ਸੰਪਤੀ ਦਾ ਇੰਤਕਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Transfer of property_ਸੰਪਤੀ ਦਾ ਇੰਤਕਾਲ: ਸੰਪਤੀ ਦਾ ਇੰਤਕਾਲ ਐਕਟ, 1882 ਦੀ ਧਾਰਾ 5 ਵਿਚ ਸੰਪਤੀ ਦਾ ਇੰਤਕਾਲ ਵਾਕੰਸ਼ ਨੂੰ ਪਰਿਭਾਸ਼ਤ ਕਰਦੇ ਹੋਏ ਕਿਹਾ ਗਿਆ ਹੈ, ‘‘ਸੰਪਤੀ ਦੇ ਇੰਤਕਾਲ’ ਦਾ ਮਤਲਬ ਹੈ ਕੋਈ ਅਜਿਹਾ ਕੰਮ ਜਿਸ ਦੁਆਰਾ ਕੋਈ ਜਿਉਂਦਾ ਵਿਅਕਤੀ ਇਕ ਜਾ ਵਧੀਕ ਹੋਰ ਜਿਉਂਦੇ ਵਿਅਕਤੀਆਂ ਨੂੰ ਜਾਂ ਆਪਣੇ ਆਪ ਨੂੰ ਜਾਂ ਆਪਣੇ ਆਪ ਅਤੇ ਇਕ ਜਾਂ ਵੱਧ ਹੋਰ ਜਿਉਂਦੇ ਵਿਅਕਤੀਆਂ ਨੂੰ ਵਰਤਮਾਨ ਵਿਚ ਜਾਂ ਭਵਿਖ ਵਿਚ ਸੰਪਤੀ ਦੀ ਹੱਥ-ਬਦਲੀ ਕਰਦਾ ਹੈ’’ ਅਤੇ ‘ਸੰਪਤੀ ਦਾ ਇੰਤਕਾਲ ਕਰਨਾ’ ਕੋਈ ਅਜਿਹਾ ਕੰਮ ਕਰਨਾ ਹੈ।’’
ਸੁਨੀਲ ਸਿਧਾਰਥ ਭਾਈ ਬਨਾਮ ਕਮਿਸ਼ਨਰ ਆਫ਼ ਇਨਕਮ ਟੈਕਸ, ਅਹਿਮਦਾਬਾਦ, ਗੁਜਰਾਤ (ਏ ਆਈ ਆਰ 1986 ਐਸ ਸੀ 368) ਵਿਚ ਅਦਾਲਤ ਨੇ ਇੰਤਕਾਲ ਦੇ ਸੰਕਲਪ ਨੂੰ ਸਪਸ਼ਟ ਕਰਦਿਆਂ ਕਿਹਾ ਹੈ, ‘‘ਸਾਧਾਰਨ ਭਾਵ ਵਿਚ ਸੰਪਤੀ ਦੇ ਇੰਤਕਾਲ ਤੋਂ ਮਤਲਬ ਹੈ ਸੰਪਤੀ ਵਿਚਲੇ ਅਧਿਕਾਰਾਂ ਦਾ ਇਕ ਵਿਅਕਤੀ ਤੋਂ ਦੂਜੇ ਨੂੰ ਮਿਲਣਾ। ਇਕ ਸੂਰਤ ਅਜਿਹੀ ਹੋ ਸਕਦੀ ਹੈ ਜਿਸ ਵਿਚ ਸੰਪਤੀ ਵਿਚਲੇ ਇੰਤਕਾਲਕਾਰ ਦੇ ਸਭ ਅਧਿਕਾਰਾਂ ਦਾ ਸਮੂਹ ਇੰਤਕਾਲ-ਪਾਤਰ ਨੂੰ ਮਿਲ ਸਕਦਾ ਹੈ। ਇਕ ਹੋਰ ਸੂਰਤ ਅਜਿਹੀ ਹੋ ਸਕਦੀ ਹੈ ਜਿਸ ਵਿਚ ਇੰਤਕਾਲਕਾਰ ਸੰਪਤੀ ਵਿਚਲੇ ਆਪਣੇ ਅਧਿਕਾਰਾਂ ਦੇ ਬੰਡਲ ਵਿਚੋਂ ਕੇਵਲ ਇਕ ਅਧਿਕਾਰ ਕਿਸੇ ਹੋਰ ਵਿਅਕਤੀ ਨੂੰ ਦੇ ਸਕਦਾ ਹੈ। ਤੀਜੀ ਸੂਰਤ ਉਹ ਹੋ ਸਕਦੀ ਹੈ ਜਿਸ ਵਿਚ ਮੂਲ ਮਾਲਕ ਦੇ ਕੁਲੀ (exclusive) ਹਿਤ ਵਿਚ ਕਮੀ ਆ ਸਕਦੀ ਹੈ ਅਤੇ ਜਿਹੜੇ ਕੁਲ ਅਧਿਕਾਰ ਕਿਸੇ ਸੰਪਤੀ ਵਿਚ ਉਸ ਦੇ ਹਨ ਉਨ੍ਹਾਂ ਸਭਨਾਂ ਵਿਚ ਕੋਈ ਹੋਰ ਵਿਅਕਤੀ ਉਨ੍ਹਾਂ ਸਭਨਾਂ ਅਧਿਕਾਰਾਂ ਅਥਵਾ ਸਮੁੱਚੇ ਹਿੱਤ ਵਿਚ ਉਸ ਦਾ ਸ਼ਰੀਕ ਆ ਬਣਦਾ ਹੈ। ਕਿਸੇ ਸੰਪਤੀ ਵਿਚ ਸਮੁੱਚਾ ਹਿੱਤ ਉਸ ਸੰਪਤੀ ਵਿਚ ਹਿੱਸੇ ਆਉਂਦੇ ਹਿੱਤ ਨਾਲ ਸਭ ਤੋਂ ਵੱਡਾ ਹਿੱਤ ਹੁੰਦਾ ਹੈ। ਜਿਸ ਹਦ ਤਕ ਉਸ ਕੁਲੀ ਹਿਤ ਦੀ ਸਮੁੱਚਤਾ ਵਿਚ ਕਮੀ ਆਉਂਦੀ ਹੈ ਉਸ ਹਦ ਤਕ ਉਹ ਹਿੱਤ ਮੁੰਤਕਿਲ ਹੋ ਗਿਆ ਸਮਝਿਆ ਜਾਂਦਾ ਹੈ। ਇਸ ਲਈ ਜਦੋਂ ਭਾਈਵਾਲੀ ਫ਼ਰਮ ਵਿਚ ਕੋਈ ਵਿਅਕਤੀ ਆਪਣਾ ਨਿਜੀ ਧਨ (asset) ਰਲਾਉਂਦਾ ਹੈ ਤਾਂ ਉਹ ਆਪਣੇ ਨਿਜੀ ਧਨ ਉਤੇ ਕੁਲੀ ਇਖ਼ਤਿਆਰਾਂ ਵਿਚ ਕਮੀ ਲਿਆਉਂਦਾ ਹੈ, ਭਾਵੇਂ ਉਹ ਹਿੱਸੇ ਦੇ ਧਨ ਵਿਚ ਅਧਿਕਾਰ ਹਾਸਲ ਕਰਦਾ ਹੈ। ਇਸ ਤਰ੍ਹਾਂ ਉਹ ਆਪਣੇ ਨਿਜੀ ਧਨ ਤੇ ਆਪਣੇ ਅਧਿਕਾਰਾਂ ਨੂੰ ਪੂਰੇ ਤੌਰ ਤੇ ਖੋ ਨਹੀਂ ਬੈਠਦਾ ਪਰ ਜਿਸ ਚੀਜ਼ ਦਾ ਉਹ ਮਾਲਕ ਬਣਦਾ ਹੈ ਉਹ ਸੰਕੁਚਿਤ ਅਧਿਕਾਰ ਹੈ, ਜੋ ਪੂਰੇ ਅਧਿਕਾਰ ਤੋਂ ਵਖਰੀ ਚੀਜ਼ ਹੈ, ਜੋ ਭਾਈਵਾਲੀ ਦੀ ਸੰਪਤੀ ਬਣਨ ਤੋਂ ਪਹਿਲਾਂ ਉਸ ਦਾ ਸੀ।
ਇਸੇ ਤਰ੍ਹਾਂ ਕਮਿਸ਼ਨਰ ਆਫ਼ ਗਿਫ਼ਟ ਟੈਕਸ ਬਨਾਮ ਸਤਿਆਨਾਰਾਇਨ ਮੂਰਤੀ (ਏ ਆਈ ਆਰ 1965 ਅ.ਪ. 95) ਵਿਚ ਆਂਧਰਾ ਪ੍ਰਦੇਸ਼ ਉੱਚ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵਿਅਕਤੀ ਦਾ ਆਪਣੀ ਸਵੈ-ਅਰਜਤ ਸੰਪਤੀ ਦਾ ਸਾਂਝੇ ਪਰਿਵਾਰ ਦੀ ਸੰਪਤੀ ਵਿਚ ਪਰਿਵਰਤਨ ਕਰਨਾ ਗਿਫ਼ਟ ਟੈਕਸ ਐਕਟ, 1958, ਧਾਰਾ 2(XII) ਦੇ ਪ੍ਰਯੋਜਨਾਂ ਲਈ ਗਿਫ਼ਟ ਸਮਝਿਆ ਜਾ ਸਕਦਾ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਇਸ ਵਿਹਾਰ ਨਾਲ ਸੰਪਤੀ ਦੇ ਮਾਲਕ ਨੇ ਆਪਣੇ ਆਪ ਨੂੰ ਉਸ ਸੰਪਤੀ ਤੋਂ ਨਿਰਨਿਹਿਤ (divested) ਕਰ ਲਿਆ ਹੈ ਅਤੇ ਸਾਂਝੇ ਹਿੰਦੂ ਪਰਿਵਾਰ ਦੀ ਸੰਪਤੀ ਵਿਚ ਉਹ ਸੰਪਤੀ ਨਿਹਿਤ ਕਰ ਦਿੱਤੀ ਹੈ। ਇਸ ਤਰ੍ਹਾਂ ਕਰਕੇ ਉਸ ਨੇ ਸੰਪਤੀ ਦੀ ਮਾਲਕੀ ਬਦਲ ਦਿੱਤੀ ਹੈ। ਜੇ ਇਹ ਖੰਡ (XXIV) (ਡੀ) ਦੇ ਅਰਥਾਂ ਵਿਚ ਸੰਪਤੀ ਦਾ ਇੰਤਕਾਲ ਹੈ ਤਾਂ ਇਹ ਖੰਡ (XII) ਅਤੇ ਧਾਰਾ 4 ਵਿਚ ਦਸੇ ਅਨੁਸਾਰ ਗਿਫ਼ਟ ਹੈ।
ਲੇਕਿਨ ਕਮਿਸ਼ਨਰ ਆਫ਼ ਇਨਕਮ ਟੈਕਸ ਬਨਾਮ ਕੇਸ਼ਵ ਨਾਥ ਲਲਾ ਭਾਈ ਪਟੇਲ [(1955) 2 ਐਸ ਸੀ ਆਰ 100 (ਐਸ ਸੀ)] ਅਨੁਸਾਰ ਸਾਂਝੇ ਹਿੰਦੂ ਪਰਿਵਾਰ ਦੀ ਸੰਪਤੀ ਦੇ ਬਟਵਾਰੇ ਨੂੰ ਕਰੜੇ ਅਰਥਾਂ ਵਿਚ ਸੰਪਤੀ ਦਾ ਇੰਤਕਾਲ ਨਹੀਂ ਕਿਹਾ ਜਾ ਸਕਦਾ। ਮਦਰਾਸ ਉੱਚ ਅਦਾਲਤ ਨੇ ਵੀ ਗੀਤਾ ਬਨਾਮ ਰਾਧਾ ਕ੍ਰਿਸ਼ਨੈਯਾ (ਆਈ ਐਲ ਆਰ 1951 ਮਦਰਾਸ 607) ਵਿਚ ਸੁੱਬਾ ਰਾਉ ਜੇ. ਨੇ ਵੀ ਕਰਾਰ ਦਿੱਤਾ ਸੀ ਕਿ ਸਾਂਝੇ ਹਿੰਦੂ ਪਰਿਵਾਰ ਦੀ ਸੰਪਤੀ ਦੇ ਬਟਵਾਰੇ ਨੂੰ ਸੰਪਤੀ ਦਾ ਇੰਤਕਾਲ ਨਹੀਂ ਕਿਹਾ ਜਾ ਸਕਦਾ। ਸੁੱਬਾ ਰਾਉ, ਜੇ. ਅਨੁਸਾਰ ਬਟਵਾਰਾ, ਦਰਅਸਲ ਇਕ ਅਮਲ ਹੈ ਜਿਸ ਦੁਆਰਾ ਵਖਰਾ ਵਖਰਾ ਉਪਭੋਗ ਸਾਂਝੇ ਉਪਭੋਗ ਦੀ ਥਾਂ ਲੈਂਦਾ ਹੈ।
ਜਗਨ ਨਾਥ ਬਨਾਮ ਪੰਜਾਬ ਰਾਜ [(1962) 64 ਪੀ ਐਲ ਆਰ 22 (ਪੰਜ)] ਵਿਚ ਪੰਜਾਬ ਉੱਚ ਅਦਾਲਤ ਵੀ ਇਸ ਸਿੱਟੇ ਤੇ ਪਹੁੰਚੀ ਸੀ ਕਿ ਸਾਂਝੇ ਪਰਿਵਾਰ ਦੀ ਸੰਪਤੀ ਦੇ ਬਟਵਾਰੇ ਨੂੰ ਸੰਪਤੀ ਦਾ ਇੰਤਕਾਲ ਨਹੀਂ ਕਿਹਾ ਜਾ ਸਕਦਾ।
ਸਰਵ ਉੱਚ ਅਦਾਲਤ ਨੇ ਕਮਿਸ਼ਨਰ ਆਫ਼ ਗਿਫ਼ਟ ਟੈਕਸ ਬਨਾਮ ਐਨ.ਐਸ.ਗੈਟੀ ਚੇਤੀਅਰ [(1971) 82 ਆਈ ਟੀ ਆਰ 599 (ਐਸ ਸੀ)] ਵਿਚ ‘ਦ ਗਿਫ਼ਟ ਟੈਕਸ ਐਕਟ, 1958 ਦੀ ਧਾਰਾ 2 (XXIV) ਵਿਚ ਆਉਂਦੇ ਇੰਤਕਾਲ ਨਾਲ ਰਲਦੇ ਸ਼ਬਦਾਂ ਦੇ ਪ੍ਰਸੰਗ ਅਨੁਸਾਰ ਅਰਥ ਦਸਦਿਆਂ ਕਿਹਾ ਹੈ ਕਿ ਉਸ ਖੰਡ ਵਿਚ (disposition) ਦਾ ਮਤਲਬ ਮਾਲਕੀ ਦਾ ਇੰਤਕਾਲ, assignment ਦਾ ਮਤਲਬ ਹੈ ਕਿਸੇ ਦਾਅਵੇ, ਅਧਿਕਾਰ ਜਾਂ ਸੰਪਤੀ ਕਿਸੇ ਹੋਰ ਨੂੰ ਮੁੰਤਕਿਲ ਕਰਨਾ, Settlement ਦਾ ਮਤਲਬ ਹੈ ਕਿਸੇ ਹੋਰ ਦੇ ਫ਼ਾਇਦੇ ਲਈ ਕਿਸੇ ਅਧਿਕਾਰ, ਦਾਅਵੇ ਜਾਂ ਸੰਪਤੀ ਦਾ ਨਿਪਟਾਰਾ ਕਰਨਾ ਅਤੇ ਹਵਾਲਗੀ (delivery) ਦਾ ਇਥੇ ਮਤਲਬ ਹੈ ਆਪਣੀ ਸੰਪਤੀ ਦੀ ਕਿਸੇ ਹੋਰ ਨੂੰ ਬਦਲ ਤੋਂ ਬਿਨਾਂ ਹਵਾਲਗੀ ਅਤੇ ਅਦਾਇਗੀ ਦਾ ਮਤਲਬ ਹੈ ਧਨ ਦੇ ਰੂਪ ਵਿਚ ਉਪਹਾਰ ਦੇਣਾ। ਇਸ ਤਰ੍ਹਾਂ ਅਦਾਲਤ ਅਨੁਸਾਰ, ਅਣਵੰਡੇ ਹਿੰਦੂ ਪਰਿਵਾਰ ਦਾ ਬਟਵਾਰਾ ਇਨ੍ਹਾਂ ਸ਼ਬਦਾਂ ਦੇ ਅਰਥਾਂ ਵਿਚੋਂ ਕਿਸੇ ਅਧੀਨ ਨਹੀਂ ਆਉਂਦਾ ਅਤੇ ਉਸ ਨੂੰ ਸੰਪਤੀ ਦਾ ਇੰਤਕਾਲ ਨਹੀਂ ਕਿਹਾ ਜਾ ਸਕਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First