ਸੰਧੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਧੀ : ਜਦੋਂ ਦੋ ਪਦਾਂਸ਼ (morpheme) ਜਾਂ ਸ਼ਬਦ ਇੱਕ ਦੂਜੇ ਤੋਂ ਬਾਅਦ ਆਉਂਦੇ ਹਨ ਤਾਂ ਉਹਨਾਂ ਦੇ ਅੰਤ ਤੇ ਅਰੰਭ ਦੇ ਸ੍ਵਰਾਂ ਜਾਂ ਵਿਅੰਜਨਾਂ ਵਿੱਚ ਤਬਦੀਲੀ ਆ ਸਕਦੀ ਹੈ ਤੇ ਜਦੋਂ ਇਹ ਤਬਦੀਲੀ ਆਉਂਦੀ ਹੈ ਤਾਂ ਅਸੀਂ ਇਸ ਨੂੰ ਸੰਧੀ ਆਖਦੇ ਹਾਂ। ਅਰਥਾਤ, ਸੰਧੀ ਦੋ ਪਦਾਂਸ਼ਾਂ ਵਿੱਚ ਇੱਕ ਪ੍ਰਕਾਰ ਦਾ ਪੁਲ ਹੈ। ਆਓ, ਅਸੀਂ ਅੰਗਰੇਜ਼ੀ ਦੀਆਂ ਕੁਝ ਉਦਾਹਰਨਾਂ ਲਈਏ। ਅੰਗਰੇਜ਼ੀ ਵਿੱਚ ਬਹੁਵਚਨ ਦਰਸਾਉਣ ਵਾਲਾ ਰੂਪ-s ਹੈ ਪਰ ਇਸ ਦਾ ਪ੍ਰਗਟਾਵਾ ਹਮੇਸ਼ਾਂ / ਸ / ਨਹੀਂ ਹੁੰਦਾ। ਹੇਠ ਲਿਖੀਆਂ ਉਦਾਹਰਨਾਂ ਵੱਲ ਜ਼ਰਾ ਧਿਆਨ ਨਾਲ ਵੇਖੋ:
I. map : maps
mat : mats
park : parks
ਇਹਨਾਂ ਸ਼ਬਦਾਂ ਵਿੱਚ -s ਦਾ ਪ੍ਰਗਟਾਵਾ /ਸ/ ਹੀ ਰਹਿੰਦਾ ਹੈ।
II. tube : tubes
lad : lads
leg : legs
ਇਹਨਾਂ ਸ਼ਬਦਾਂ ਵਿੱਚ / ਸ / ਦਾ ਪ੍ਰਗਟਾਵਾ / ਸ / ਨਾ ਹੋ ਕੇ / ਜ਼ / ਹੋ ਜਾਂਦਾ ਹੈ।
III. church : churches
judge : judges
horse : horses
cheese : cheeses
ਇਹਨਾਂ ਸ਼ਬਦਾਂ ਵਿੱਚ / ਸ / ਦਾ ਪ੍ਰਗਟਾਵਾ /ਇਜ਼/ ਹੈ। ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਸ਼ਬਦ ਜਿਹੜੇ / p, -t, -k / ਅੰਤਕ ਹਨ ਉਹਨਾਂ ਪਿੱਛੋਂ 's' ਦਾ ਪ੍ਰਗਟਾਵਾ / ਸ / ਹੈ ਤੇ ਬਾਕੀ ਸ਼ਬਦਾਂ ਵਿੱਚ -ਜ਼, ਜਾਂ -ਇਜ਼ ਹੈ। ਅਸੀਂ ਇਉਂ ਵੀ ਕਹਿ ਸਕਦੇ ਹਾਂ ਕਿ 's', 'z', 'ch', 'j' ਆਦਿ ਦੇ ਬਾਅਦ ਵਿੱਚ ਆਉਣ ਵਾਲੇ / ਸ / ਦਾ ਉਚਾਰਨ /ਇਜ਼/ ਹੈ ਤੇ ਬਾਕੀ ਸਭ ਥਾਵਾਂ ਤੇ -ਜ਼ ਹੈ ਜਿਵੇਂ : bell : bells।ਇਸ ਪ੍ਰਕਿਰਿਆ ਨੂੰ ਅਸੀਂ ਸੰਧੀ ਆਖਦੇ ਹਾਂ ਤੇ ਜਦੋਂ ਸੰਧੀ ਦੋ ਵਿਅੰਜਨਾਂ ਵਿੱਚ ਹੁੰਦੀ ਹੈ ਤਾਂ ਅਸੀਂ ਇਸ ਨੂੰ ਵਿਅੰਜਨ ਸੰਧੀ ਜਾਂ ਸੰਸਕ੍ਰਿਤ ਵਿੱਚ ਹਲ ਸੰਧੀ ਕਹਿੰਦੇ ਹਾਂ (ਹਲ ਦਾ ਅਰਥ ਹੈ ਸਾਰੇ ਵਿਅੰਜਨ)।
ਇਸ ਹਲ ਸੰਧੀ ਦੇ ਵਿਪਰੀਤ ਜਦੋਂ ਇੱਕ ਰੂਪਾਂਸ਼ ਜਾਂ ਪਦ ਦੇ ਅੰਤ ਵਿੱਚ ਇੱਕ ਸ੍ਵਰ ਆਉਂਦਾ ਹੈ ਤੇ ਅਗਲਾ ਰੂਪਾਂਸ਼/ਪਦ ਇੱਕ ਸ੍ਵਰ ਨਾਲ ਸ਼ੁਰੂ ਹੁੰਦਾ ਹੈ ਤਾਂ ਇਹਨਾਂ ਸ੍ਵਰਾਂ ਵਿੱਚ ਅੰਤਰ ਹੋ ਸਕਦਾ ਹੈ ਤੇ ਇਸ ਅੰਤਰ ਨਾਲ ਨਜਿੱਠਣ ਦੀ ਪ੍ਰਕਿਰਿਆ ਨੂੰ ਸ੍ਵਰ ਸੰਧੀ ਜਾਂ ਅਚ ਸੰਧੀ ਕਹਿੰਦੇ ਹਾਂ।
ਅਚ ਸੰਧੀ ਵਿੱਚ ਜਦੋਂ ਇੱਕ ਸਥਾਨ ਤੋਂ ਉਚਾਰੇ ਜਾਣ ਵਾਲੇ ਸ੍ਵਰ (ਦੋ ਪਦਾਂ ਵਿੱਚ) ਇੱਕ ਦੂਜੇ ਤੋਂ ਬਾਅਦ ਆਉਂਦੇ ਹਨ ਤਾਂ ਉਹ ਸ੍ਵਰ ਦੀਰਘ ਹੋ ਜਾਂਦਾ ਹੈ ਜਿਵੇਂ: ਵਿੱਦਿਆ+ਆਤੁਰ= ਵਿੱਦਿਆਤੁਰ; ਅਤਰ+ ਆਸੀਤ =ਅਤਰਾਸੀਤ (ਉਹ ਓਥੇ ਸੀ); ਸਾਧੁ+ਉਦਾਸ=ਸਾਧੂਦਾਸ (ਸਾਧੂ ਨੇ ਕਿਹਾ)।
ਜਦੋਂ ਅ, ਆ ਤੋਂ ਬਾਅਦ ਇ / ਈ ਉ / ਊ ਆਉਂਦੇ ਹਨ ਤਾਂ ਅ+ਇ=ਏ, ਜਿਵੇਂ ਉਪੈ+ਇੰਦਰਾ=ਉਪੇਂਦਰ; ਪਰਮੈ+ਈਸ਼ਵਰ=ਪਰਮੇਸ਼ਵਰ; ਹਿਤੈ+ਉਪਦੇਸ਼ =ਹਿਤੋਪਦੇਸ਼; ਗੰਗਾ+ਉਦਕਮ=ਗੰਗੋਦਕਮ।
ਜਦੋਂ ਇ / ਈ ਉ / ਊ ਤੋਂ ਉਪਰੰਤ ਭਿੰਨ ਸਥਾਨ ਤੋਂ ਉਚਰਿਆ ਜਾਣ ਵਾਲਾ ਸ੍ਵਰ ਆਉਂਦਾ ਹੈ ਤਾਂ ਇ / ਈ ਯ ਬਣ ਜਾਂਦੇ ਹਨ ਤੇ ਉ / ਊ ਵ ਬਣ ਜਾਂਦੇ ਹਨ; ਜਿਵੇਂ ਅਗਨਿ + ਆ = ਅਗਨਯਾ, ‘ਅੱਗ ਨਾਲ`, ਮਧੁ+ਆ = ਮਧੁਵਾ, ‘ਸ਼ਹਿਦ ਨਾਲ`, ਦੇਵੀ + ਆ = ਦੇਵਯਾ ਦੇਵੀ ਨਾਲ
ਗੁਰੂ ਗ੍ਰੰਥ ਸਾਹਿਬ ਵਿੱਚ ਸੰਧੀ ਦੇ ਕੁਝ ਨਮੂਨੇ ਵੇਖੋ:
ਪੀਤ+ਅੰਬਰ = ਪੀਤਾਂਬਰ (ਪੀਲੇ ਵਸਤਰਾਂ, ਭਗਵਾਨ ਕ੍ਰਿਸ਼ਨ) (ਇੱਥੇ ਇਹ ਵੀ ਵੇਖਣ ਵਾਲੀ ਗੱਲ ਹੈ ਕਿ ‘ਪੀਤ` ਲੱਗਦਾ ਤਾਂ ਇਉਂ ਹੈ ਕਿ ਇਹ -ਤ ਅੰਤਕ ਹੈ ਪਰੰਤੂ -ਤ ਉਪਰੰਤ ਇੱਕ ਛੋਟਾ ‘ਅ` ਹੈ ਤੇ ਬਹੁਤ ਵਾਰੀ ਇਹ ਛੋਟਾ ‘ਅ` ਕਈ ਖ਼ਾਸ ਸਥਿਤੀਆਂ ਵਿੱਚ ਪ੍ਰਗਟ ਹੁੰਦਾ ਹੈ ਜਿਵੇਂ ‘ਸੜਕ` ਵਿੱਚ /ਸ/ ਤੇ /ੜ/ ਤੋਂ ਬਾਅਦ ਇੱਕ ਛੋਟਾ /ਅ/ ਹੈ ਤੇ ਇਹ /-ਕ/ ਤੋਂ ਪਹਿਲਾਂ ਵਾਲਾ ਛੋਟਾ /ਅ/ ਬਹੁਵਚਨ ਵਿੱਚ ਲੋਪ ਹੋ ਜਾਂਦਾ ਹੈ ਜਿਵੇਂ ਸੜਕਾਂ ਵਿੱਚ।
‘ਅਚ ਸੰਧੀ` ਪੁਛ+ਅਪੁਛ = ਪੁਛਾਪੁਛ; ਮੁਖਅ+ ਅਰਬਿੰਦ=ਮੁਖਾਰਬਿੰਦ; ਤੁਰੀਆ+ਅਵਸਥਾ =ਤੁਰੀਆਵਸਥਾ; ਜੋਗਅ + ਈਸੁਰ = ਜੋਗੇਸ੍ਵਰ; ਪੁਰਖਅ + ਉਤਮੁ = ਪੁਰਖੋਤਮੁ
ਹਲ ਸੰਧੀ : ਜਗਨ + ਨਾਥ=ਜਗਨਨਾਥ ਜਾਂ ਜਗਨਾਥ
ਤਿਨ + ਨਰ = ਤਿਨਰ
ਨਕ + ਕਟੀ = ਨਕਟੀ
ਦਰਅਸਲ ਸੰਧੀ ਸੰਜੋਗਾਤਮਿਕ ਭਾਸ਼ਾਵਾਂ ਵਿੱਚ ਜ਼ਿਆਦਾ ਮਿਲਦੀ ਹੈ ਤੇ ਵਿਯੋਗਾਤਮਿਕ ਭਾਸ਼ਾਵਾਂ ਵਿੱਚ ਇਸ ਦਾ ਬਹੁਤ ਘੱਟ ਪ੍ਰਚਲਨ ਹੈ। ਸੰਜੋਗਾਤਮਿਕ ਭਾਸ਼ਾ ਤੋਂ ਸਾਡਾ ਭਾਵ ਹੈ ਉਹ ਭਾਸ਼ਾ ਜਿਸ ਵਿੱਚ ਵੱਖ-ਵੱਖ ਵਿਆਕਰਨਿਕ ਅੰਸ਼ ਇੱਕ ਦੂਸਰੇ ਵਿੱਚ ਸਮਾ ਜਾਂਦੇ ਹਨ, ਜਿਵੇਂ ‘ਪਟਿਆਲਿਉਂ` ਵਿੱਚ ਪਟਿਆਲਾ ਤੇ /ਇਓਂ/ ਦੋ ਅੰਸ਼ ਇੱਕ ਹੋ ਸਕਦੇ ਹਨ ਤੇ ਵਿਜੋਗਾਤਮਿਕ ਰੂਪ ਇਸੇ ਦਾ ਹੋ ਜਾਂਦਾ ਹੈ ‘ਪਟਿਆਲੇ ਤੋਂ`। ਅਜੋਕੀ ਬੋਲ-ਚਾਲ ਦੀ ਪੰਜਾਬੀ ਵਿੱਚ ਸੰਧੀ ਬਹੁਤ ਹੀ ਘੱਟ ਹੈ ਜਾਂ ਹੈ ਹੀ ਨਹੀਂ।
ਲੇਖਕ : ਪ੍ਰੇਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8236, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸੰਧੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਧੀ [ਨਾਂਇ] ਸਮਝੌਤਾ; ਮੇਲ਼, ਜੋੜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਧੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸੰਧੀ. ਦੇਖੋ, ਸੰਧਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਧੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਧੀ, ਇਸਤਰੀ ਲਿੰਗ : ੧. ਕਿਸੇ ਦੇਵਤਾ ਦੇ ਅਰਪਣ ਕੀਤਾ ਹੋਇਆ ਬਾਲ ਜਿਸ ਨੂੰ ਉਸ ਦੇ ਠਹਿਰਾਏ ਹੋਏ ਮੁੱਲ ਦਾ ਦਸਵਾਂ ਹਿੱਸਾ ਦੇ ਕੇ ਮਾਪੇ ਛੁਡਾ ਲੈਂਦੇ ਹਨ, ਦਸਵੰਧੀ, ਦੁਸੰਧੀ, ੨. ਅਹਿਦ ਨਾਮਾ, ਸਮਝੌਤਾ, ਸੁਲ੍ਹਾਨਾਮਾ, ਗੰਢ ਚਿਤਰਾਵਾ, ਮੇਲ ਮਿਲਾਪ, ੩. ਮੇਲ, ਜੋੜ ਦੇ ਵਸਤੂਆਂ ਨੂੰ ਜੋੜਨ ਦੀ ਕਿਰਿਆ; ੪. ਸਰੀਰ ਦੀਆਂ ਹੱਡੀਆਂ ਦੇ ਜੋੜ ਵਾਲੀ ਥਾਂ; ੫. ਵਿਆਕਰਣ ਅਨੁਸਾਰ ਦੋ ਅੱਖਰਾਂ ਦੇ ਮੇਲ ਤੋਂ ਉਤਪੰਨ ਅੱਖਰ ਵਿਕਾਰ
–ਤ੍ਰਿਕੁਟੀ ਸੰਧੀ, (ਇਤਿਹਾਸ ਦੀ ਪਰਿਭਾਸ਼ਾ) / ਇਸਤਰੀ ਲਿੰਗ : ਤਿੰਨ ਧਿਰਾਂ ਵਿਚ ਹੋਇਆ ਜਾਂ ਤਿੰਨ ਧਿਰਾਂ ਤੇ ਲਾਗੂ ਹੋਣ ਵਾਲਾ ਸਮਝੌਤਾ
–ਵਿਸ਼ਰਾਮ ਸੰਧੀ, (ਇਤਿਹਾਸ ਦੀ ਪਰਿਭਾਸ਼ਾ) / ਇਸਤਰੀ ਲਿੰਗ : ਕੁਝ ਸਮੇਂ ਵਾਸਤੇ ਲੜਾਈ ਬੰਦ ਕਰਨ ਲਈ ਕੀਤੀ ਸੁਲ੍ਹਾ
–ਸੰਧੀ ਕਾਲ, ਪੁਲਿੰਗ : ਸੰਝ, ਤ੍ਰਿਕਾਲਾਂ, ਸ਼ਾਮ ਵੇਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-02-53-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First