
ਸੰਤ ਸਿੰਘ 3 ਜਨਵਰੀ 1989 ਨੂੰ ਅਕਾਲ ਚਲਾਣਾ ਕਰ ਗਏ।
ਲੇਖਕ : ਦ.ਬ.ਸ. ਅਨੁ: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੰਤ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਤ ਸਿੰਘ (ਅ.ਚ. 1705) : ਇਹ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਪੱਟੀ ਨਗਰ ਦੇ ਅਰੋੜਾ ਸਿੱਖ ਸਨ , ਅਤੇ ਗੁਰੂ ਗੋਬਿੰਦ ਸਿੰਘ ਦੇ ਲਸ਼ਕਰ ਦੇ ਇਕ ਸੂਰਬੀਰ ਸਿਪਾਹੀ ਸਨ। ਇਹਨਾਂ ਨੇ ਅਨੰਦਪੁਰ ਤੇ ਨਿਰਮੋਹਗੜ੍ਹ ਦੇ ਯੁੱਧਾਂ ਤੋਂ ਇਲਾਵਾ ਚਮਕੌਰ ਦੇ ਯੁੱਧ ਵਿਚ ਵੀ ਭਾਗ ਲਿਆ ਸੀ। ਚਮਕੌਰ ਦੀ ਗੜ੍ਹੀ ਵਿਚ ਬਹੁਤ ਵੱਡੀ ਗਿਣਤੀ ਦੀ ਸ਼ਾਹੀ ਫ਼ੌਜ ਨੇ ਗੁਰੂ ਗੋਬਿੰਦ ਸਿੰਘ ਅਤੇ ਵੱਡੇ ਦੋ ਸਾਹਿਬਜ਼ਾਦਿਆਂ ਸਮੇਤ ਚਾਲੀ ਸਿੱਖਾਂ ਨੂੰ ਘੇਰੇ ਵਿਚ ਲੈ ਲਿਆ ਸੀ।
ਸੈਨਾਪਤਿ ਦੀ ਰਚਨਾ ਸ੍ਰੀ ਗੁਰ ਸੋਭਾ , ਗੁਰਬਿਲਾਸ ਪਾਤਸ਼ਾਹੀ 10 ਕ੍ਰਿਤ ਕੁਇਰ ਸਿੰਘ ਅਤੇ ਸੁੱਖਾ ਸਿੰਘ ਦੀ ਲਿਖੀ ਗੁਰਬਿਲਾਸ ਦਸਵੀਂ ਪਾਤਸ਼ਾਹੀ ਅਨੁਸਾਰ ਸੰਤ ਸਿੰਘ ਸਭ ਤੋਂ ਅਖ਼ੀਰਲੇ ਸਿੰਘ ਸਨ ਜਿਹੜੇ ਹਮਲਾਵਰਾਂ ਉੱਤੇ ਗੜ੍ਹੀ ਅੰਦਰੋਂ ਹਮਲਾ ਕਰਦੇ ਰਹੇ ਅਤੇ ਅੰਤ ਵਿਚ ਲੜਦੇ ਹੋਏ ਗੁਰੂ ਗੋਬਿੰਦ ਸਿੰਘ ਦੇ ਗੜ੍ਹੀ ਵਿਚੋਂ ਨਿਕਲਣ ਤੋਂ ਪਹਿਲਾਂ ਸ਼ਹੀਦ ਹੋ ਗਏ ਸਨ।
ਲੇਖਕ : ਪ.ਸ.ਪ. ਅਨੁ: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First