ਸੱਸੀ ਪੁੰਨੂੰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸੱਸੀ ਪੁੰਨੂੰ: ਸੱਸੀ ਪੰਨੂੰ ਇਕ ਪ੍ਰਸਿੱਧ ਪ੍ਰੀਤ ਕਥਾ ਹੈ। ਇਸ ਦਾ ਕਿੱਸਾ ਹਾਫ਼ਿਜ਼ ਬਰਖੁਰਦਾਰ, ਮੁਨਸ਼ੀ ਸੁੰਦਰ ਦਾਸ ਆਰਾਮ, ਬਹਿਬਲ, ਆਡਤ ਤੇ ਹਾਸ਼ਮ ਆਦਿ ਕਵੀਆਂ ਨੇ ਲਿਖਿਆ। ਸਭ ਤੋਂ ਵੱਧ ਪ੍ਰਸਿੱਧੀ ਸੱਸੀ ਹਾਸ਼ਮ ਨੂੰ ਮਿਲੀ। ਭਾਈ ਗੁਰਦਾਸ ਨੇ ਵੀ ਇਸ ਪ੍ਰੀਤ ਜੋੜੇ ਵੱਲ ਸੰਕੇਤ ਕੀਤਾ ਹੈ: ਸੱਸੀ ਪੁੰਨੂੰ ਦੋਸਤੀ ਹੋਇ ਜਾਤ ਅਜਾਤੀ। ਦਸਮ ਗ੍ਰੰਥ ਵਿਚ ਸੱਸੀ ਪੁੰਨੂੰ ਦੀ ਕਹਾਣੀ ਬਾਰੇ ਮਿਲਦੇ ਸੰਕੇਤ ਬਹੁਤ ਵਖਰੇ ਹਨ। ਮਿਥਿਹਾਸਕ ਪਾਣ ਚੜ੍ਹਨ ਕਰਕੇ ਇਹ ਅਲੌਕਿਕ ਕਥਾ ਬਣ ਗਈ ਹੈ। ਇਹ ਸੱਸੀ ਕਪਿਲ ਮੁਨੀ ਤੇ ਰੰਭਾ ਅਪਸਰਾ ਦੀ ਭੋਗ ਸੰਤਾਨ ਸੀ। ਇਸ ਨੂੰ ਸਿੰਧ ਦਰਿਆ ਵਿਚ ਰੋੜ੍ਹ ਦਿੱਤਾ ਗਿਆ। ਸਿੰਧ ਦੇ ਰਾਜੇ ਬ੍ਰਹਮ ਦੱਤ ਨੇ ਦਰਿਆ ਵਿਚੋਂ ਕੱਢ ਕੇ ਇਸ ਦਾ ਪਾਲਣ ਪੋਸ਼ਣ ਕੀਤਾ। ਇਸ ਦਾ ਨਾਂ ਸਮਿਯਾ ਰਖਿਆ ਗਿਆ। ਜਦੋਂ ਇਹ ਜੁਆਨ ਹੋਈ ਤਾਂ ਰਾਜੇ ਨੇ ਪੁੰਨੂੰ ਪਾਤਸ਼ਾਹ ਵੱਲ ਦੂਤ ਭੇਜੇ ਕਿ ਤੂੰ ਇਸ ਨੂੰ ਵਰ ਲੈ। ਬੜੀ ਸ਼ਾਨ ਸ਼ੌਕਤ ਨਾਲ ਵਿਆਹ ਹੋਇਆ। ਜਦੋਂ ਪੁੰਨੂੰ ਤੇ ਸੱਸੀ ਆਪਣੇ ਮੁਲਕ ਪੁੱਜੇ ਤਾਂ ਪੁੰਨੂੰ ਦੀ ਪਹਿਲੀ ਪਤਨੀ ਨੂੰ ਸੌਂਕਣ ਦੇ ਆਉਣ ਦਾ ਬਹੁਤ ਦੁੱਖ ਪੁੱਜਾ। ਉਸ ਨੇ ਕਈ ਜੰਤਰ ਮੰਤਰ ਕੀਤੇ ਕਿ ਪੁੰਨੂੰ ਸੱਸੀ ਤੋਂ ਟੁੱਟ ਜਾਵੇ। ਆਖ਼ਰ ਪੁੰਨੂੰ ਨੂੰ ਮਰਵਾ ਹੀ ਦਿੱਤਾ। ਸੱਸੀ ਵੀ ਉਸ ਦੀ ਕਬਰ ਤੇ ਢੇਰੀ ਹੋ ਗਈ। ਆਮ ਪ੍ਰਚੱਲਿਤ ਕਿੱਸਿਆਂ ਵਿਚ ਮਿਲਦੀ ਕਹਾਣੀ ਇਸ ਤੋਂ ਵੱਖਰੀ ਹੈ। ਥੋੜ੍ਹੀ ਬਹੁਤ ਅਦਲਾ ਬਦਲੀ ਨਾਲ ਸਾਰ ਇਸ ਤਰ੍ਹਾਂ ਹੈ। ਦਰਿਆ ਕੰਢੇ ਵਸਦੇ ਭੰਬੋਰ ਸ਼ਹਿਰ ਦੇ ਵਾਲੀ ਆਦਮ ਜਾਮ ਦੇ ਘਰ ਔਲਾਦ ਨਹੀਂ ਸੀ। ਬਹੁਤ ਮੰਨਤਾਂ ਮਨੌਤਾਂ ਪਿੱਛੋਂ ਇਕ ਖ਼ੂਬਸੂਰਤ ਲੜਕੀ ਦਾ ਜਨਮ ਹੋਇਆ ਪਰ ਜਦ ਨਜੂਮੀਆਂ ਨੇ ਇਸ ਬੱਚੀ ਦੇ ਜੁਆਨ ਹੋਣ, ਥਲਾਂ ਵਿਚ ਜਾ ਕੇ ਮਰਨ ਅਤੇ ਕੁਲ ਨੂੰ ਦਾਗ਼ ਲਾਉਣ ਦੀ ਭਵਿੱਖਬਾਣੀ ਕੀਤੀ ਤਾਂ ਸਾਰੀ ਖੁਸ਼ੀ ਗ਼ਮੀ ਵਿਚ ਬਦਲ ਗਈ। ਰਾਜੇ ਵਜ਼ੀਰਾਂ ਨਾਲ ਸਲਾਹ ਕਰਨ ਉਪਰੰਤ ਬੱਚੀ ਨੂੰ ਇਕ ਸਦੂੰਕ ਵਿਚ ਬੰਦ ਕਰਕੇ ਕਾਫ਼ੀ ਦੌਲਤ ਸਮੇਤ ਦਰਿਆ ਵਿਚ ਰੋੜ੍ਹ ਦਿੱਤਾ। ਇਹ ਸੰਦੂਕ ਕੱਪੜੇ ਧੋ ਰਹੇ ਬੇਔਲਾਦ ਅੱਤਾ ਨਾਂ ਦੇ ਧੋਬੀ ਨੂੰ ਮਿਲਿਆ। ਧੋਬੀ ਦੇ ਘਰ ਹੀ ਉਸ ਦੀ ਚੰਗੀ ਤਰ੍ਹਾਂ ਪਾਲਣਾ ਹੋਈ। ਸੱਸੀ ਦਾ ਜੋਬਨ ਸੂਰਜ ਨੂੰ ਵੀ ਮਾਤ ਪਾ ਰਿਹਾ ਸੀ। ਇਕ ਦਿਨ ਸੱਸੀ ਨੇ ਭੰਬੋਰ ਸ਼ਹਿਰ ਵਿਚ ਲੱਗੀ ਨੁਮਾਇਸ਼ ਵਿਚ ਇਕ ਖ਼ੂਬਸੂਰਤ ਨੌਜੁਆਨ ਦੀ ਤਸਵੀਰ ਦੇਖੀ ਤੇ ਉਸ ਤੇ ਮੋਹਿਤ ਹੋ ਗਈ। ਇਹ ਚਿੱਤਰ ਕੇਚਮ ਸ਼ਹਿਰ ਦੇ ਬਲੋਚ ਸ਼ਹਿਜ਼ਾਦੇ ਪੁੰਨੂੰ ਦਾ ਸੀ। ਸੱਸੀ ਹਿਜਰ ਵਿਚ ਤੜਫ਼ਣ ਲੱਗੀ। ਉਸ ਨੇ ਇਕ ਦਿਨ ਕੇਚਮ ਦੇ ਕੁਝ ਸੁਦਾਗਰਾਂ ਨੂੰ ਕੈਦ ਕਰ ਲਿਆ ਤੇ ਆਖਿਆ ਕਿ ਰਿਹਾਈ ਤਾਂ ਹੀ ਸੰਭਵ ਹੈ ਜੇ ਪੁੰਨੂੰ ਨੂੰ ਇਥੇ ਲਿਆਂਦਾ ਜਾਵੇਗਾ। ਇਕ ਬੰਦੀਖਾਨ ਨੇ ਕੇਚਮ ਜਾ ਕੇ ਪੁੰਨੂੰ ਕੋਲ ਸੱਸੀ ਦੇ ਹੁਸਨ ਦੀ ਤੇ ਪ੍ਰੀਤ ਦੀ ਤਾਰੀਫ਼ ਕੀਤੀ ਤੇ ਉਸ ਨੂੰ ਸੱਸੀ ਕੋਲ ਲੈ ਆਇਆ। ਪੁੰਨੂੰ ਸੱਸੀ ਦਾ ਹੀ ਹੋ ਗਿਆ। ਉਧਰੋਂ ਪੁੰਨੂੰ ਦੇ ਭਰਾ ਬਲੋਚ, ਸੱਸੀ ਦੇ ਬਾਗਾਂ ਵਿਚ ਆ ਗਏ। ਉਹ ਚਲਾਕੀ ਨਾਲ ਪੁੰਨੂੰ ਨੂੰ ਸ਼ਰਾਬ ਪਿਲਾ ਕੇ ਡਾਚੀ ਤੇ ਸੁੱਟ ਕੇ ਲੈ ਗਏ। ਸੱਸੀ ਦੀ ਜਦੋਂ ਜਾਗ ਖੁਲ੍ਹੀ ਤਾਂ ਉਹ ਧੋਬਣ ਮਾਂ ਦੇ ਰੋਕਣ ਦੇ ਬਾਵਜੂਦ ਵੀ ਨੰਗੇ ਪੈਰੀ ਮਗਰ ਨੱਸ ਤੁਰੀ। ਉਸ ਦਾ ਤਾਂ ਕਹਿਣਾ ਸੀ: ਤੁਰਸਾਂ ਮੂਲ ਨ ਮੁੜਸਾਂ ਰਾਹੋਂ ਜਾਨ ਤਲੀ ਪਰ ਧਰਸਾਂ, ਜਬ ਤਕ ਸਾਸ ਨਿਰਾਸ ਨਾ ਹੋਵਾਂ, ਮਰਨੋਂ ਮੂਲ ਨਾ ਡਰਸਾਂ। ਤੇਜ਼ ਗਰਮੀ ਕਾਰਨ ਮਾਰੂਥਲ ਤਪ ਰਿਹਾ ਸੀ। ਸੱਸੀ ਪੁੰਨੂੰ-ਪੁੰਨੂੰ ਪੁਕਾਰਦੀ ਰੇਤ ਦੇ ਥਲਾਂ ਵਿਚ ਪ੍ਰਾਣ ਤਿਆਗ ਗਈ। ਉਧਰ ਜਦੋਂ ਪੁੰਨੂੰ ਨੂੰ ਹੋਸ਼ ਆਈ ਤਾਂ ਉਹ ਵੀ ਨੱਸ ਤੁਰਿਆ ਤੇ ਮਾਰੂਥਲ ਵਿੱਚ ਆ ਕੇ ਉਸ ਨੇ ਸੱਸੀ ਦੀ ਕਬਰ ਉੱਤੇ ਜਾਨ ਦੇ ਦਿੱਤੀ। ਹ. ਪੁ. – ਪੰ. ਸਾ. ਇ. – ਪੰ. ਯੂਨੀ. ; ਪੰ . ਸਾ. ਇ. – ਭਾ. ਵਿ. ਪੰ ; ਸੱਸੀ ਹਾਸ਼ਮ: ਮ. ਕੋ.
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First