ਹਰਨਾਮ ਸਿੰਘ ਟੁੰਡੀਲਾਟ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਨਾਮ ਸਿੰਘ ਟੁੰਡੀਲਾਟ (1882-1962): ਗ਼ਦਰ- ਕ੍ਰਾਂਤੀਕਾਰੀ, ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿਚ ਕੋਟਲਾ ਨੌਧ ਸਿੰਘ ਦੇ ਇਕ ਸਧਾਰਨ ਕਿਸਾਨ ਗੁਰਦਿੱਤ ਸਿੰਘ ਦੇ ਘਰ ਮਾਰਚ 1882 ਨੂੰ ਜਨਮਿਆ ਸੀ। ਇਸਨੇ ਪਿੰਡ ਦੀ ਧਰਮਸਾਲਾ ਤੋਂ ਗੁਰਮੁਖੀ ਪੜ੍ਹਨੀ ਸਿੱਖੀ ਅਤੇ ਵੱਡਾ ਹੋ ਕੇ ਭਾਰਤੀ ਫ਼ੌਜ ਵਿਚ ਭਰਤੀ ਹੋ ਗਿਆ। 12 ਜੁਲਾਈ 1906 ਨੂੰ ਇਹ ਕਨੇਡਾ ਚੱਲਿਆ ਗਿਆ ਅਤੇ ਇੱਥੋਂ ਇਹ ਦਸੰਬਰ 1909 ਨੂੰ ਸੰਯੁਕਤ ਰਾਜ ਅਮਰੀਕਾ ਵਿਚ ਕੈਲੀਫ਼ੋਰਨੀਆ ਚੱਲਾ ਗਿਆ। ਇੱਥੇ ਇਸ ਨੇ ਓਰੇਗਨ ਵਿਚ ਬਰਾਈਡਲਵਿਲੇ ਵਿਖੇ ਲੱਕੜ ਮਿੱਲ ਵਿਚ ਕੰਮ ਕੀਤਾ। ਇਸਨੇ 1912 ਦੇ ਅਰੰਭ ਵਿਚ ਪੋਰਟਲੈਂਡ ਵਿਖੇ ਹੋਈ ਭਾਰਤੀ ਪਰਵਾਸੀਆਂ ਦੀ ਮੀਟਿੰਗ ਵਿਚ ਹਿੱਸਾ ਲਿਆ ਜਿਸ ਤੋਂ ਬਾਅਦ ਪੈਸੀਫ਼ਿਕ ਕੋਸਟ ਦੇ ਹਿੰਦੁਸਤਾਨੀ ਕਾਮਿਆਂ ਦਾ ਇਕ ਸੰਗਠਨ ਬਣ ਗਿਆ ਅਤੇ ਇਸਦਾ ਨਾਂ ‘ਹਿੰਦੀ ਐਸੋਸੀਏਸ਼ਨ ਆਫ਼ ਦ ਪੈਸੀਫ਼ਿਕ ਕੋਸਟ` ਰੱਖਿਆ ਗਿਆ: ਹਾਲਾਂਕਿ ਇਸਦਾ ਪ੍ਰਚਲਿਤ ਨਾਂ ਗ਼ਦਰ ਪਾਰਟੀ ਸੀ। ਇਸ ਸੰਸਥਾ ਦੀ ਪਹਿਲੀ ਬੈਠਕ 31 ਮਾਰਚ 1913 ਬਰਾਈਡਲਵਿਲੇ ਵਿਖੇ ਹੋਈ ਜਿਸ ਵਿਚ ਹਰਨਾਮ ਸਿੰਘ ਨੂੰ ਇਸ ਦੀ ਸਥਾਨਿਕ ਸ਼ਾਖ਼ਾ ਦਾ ਸਕੱਤਰ ਚੁਣ ਲਿਆ ਗਿਆ ਸੀ। 31 ਦਸੰਬਰ 1913 ਨੂੰ ਸੈਕਰਾਮੈਂਟੋ ਵਿਖੇ ਹੋਈ ਪਾਰਟੀ ਦੀ ਮੀਟਿੰਗ ਵਿਚ ਇਸ ਨੂੰ ਸੈਂਟਰਲ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ ਸੀ। ਏਸੇ ਸਮੇਂ ਦੌਰਾਨ ਇਕ ਹਫ਼ਤਾਵਰੀ ਅਖ਼ਬਾਰ ਗ਼ਦਰ ਅਰੰਭ ਕਰਨ ਦਾ ਫ਼ੈਸਲਾ ਲਿਆ ਗਿਆ ਜਿਸ ਨੂੰ ਉਰਦੂ, ਪੰਜਾਬੀ , ਹਿੰਦੀ ਅਤੇ ਬਾਕੀ ਭਾਰਤੀ ਭਾਸ਼ਾਵਾਂ ਵਿਚ ਵੀ ਛਾਪਿਆ ਜਾਣਾ ਸੀ। ਗ਼ਦਰ ਦਾ ਪਹਿਲਾ ਉਰਦੂ ਅੰਕ 1 ਨਵੰਬਰ 1913 ਨੂੰ ਨਿਕਲਿਆ ਅਤੇ ਇਸ ਦਾ ਪੰਜਾਬੀ ਐਡੀਸ਼ਨ ਜਨਵਰੀ 1914 ਵਿਚ ਛਪਿਆ। ਅਰੰਭ ਵਿਚ ਲਾਲਾ ਹਰਦਿਆਲ ਇਸਦਾ ਸੰਪਾਦਕ ਸੀ: ਕਰਤਾਰ ਸਿੰਘ ਸਰਾਭਾ ਅਤੇ ਰਘੁਬੀਰ ਦਯਾਲ ਇਸਦੇ ਸਹਾਇਕ ਸੰਪਾਦਕ ਸਨ। ਪਿੱਛੋਂ ਹਰਨਾਮ ਸਿੰਘ ਨੂੰ ਕੁਝ ਹੋਰਨਾਂ ਨਾਲ ਸੰਪਾਦਕੀ ਬੋਰਡ ਤੇ ਕੰਮ ਕਰਨ ਲਈ ਬੁਲਾਇਆ ਗਿਆ। ਇਸਨੇ ਪੰਜਾਬੀ ਵਿਚ ਕਵਿਤਾ ਲਿਖੀ ਅਤੇ ਅਖ਼ਬਾਰ ਵਿਚ ਛਪਣ ਲਈ ਦੇਸ ਭਗਤੀ ਦੇ ਜੋਸ਼ ਨਾਲ ਭਰਪੂਰ ਕਵਿਤਾਵਾਂ ਛਪਾਈਆਂ। ਇਸਨੇ ਪਾਰਟੀ ਦੇ ਜਨਰਲ ਸੈਕਟਰੀ ਲਾਲਾ ਹਰਦਿਆਲ ਦੇ ਅੰਗ ਰੱਖਿਅਕ ਦੇ ਤੌਰ ਤੇ ਵੀ ਕੰਮ ਕੀਤਾ।

      ਅਪ੍ਰੈਲ 1914 ਵਿਚ, ਲਾਲਾ ਹਰਦਿਆਲ ਦੇ ਅਮਰੀਕਾ ਵਿਚੋਂ ਕੱਢੇ ਜਾਣ ਨਾਲ ਸਾਂਨ ਫਰਾਂਸਿਸਕੋ ਵਿਚ ਇਸਦੇ ਹੈਡਕੁਆਰਟਰ ਯੁਗਾਂਤਰ ਆਸ਼ਰਮ ਵਿਖੇ ਪਾਰਟੀ ਦੇ ਕੰਮ ਦੀ ਪੁਨਰ ਵੰਡ ਕੀਤੀ ਗਈ। ਹਰਨਾਮ ਸਿੰਘ ਨੂੰ ਗ਼ਦਰ ਦਾ ਸੰਪਾਦਕ ਬਣਾ ਦਿੱਤਾ ਗਿਆ ਅਤੇ ਇਸਦੀ ਮਦਦ ਲਈ ਚਾਰ ਆਦਮੀ ਹੋਰ ਇਸ ਨਾਲ ਲਗਾ ਦਿੱਤੇ ਗਏ। ਬ੍ਰਿਟੇਨ ਅਤੇ ਜਰਮਨੀ ਵਿਚਕਾਰ ਸੰਭਾਵਿਤ ਜੰਗ ਦੀਆਂ ਗੱਲਾਂ ਚੱਲ ਰਹੀਆਂ ਸਨ ਅਤੇ ਗ਼ਦਰ ਪਾਰਟੀ ਦਾ ਪ੍ਰੋਗਰਾਮ ਭਾਰਤ ਵਿਚ ਯੋਜਨਾਬੱਧ ਵਿਦਰੋਹ ਦਾ ਸੀ ਕਿਉਂਕਿ ਬ੍ਰਿਟਿਸ਼, ਯੂਰੋਪ ਵਿਖੇ ਜੰਗ ਵਿਚ ਉਲਝ ਗਿਆ ਸੀ। ਜਦੋਂ ਊਧਮ ਸਿੰਘ ਕਸੇਲ ਨੇ ਪਾਰਟੀ ਦੇ ਕਾਰਕੁੰਨਾਂ ਨੂੰ ਮਿਲਟਰੀ ਸਿੱਖਿਆ ਦੇਣੀ ਅਰੰਭ ਕਰ ਦਿੱਤੀ ਅਤੇ ਕਰਤਾਰ ਸਿੰਘ ਸਰਾਭਾ ਪਾਇਲਟ ਅਤੇ ਜਹਾਜ਼ ਮਕੈਨਿਕ ਦੀ ਟ੍ਰੇਨਿੰਗ ਹਾਸਲ ਕਰਨ ਲਈ ਈਸਟਰਨ ਕੋਸਟ (ਪੂਰਬੀ ਕਿਨਾਰਾ) ਚੱਲਾ ਗਿਆ, ਹਰਨਾਮ ਸਿੰਘ ਨੇ ਇਕ ਅਮਰੀਕਨ ਮਿੱਤਰ ਤੋਂ ਬੰਬ ਬਣਾਉਣੇ ਸਿੱਖੇ। 5 ਜੁਲਾਈ 1914 ਨੂੰ ਇਕ ਤਜ਼ਰਬੇ ਦੌਰਾਨ ਇਸਦਾ ਖੱਬਾ ਹੱਥ ਉੱਡ ਗਿਆ ਜਿਸਦੇ ਨਤੀਜੇ ਵਜੋਂ ਇਸਦੀ ਖੱਬੀ ਬਾਂਹ ਕੁਹਣੀ ਤੋਂ ਉੱਪਰੋਂ ਕੱਟਣੀ ਪਈ। ਇਸਦੇ ਸਾਥੀਆਂ ਨੇ ਇਸ ਦਾ ਨਵਾਂ ਨਾਂ ਟੁੰਡੀਲਾਟ ਰੱਖ ਦਿੱਤਾ। ਇਸ ਉਪਨਾਮ ਵਿਚ ਪਹਿਲੀ ਐਂਗਲੋ-ਸਿੱਖ ਜੰਗ ਸਮੇਂ ਭਾਰਤ ਦੇ ਗਵਰਨਰ- ਜਨਰਲ (1844-48) ਸਰ ਹੈਨਰੀ ਹਾਰਡਿੰਗ ਵੱਲ ਵਿਅੰਗਾਤਮਿਕ ਇਸ਼ਾਰਾ ਹੈ ਜਿਸ ਨੂੰ ਪੰਜਾਬੀ ਟੁੰਡੀਲਾਟ ਕਹਿੰਦੇ ਸਨ ਕਿਉਂਕਿ ਉਸਦੀ ਵੀ ਨੈਪੋਲੀਅਨ ਨਾਲ ਜੰਗਾਂ ਵੇਲੇ ਇਕ ਬਾਂਹ ਉੱਡ ਗਈ ਸੀ। 25 ਜੁਲਾਈ 1914 ਨੂੰ ਪਹਿਲਾ ਵਿਸ਼ਵ ਯੁੱਧ ਅਰੰਭ ਹੋਣ ਦੇ ਸਮੇਂ ਗ਼ਦਰ ਪਾਰਟੀ ਨੇ ਆਪਣੇ ਮੈਂਬਰਾਂ ਅਤੇ ਸਮਰਥਕਾਂ ਨੂੰ ਤੁਰੰਤ ਭਾਰਤ ਪਰਤਣ ਦੇ ਆਦੇਸ਼ ਦੇ ਦਿੱਤੇ। ਹਰਨਾਮ ਸਿੰਘ ਕੋਲੰਬੋ ਰਾਹੀਂ ਆਇਆ ਅਤੇ 24 ਦਸੰਬਰ 1914 ਨੂੰ ਪੰਜਾਬ ਪਹੁੰਚ ਗਿਆ। ਇਕ ਸਾਧੂ ਦੇ ਗੇਰੂਏ ਕੱਪੜਿਆਂ ਦੇ ਭੇਖ ਵਿਚ ਇਹ ਦੁਆਬੇ ਦੇ ਪਿੰਡਾਂ ਵਿਚ ਗ਼ਦਰ ਪਾਰਟੀ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਹੋਇਆ ਘੁੰਮਦਾ ਰਿਹਾ। ਇਸਨੇ ਪਾਰਟੀ ਵੱਲੋਂ ਰਾਵਲਪਿੰਡੀ, ਬੰਨੂ , ਨੌਸ਼ਹਿਰਾ ਅਤੇ ਪਿਸ਼ਾਵਰ ਛਾਉਣੀਆਂ ਵਿਚ ਫ਼ੌਜੀ ਦਲਾਂ ਨਾਲ ਸੰਪਰਕ ਕੀਤਾ। 21 ਫ਼ਰਵਰੀ 1915 ਨੂੰ ਫ਼ੌਜੀ ਅਤੇ ਆਮ ਵਿਦਰੋਹ ਦੀ ਯੋਜਨਾ ਜੋ ਪਿੱਛੋਂ 19 ਫ਼ਰਵਰੀ 1915 ਨੂੰ ਪਹਿਲਾਂ ਹੀ ਕਰਨ ਦਾ ਫ਼ੈਸਲਾ ਹੋ ਗਿਆ ਸੀ ਪਾਰਟੀ ਵਿਚ ਪੁਲਿਸ ਦੇ ਏਜੰਟਾਂ ਦੀ ਘੁਸਪੈਠ ਕਰ ਜਾਣ ਨਾਲ ਅਸਫ਼ਲ ਹੋ ਗਈ ਸੀ। ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਸਰਾਭਾ ਅਤੇ ਸੁਰਸਿੰਘ ਦੇ ਜਗਤ ਸਿੰਘ ਨਾਲ ਅਫ਼ਗ਼ਾਨਿਸਤਾਨ ਵਿਚ ਆਰਜ਼ੀ ਤੌਰ ਤੇ ਪਨਾਹ ਲੈਣ ਅਤੇ ਨਵੀਂ ਯੋਜਨਾਬੰਦੀ ਲਈ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ (ਸਰਹੱਦੀ ਇਲਾਕੇ) ਵੱਲ ਬਚ ਕੇ ਨਿਕਲ ਗਿਆ। ਪਰੰਤੂ ਸਰਕਾਰ ਵੱਲੋਂ ਕੋਈ ਵੀ ਮਦਦ ਨਾ ਮਿਲਣ ਕਰਕੇ ਇਹ 2 ਮਾਰਚ 1915 ਨੂੰ ਸ਼ਾਹਪੁਰ ਜ਼ਿਲੇ (ਸਰਗੋਧਾ) ਦੇ ਵਿਲਸਨਪੁਰ ਚੱਕ ਨੰਬਰ 5 ਦੇ ਇਕ ਫ਼ਾਰਮ ਤੇ ਇਕ ਫ਼ੌਜੀ ਪੈਨਸ਼ਨਰ ਰਾਜਿੰਦਰ ਸਿੰਘ ਕੋਲ ਠਹਿਰਨ ਲਈ ਆ ਗਿਆ ਜੋ ਜਗਤ ਸਿੰਘ ਦਾ ਜਾਣਕਾਰ ਸੀ। ਰਾਜਿੰਦਰ ਸਿੰਘ ਭਾਵੇਂ ਕਿ ਆਪ ਵੀ ਸੇਵਾ ਮੁਕਤ ਸਿਪਾਹੀ ਸੀ ਪਰ ਉਸਨੇ ਰਿਸਾਲਦਾਰ ਅਤੇ ਫ਼ਾਰਮ ਦੇ ਇੰਚਾਰਜ ਗੰਡਾ ਸਿੰਘ ਗੰਡੀਵਿੰਡ ਰਾਹੀਂ ਇਹਨਾਂ ਨੂੰ ਫੜਵਾ ਦਿੱਤਾ। ਇਹਨਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਲਾਹੌਰ ਸੈਂਟਰਲ ਜੇਲ੍ਹ ਭੇਜਿਆ ਗਿਆ ਜਿੱਥੇ ਇਹਨਾਂ ਤੇ ‘ਪਹਿਲਾ ਲਾਹੌਰ ਸਾਜ਼ਸ਼ ਮੁਕੱਦਮਾ` ਚਲਾਇਆ ਗਿਆ। ਡੀਫ਼ੈਂਸ ਆਫ਼ ਇੰਡੀਆ ਐਕਟ 1914 ਦੇ ਤਹਿਤ ਵਿਸ਼ੇਸ਼ ਟ੍ਰਿਬਿਊਨਲ ਰਾਹੀਂ ਮੁਕੱਦਮਾ 26 ਅਪ੍ਰੈਲ 1915 ਨੂੰ ਅਰੰਭ ਹੋਇਆ ਅਤੇ ਇਸ ਦਾ ਫ਼ੈਸਲਾ 13 ਸਤੰਬਰ 1915 ਨੂੰ ਸੁਣਾਇਆ ਗਿਆ। ਹਰਨਾਮ ਸਿੰਘ ਟੁੰਡੀਲਾਟ ਉਹਨਾਂ ਚੌਵੀ ਆਦਮੀਆਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਨਾਲ ਜਾਇਦਾਦ ਜ਼ਬਤ ਕਰਨ ਦੇ ਅਦਾਲਤੀ ਆਦੇਸ਼ ਸਨ। ਇਹਨਾਂ ਗ਼ਦਰੀਆਂ ਨੇ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਪਰੰਤੂ ਵਾਇਸਰਾਇ ਨੇ ਆਪਣੇ ਤੌਰ ਤੇ ਹੀ ਇਹਨਾਂ ਵਿਚੋਂ ਸਤਾਰ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਜਿਨ੍ਹਾਂ ਵਿਚ ਹਰਨਾਮ ਸਿੰਘ ਵੀ ਸ਼ਾਮਲ ਸੀ। ਇਸਨੇ ਛੇ ਸਾਲ ਇਹ ਕੈਦ ਅੰਡੇਮਾਨ ਵਿਖੇ ਭੁਗਤੀ ਅਤੇ ਨੌਂ ਸਾਲ ਬਾਕੀ ਦੇ ਵਰ੍ਹੇ ਮਦਰਾਸ, ਪੂਨੇ , ਮੁੰਬਈ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿਚ ਕੱਟੇ। 15 ਸਤੰਬਰ 1930 ਨੂੰ ਇਸ ਨੂੰ ਮੈਡੀਕਲ ਆਧਾਰ ਤੇ ਛੱਡ ਦਿੱਤਾ ਗਿਆ। ਇਸਨੇ 1941 ਤੋਂ 45 ਤਕ ਇਕ ਜੇਲ੍ਹ ਕੱਟੀ। 1947 ਵਿਚ, ਅੰਤਰ-ਕੌਮੀ ਦੰਗਿਆਂ ਸਮੇਂ ਇਸਨੇ ਆਪਣੇ ਪਿੰਡ ਦੇ ਅਤੇ ਲਾਗੇ-ਚਾਗੇ ਦੇ ਮੁਸਲਮਾਨ ਬਸ਼ਿੰਦਿਆਂ ਦੀ ਮਦਦ ਕੀਤੀ ਅਤੇ ਇਹਨਾਂ ਨੂੰ ਰਿਫ਼ਿਊਜੀ ਕੈਂਪਾਂ ਵਿਚ ਪਹੁੰਚਾ ਦਿੱਤਾ। ਇਹ ਥੋੜ੍ਹਾ ਸਮਾਂ ਬਿਮਾਰ ਰਹਿ ਕੇ 18 ਸਤੰਬਰ 1962 ਨੂੰ ਅਕਾਲ ਚਲਾਣਾ ਕਰ ਗਿਆ।

      ਹਰਨਾਮ ਸਿੰਘ ਇਕ ਕ੍ਰਾਂਤੀਕਾਰੀ ਕਵੀ ਸੀ ਅਤੇ ਗੱਦ ਦਾ ਮੰਨਿਆ-ਪ੍ਰਮੰਨਿਆ ਲਿਖਾਰੀ ਸੀ। ਇਸ ਦੇ ਤਿੰਨ ਕਾਵਿ ਸੰਗ੍ਰਹਿ ਛਪ ਚੁੱਕੇ ਹਨ- ਹਰਨਾਮ ਲਹਿਰਾਂ, ਕੁਰੀਤੀ ਸੁਧਾਰ ਅਤੇ ਹਰਨਾਮ ਸੰਦੇਸ਼। ਇਸ ਦੀਆਂ ਗੱਦ ਰਚਨਾਵਾਂ ਵਿਚ ਸ਼ਾਮਲ ਹਨ-ਸੱਚਾ ਸੌਦਾ , ਅਖ਼ਲਾਕ ਤੇ ਮਜ਼ਹਬ: ਦੋਵੇਂ ਪੰਜਾਬੀ ਵਿਚ ਹਨ ਅਤੇ ਮਜ਼ਹਬ ਔਰ ਇਨਸਾਨੀਅਤ ਉਰਦੂ ਵਿਚ ਹਨ।


ਲੇਖਕ : ਗ.ਮ.ਮੁ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.