ਸੱਭਿਆਚਾਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Culture (ਕਅੱਲਚਅ*) ਸੱਭਿਆਚਾਰ: ਸਮੂਹਿਕ ਮਾਨਸਿਕ ਤੇ ਅਧਿਆਤਮਿਕ ਸਾਖਿਆਤਾਵਾਂ (visible) (ਸੁਹਜਾਤਮਿਕ ਪ੍ਰਤੱਖ ਗਿਆਨ, ਇਤਕਾਦ, ਵਿਚਾਰ, ਚਿੰਨ੍ਹ, ਕਦਰਾਂ-ਕੀਮਤਾਂ, ਆਦਿ), ਵਿਵਹਾਰਿਕ ਰੂਪ ਤੇ ਸਮਾਜਿਕ ਬਣਤਰਾਂ (ਸੰਗਠਨਾਂ ਦੇ ਢੰਗ, ਰੀਤੀ-ਰਿਵਾਜਾਂ, ਗੁੱਟਾਂ, ਅਦਾਰੇ ਆਦਿ) ਅਤੇ ਨਾਲ ਹੀ ਪਦਾਰਥ ਤੇ ਕਲਾਨਾਤਮਿਕ ਸਾਖਿਆਤਾਵਾਂ (ਔਜ਼ਾਰ, ਇਮਾਰਤਾਂ, ਕਲਾ ਦੇ ਕੰਮ, ਆਦਿ) ਜੋ ਲੋਕਾਂ ਦੁਆਰਾ ਰੂਪਵਾਨ ਤੇ ਨਿਰਮਾਣਿਤ ਕੀਤੇ ਹੁੰਦੇ ਹਨ ਜਿਹੜੇ ਕਿ ਸਮਾਜ ਨੂੰ ਵਿਸ਼ੇਸ਼ਤਾਉਂਦੇ ਹਨ। ਇਹ ਸਭ ਮਿਲਕੇ ਇਕ ਸੱਭਿਆਚਾਰ ਬਣਾਉਂਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸੱਭਿਆਚਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਭਿਆਚਾਰ [ਨਾਂਪੁ] ਸੱਭਿਅਕ ਜੀਵਨ-ਜਾਂਚ ਦਾ ਭਾਵ, ਸੰਸਕ੍ਰਿਤੀ, ਇਖ਼ਲਾਕ, ਨੇਕ ਵਰਤਾਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11425, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਭਿਆਚਾਰ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸੱਭਿਆਚਾਰ : ਮਨੁੱਖ ਦੇ ਇੱਕ ਉੱਚਤਮ ਸ਼ਖ਼ਸੀਅਤ ਬਣਨ ਸੰਬੰਧੀ ਜੋ ਗੁਣ ਪਾਏ ਗਏ ਹਨ, ਉਹ ਜਿੱਥੇ ਉਸ ਦੇ ਵੰਸ਼-ਅਣੂ ਤੋਂ ਬਣੇ ਹੁੰਦੇ ਹਨ, ਉੱਥੇ ਉਸ ਦੇ ਸੰਬੰਧਿਤ ਸਮਾਜ ਖ਼ਾਸ ਕਰਕੇ ਸੱਭਿਆਚਾਰ ਅਤੇ ਸੱਭਿਅਤਾ ਦਾ ਕਾਫ਼ੀ ਵੱਡਾ ਯੋਗਦਾਨ ਹੁੰਦਾ ਹੈ। ਮਨੁੱਖ ਦੀ ਸ਼ਖ਼ਸੀਅਤ ਅਤੇ ਉਸ ਦਾ ਜੀਵਨ ਸੱਭਿਆਚਾਰ ਦੀਆਂ ਪਰਿਸਥਿਤੀਆਂ ਅਨੁਸਾਰ ਬਣਦਾ ਹੈ। ਦੂਸਰੇ ਸ਼ਬਦਾਂ ਵਿੱਚ ਬਿਨਾਂ ਸੱਭਿਆਚਾਰ ਅਤੇ ਸੱਭਿਅਤਾ ਦੇ ਮਨੁੱਖ, ਵਾਕਈ ਹੀ ਇੱਕ ਪਸੂ ਹੈ। ਸੱਭਿਆਚਾਰ ਮਨੁੱਖ ਦੀ ਸ਼ਖ਼ਸੀਅਤ ਅਤੇ ਜੀਵਨ ਦੀ ਆਧਾਰਸ਼ਿਲਾ ਹੈ। ਸੱਭਿਆਚਾਰ ਦਾ ਅੰਗਰੇਜ਼ੀ ਵਿੱਚ ਅਨੁਵਾਦਿਤ ਸ਼ਬਦ ‘Culture’ ਇੱਕ ਹੋਰ ਅੰਗਰੇਜ਼ੀ ਸ਼ਬਦ ‘Cultivate’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ‘ਵਧਣਾ, ਵਿਕਸਿਤ ਹੋਣਾ ਜਾਂ ਵਿਸਥਾਰ ਹੋਣਾ।’ ਸੰਸਕ੍ਰਿਤੀ-‘ਸਮ’ ਅਤੇ ‘ਕ੍ਰਿਤੀ’ ਦਾ ਮੇਲ ਹੈ। ‘ਸਮ’ ਤੋਂ ਭਾਵ ਸੁੰਦਰ (Beautiful) ਅਤੇ ‘ਕ੍ਰਿਤੀ’ ਤੋਂ ਭਾਵ-ਕਿਰਤ ਜਾਂ ਕਰਮ (Actions)। ਸੁੰਦਰ ਕਰਮ ਜਾਂ ਉਹ ਕਮਜ਼ੋਰ ਮਨੁੱਖੀ ਜੀਵਨ ਅਤੇ ਫਿਰ ਸਮਾਜ ਨੂੰ ਸੁੰਦਰ ਬਣਾਉਂਦੇ ਹਨ। ਸੰਸਕ੍ਰਿਤੀ ਆਪਣੇ ਸਰੂਪ ਪੱਖੋਂ ਸਮਾਜਿਕ ਅਤੇ ਵਧੇਰੇ ਨੈਤਿਕ ਹੈ। ਮੁੱਖ ਰੂਪ ਵਿੱਚ ਸੱਭਿਆਚਾਰ ਸਮਾਜ ਵਿੱਚ ਇੱਕ ਅਜਿਹੇ ਮਾਹੌਲ ਦੇ ਵਿਚਾਰ ਤੋਂ ਹੈ ਜਿਸ ਅਧੀਨ ਮਨੁੱਖ ਆਪਣਾ ਚਹੁੰ-ਤਰਫ਼ਾ ਵਿਕਾਸ ਕਰ ਪਾਉਂਦਾ ਹੈ। ਮਾਨਵ ਸ਼ਾਸਤਰੀਆਂ ਨੇ ਸੱਭਿਆਚਾਰ ਨੂੰ ਮਨੁੱਖ ਦੁਆਰਾ ਬਣਾਇਆ ਸੰਪੂਰਨ ਵਾਤਾਵਰਨ ਕਿਹਾ ਹੈ, ਜਿਸ ਵਿੱਚ ਮਨੁੱਖ ਰਹਿੰਦਾ ਹੈ, ਸੋਚਦਾ ਹੈ, ਕਾਰਜ ਕਰਦਾ ਹੈ, ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਗੁਣ, ਆਦਤਾਂ, ਪ੍ਰਥਾਵਾਂ ਅਤੇ ਪਰੰਪਰਾਵਾਂ ਸਿੱਖਦਾ ਹੈ। ਸੱਭਿਆਚਾਰਿਕ ਉਹਨਾਂ ਆਦਰਸ਼ਾਂ ਦਾ ਨਾਮ ਹੈ, ਜੋ ਨਿੱਜੀ ਜੀਵਨ ਅਤੇ ਸਮਾਜਿਕ ਵਿਕਾਸ ਲਈ ਜ਼ਰੂਰੀ ਹਨ।

  • Maclver ਦਾ ਵਿਚਾਰ ਹੈ, “ਗਤੀਸ਼ੀਲ ਸਮਾਜਿਕ ਬਦਲਾਵ ਹੀ ਸੱਭਿਆਚਾਰਿਕ ਹੈ।”
  • P.A. Sorokin ਨੇ ਕਿਹਾ ਹੈ ਕਿ, “ਸੱਭਿਆਚਾਰ ਉਸ ਸਭ ਦਾ ਮੇਲ ਹੈ, ਜੋ ਦੋ ਜਾਂ ਵਧੇਰੇ ਮਨੁੱਖਾਂ ਦੀਆਂ ਚੇਤਨ ਅਤੇ ਅਚੇਤਨ ਗਤੀਵਿਧੀਆਂ ਰਾਹੀਂ ਬਣਾਇਆ ਜਾਂ ਸੁਧਾਰਿਆ ਜਾਂਦਾ ਹੈ।”

ਸੱਭਿਆਚਾਰ ਦੇ ਸਰੂਪ ਦੇ ਆਧਾਰ ਤੇ ਅਸੀਂ ਇਸ ਨੂੰ ਦੋ ਰੂਪਾਂ ਵਿੱਚ ਵੰਡ ਸਕਦੇ ਹਾਂ :

1.        ਵਿਅਕਤੀਗਤ ਜਾਂ ਆਤਮਗਤ

2.       ਰਾਸ਼ਟਰੀ ਜਾਂ ਵਸਤੂਗਤ।

ਅਸੀਂ ‘ਸੱਭਿਆਚਾਰਿਕ ਮਨੁੱਖ’ ਜਾਂ ‘ਅਸੱਭਿਅਕ ਮਨੁੱਖ’ ਬਾਰੇ ਚੰਗੀ ਤਰ੍ਹਾਂ ਜਾਣੂੰ ਹਾਂ। ਹਰ ਮਨੁੱਖ ਦਾ ਆਪਣਾ ਵਿਅਕਤੀਗਤ ਸੱਭਿਆਚਾਰ ਹੁੰਦਾ ਹੈ। ਇਹ ਉਹ ਸੱਭਿਆਚਾਰ ਹੈ, ਜੋ ਕਿਸੇ ਦੇ ਵਿਅਕਤੀਗਤ ਦੀ ਸ੍ਰੇਸ਼ਠਤਾ ਨਾਲ ਸੰਬੰਧਿਤ ਹੈ। ਇਸ ਦੇ ਉਲਟ ਜਦ ਮਨੁੱਖ ਆਪਣੇ ਸਮਾਜ ਜਾਂ ਆਪਣੇ ਆਪ ਤੋਂ ਬਾਹਰ ਇਹ ਸਭ ਕੁਝ ਕਰਦਾ ਹੈ, ਉਹ ਰਾਸ਼ਟਰੀ ਸੱਭਿਆਚਾਰ ਬਣਾਉਂਦਾ ਹੈ।

  • ਸੱਭਿਆਚਾਰ ਕੇਵਲ ਮਨੁੱਖੀ ਸੰਬੰਧਾਂ ਕਾਰਨ ਹੀ ਹੋਂਦ ਰੱਖਦਾ ਹੈ।
  • ਸੱਭਿਆਚਾਰ ਸਿੱਖਿਆ ਰਾਹੀਂ ਅੱਗੇ ਭੇਜਿਆ ਜਾਂਦਾ ਹੈ।
  • ਸੱਭਿਆਚਾਰ ਮਨੁੱਖੀ ਦੌੜ ਦੀ ਸਮ੍ਰਿਤੀ ਹੈ।
  • ਸੱਭਿਆਚਾਰ ਇੱਕ ਦੂਸਰੇ ਨਾਲ ਵੰਡਿਆ ਜਾਂਦਾ ਹੈ।
  • ਸੱਭਿਆਚਾਰ ਆਪਣੇ ਅਸਤਿਤਵ ਲਈ ਸਮੂਹ ਜੀਵਨ ਤੇ ਨਿਰਭਰ ਹੈ।
  • ਸੱਭਿਆਚਾਰ ਸੁਪਰ ਜੈਵਿਕ ਹੈ।
  • ਸੱਭਿਆਚਾਰ ਜੀਵਨ ਦੀ ਰਾਹ ਜਾਂ ਜੀਵਨ ਲਈ ਰੂਪ-ਰੇਖਾ ਹੈ।
  • ਸੱਭਿਆਚਾਰ ਸਾਨੂੰ ਮਨੁੱਖ ਬਣਾਉਂਦਾ ਹੈ।
  • ਸੱਭਿਆਚਾਰ ਹਮੇਸ਼ਾਂ ਸਾਕਾਰਾਤਮਿਕ ਅਤੇ ਆਦਰਸ਼ਾਤਮਿਕ ਹੁੰਦਾ ਹੈ।
  • ਸੱਭਿਆਚਾਰ ਰਚਨਾਤਮਿਕ ਅਤੇ ਚੇਤਨ ਕੋਸ਼ਿਸ਼ਾਂ ਦਾ ਪ੍ਰਗਟਾਵਾ ਹੈ।
  • ਸੱਭਿਆਚਾਰ ਇੱਕ ਸੰਘਰਸ਼ ਕਰ ਰਹੇ ਮਨੁੱਖ ਨੂੰ ਹੱਦਾਂ ਤੋਂ ਉੱਪਰ ਉੱਠਣ ਵਿੱਚ ਮਦਦ ਕਰਦਾ ਹੈ।

ਸੱਭਿਆਚਾਰ ਨੂੰ ਬਣਾਉਣ ਵਾਲੇ ਤੱਤ :

ਰੀਤੀ ਰਿਵਾਜ ਅਤੇ ਪਰੰਪਰਾਵਾਂ : ਸਧਾਰਨ ਸ਼ਬਦਾਂ ਵਿੱਚ ਇੱਕ ਸਮਾਜ ਦੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਹੀ ਸੱਭਿਆਚਾਰ ਸਮਝਿਆ ਜਾਂਦਾ ਹੈ, ਇਸ ਤੋਂ ਭਾਵ ਰੀਤੀ-ਰਿਵਾਜ ਇੱਕ ਸੱਭਿਆਚਾਰ ਦਾ ਅਟੁੱਟਵਾਂ ਅੰਗ ਹੁੰਦੇ ਹਨ। ਇੱਕ ਸਮਾਜ ਉਸ ਦੇ ਸੱਭਿਆਚਾਰ ਤੋਂ ਪਹਿਚਾਣਿਆ ਜਾਂਦਾ ਹੈ ਅਤੇ ਸੱਭਿਆਚਾਰ ਉਸ ਦੇ ਰੀਤੀ-ਰਿਵਾਜ ਦੀ ਛਾਪ ਹੁੰਦੇ ਹਨ।

ਵਿਚਾਰਧਾਰਾਵਾਂ ਅਤੇ ਜੀਵਨ ਪ੍ਰਤਿ ਸੋਚ : ਹਰ ਸੱਭਿਆਚਾਰ ਵਿੱਚ ਇੱਕ ਵੱਖਰੇ ਕਿਸਮ ਦੀਆਂ ਵਿਚਾਰਧਾਰਾਵਾਂ ਹੁੰਦੀਆਂ ਹਨ, ਜੋ ਉਸ ਦੀ ਪਹਿਚਾਣ ਬਣਦੀਆਂ ਹਨ। ਇਹ ਵਿਚਾਰਧਾਰਾਵਾਂ ਜਾਂ ਜੀਵਨ ਪ੍ਰਤਿ ਸੋਚ ਉਹਨਾਂ ਦੇ ਸਮਾਜ ਅਤੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ।

ਕਨੂੰਨੀ ਵਿਵਸਥਾ : ਹਰ ਸੱਭਿਆਚਾਰ ਦਾ ਕਨੂੰਨ ਜਾਂ ਕਨੂੰਨੀ ਵਿਵਸਥਾ ਵੀ ਉਸ ਦੇ ਅਮੀਰ ਸੱਭਿਆਚਾਰ ਹੋਣ ਦਾ ਸਬੂਤ ਹੈ, ਜਿਸ ਸੱਭਿਆਚਾਰ ਵਿੱਚ ਕਨੂੰਨ ਮਜ਼ਬੂਤ ਹੋਵੇਗਾ, ਉਸ ਦੀ ਵੱਖੋ-ਵੱਖ ਪਾਲਣਾ ਹੁੰਦੀ ਹੋਵੇਗੀ, ਉਸ ਨੂੰ ਵਧੇਰੇ ਮਜ਼ਬੂਤ ਅਤੇ ਅਮੀਰ ਮੰਨਿਆ ਜਾਂਦਾ ਹੈ।

ਸਮਾਜਿਕ ਵਿਸ਼ਵਾਸ : ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਤੋਂ ਅਲੱਗ ਕੁਝ ਹੋਰ ਸਮਾਜਿਕ ਵਿਸ਼ਵਾਸ ਵੀ ਸੱਭਿਆਚਾਰ ਨੂੰ ਬਣਾਉਂਦੇ ਹਨ। ਅੰਧ-ਵਿਸ਼ਵਾਸ ਅਖਾਣ, ਕਹਾਵਤਾਂ, ਬੁਝਾਰਤਾਂ ਆਦਿ ਵੀ ਕਿਸੇ ਇੱਕ ਸੱਭਿਆਚਾਰ ਦੀ ਪਹਿਚਾਣ ਬਣਾਉਂਦੇ ਹਨ।

ਸਮਾਜਿਕ ਆਦਰਸ਼ : ਸਮਾਜ ਦੇ ਕੁਝ ਆਦਰਸ਼ ਵੀ ਉਸ ਦੇ ਸੱਭਿਆਚਾਰ ਦੀ ਝਲਕ ਦਿੰਦੇ ਹਨ। ਇਹ ਆਦਰਸ਼ ਸਮਾਜ ਦੀ ਅੰਦਰੂਨੀ ਵਿਵਸਥਾ ਅਤੇ ਮਜ਼ਬੂਤੀ ਨੂੰ ਬਣਾਈ ਰੱਖਣ ਲਈ ਇੱਕ ਪ੍ਰਮੁਖ ਭੂਮਿਕਾ ਨਿਭਾਉਂਦੇ ਹਨ।

ਭਾਸ਼ਾ ਅਤੇ ਸਾਹਿਤ : ਦੂਸਰੇ ਤੱਤ ਵਾਂਗ ਸਮਾਜ ਦੀ ਭਾਸ਼ਾ ਉਸ ਦੀ ਪਹਿਚਾਣ ਹੈ। ਵੱਖੋ-ਵੱਖ ਖੇਤਰਾਂ ਦੀਆਂ ਵੱਖੋ-ਵੱਖ ਭਾਸ਼ਾਵਾਂ ਉਸ ਦੇ ਹੋਰ ਸੱਭਿਆਚਾਰ ਨਾਲੋਂ ਅੰਤਰ ਪੇਸ਼ ਕਰਦੀਆਂ ਹਨ।

ਧਰਮ ਅਤੇ ਧਾਰਮਿਕ ਸੰਸਥਾਵਾਂ : ਧਰਮ ਵੀ ਸੱਭਿਆਚਾਰ ਦਾ ਪ੍ਰਮੁਖ ਅੰਗ ਹੈ। ਇਹਨਾਂ ਦੋਵਾਂ ਵਿੱਚ ਗੂੜ੍ਹਾ ਸੰਬੰਧ ਹੈ। ਧਰਮ ਸੱਭਿਆਚਾਰ ਦਾ ਉਹ ਜੀਵਨ ਪੱਖ ਹੈ ਜੋ ਮਨੁੱਖ ਦੇ ਸਿਰ ਕੱਢਵੇਂ ਆਦਰਸ਼, ਕਦਰਾਂ-ਕੀਮਤਾਂ, ਗੁਣ, ਨਿਮਰਤਾ, ਦਇਆ, ਪਵਿੱਤਰਤਾ, ਪ੍ਰੇਮ, ਭਾਈਚਾਰਾ, ਸਦਭਾਵਨਾ, ਸਹਿਣਸ਼ੀਲਤਾ ਆਦਿ ਨੂੰ ਵਿਕਸਿਤ ਕਰਦਾ ਹੈ।

ਲੋਕ ਰਵਾਇਤਾਂ ਅਤੇ ਤਿਉਹਾਰ : ਲੋਕ ਰਵਾਇਤਾਂ ਤੋਂ ਭਾਵ ਲੋਕਾਂ ਵਿੱਚ ਪ੍ਰਚਲਿਤ ਰਵਾਇਤਾਂ, ਗੀਤ, ਨਾਚ ਇਹਨਾਂ ਰਵਾਇਤਾਂ ਦਾ ਹਿੱਸਾ ਹਨ। ਪੰਜਾਬ ਦੇ ਟੱਪੇ, ਗਿੱਧਾ, ਭੰਗੜਾ ਹਰਿਆਣੇ ਦੀਆਂ ਰਾਗਨੀਆਂ, ਬੰਗਾਲ ਦੇ ਮਛੇਰਿਆਂ ਦੇ ਗੀਤ ਆਦਿ ਸੱਭਿਆਚਾਰ ਦੀ ਝਲਕ ਦਿੰਦੇ ਹਨ।

ਪਦਾਰਥਕ ਪ੍ਰਾਪਤੀਆਂ ਅਤੇ ਤਕਨੀਕੀਕਰਨ : ਹਰ ਸਮਾਜ ਦੇ ਮੈਂਬਰਾਂ ਰਾਹੀਂ ਆਪਣੀ ਮਿਹਨਤ ਰਾਹੀਂ ਜੋ ਕੁਝ ਪ੍ਰਾਪਤ ਕੀਤਾ ਜਾਂਦਾ ਹੈ, ਉਹ ਵੀ ਉਹਨਾਂ ਦੇ ਸੱਭਿਆਚਾਰ ਦਾ ਅੰਗ ਹੀ ਹੁੰਦਾ ਹੈ।

ਖਾਣ-ਪੀਣ ਅਤੇ ਪਹਿਰਾਵਾ : ਹੋਰ ਤੱਤਾਂ ਦੀ ਤਰ੍ਹਾਂ ਖਾਣਾ-ਪੀਣਾ ਖ਼ਾਸ ਕਰਕੇ ਸੱਭਿਆਚਾਰ ਦੀ ਪਹਿਚਾਣ ਬਣਦਾ ਹੈ, ਬਹੁਤੇ ਸਮਾਜ ਦੀ ਪਹਿਚਾਣ ਇਹਨਾਂ ਖਾਣ-ਪੀਣ ਦੇ ਵੱਖੋ-ਵੱਖ ਅਨੋਖੇ ਅੰਦਾਜ਼ਾਂ ਕਾਰਨ ਹੁੰਦੀ ਹੈ। ਜਿਵੇਂ ਪੰਜਾਬ ਵਿੱਚ ਸਾਗ ਅਤੇ ਮੱਕੀ ਦੀ ਰੋਟੀ, ਲੱਸੀ, ਕੜੀ, ਦੱਖਣੀ ਭਾਰਤ ਵਿੱਚ ਡੋਸਾ, ਇਡਲੀ, ਬੜਾ ਉਤਪਮ, ਸਾਂਵਰ ਆਦਿ।


ਲੇਖਕ : ਰਾਜਵਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 7940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-18-02-28-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.