ਹਲਦੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Turmeric (ਟਰਮਅਰਿਕ) ਹਲਦੀ: ਇਹ ਬਿਲਕੁਲ ਪੀਲੇ ਰੰਗ ਦੀ ਹੁੰਦੀ ਹੈ ਜੋ ਹਰ ਪ੍ਰਕਾਰ ਦੇ ਖਾਣੇ ਲਈ ਵਰਤੀ ਜਾਂਦੀ ਹੈ। ਇਸ ਦਾ ਸਧਾਰਨ ਸੁਆਦ ਹੁੰਦਾ ਹੈ। ਭਾਰਤ ਵਿੱਚ ਬਹੁਤੀ ਉਗਾਈ ਜਾਂਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਹਲਦੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਲਦੀ. ਦੇਖੋ, ਹਰਦੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਲਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਲਦੀ : ਇਹ ਅਦਰਕ ਦੀ ਤਰ੍ਹਾਂ ਜ਼ਮੀਨ ਵਿਚ ਹੋਣ ਵਾਲੀ ਕੰਦ ਹੈ, ਜਿਸ ਦਾ ਰੰਗ ਪੀਲਾ ਹੁੰਦਾ ਹੈ। ਇਹ ਦਾਲ–ਤਰਕਾਰੀ ਨੂੰ ਪੀਲਾ ਰੰਗ ਦੇਣ ਲਈ ਵਰਤੀ ਜਾਂਦੀ ਹੈ।

          ਇਸਦਾ ਬਨਸਪਤੀ–ਵਿਗਿਆਨਕ ਨਾਂ ਕੁਰਕੁਮਾ ਲੌਂਗਾ ਜਾਂ ਡੋਮੈਸਟਿਕਾ ਹੈ। ਇਹ ਲਗਭਗ 0.6 ਤੋਂ 0.9 ਮੀ. ਉੱਚੀ ਬਹੁਵਰਸ਼ੀ ਬੂਟੀ ਹੈ ਜਿਸਦਾ ਤਣਾ ਛੋਟਾ ਹੁੰਦਾ ਹੈ ਅਤੇ ਇਸ ਉੱਤੇ ਗੁੱਛੇਦਾਰ ਪੱਤੇ ਲੱਗੇ ਹੁੰਦੇ ਹਨ। ਇਸ ਦੇ ਰ੍ਹਾਈਜ਼ੋਮ ਛੋਟੇ, ਭਰਵੇਂ ਅਤੇ ਵਪਾਰਕ ਤੌਰ ਤੇ ਬਣਾਈ ਜਾਂਦੀ ਹਲਦੀ ਦੇ ਕੰਮ ਆਉਂਦੇ ਹਨ। ਇਸ ਬੂਟੀ ਦਾ ਜਮਾਂਦਰੂ ਘਰ ਦੱਖਣੀ ਏਸ਼ੀਆ (ਸ਼ਾਇਦ ਭਾਰਤ) ਹੈ ਅਤੇ ਸਾਰੀ ਦੁਨੀਆਂ ਦੇ ਗਰਮ ਹਿੱਸਿਆ ਵਿਚ ਉਗਾਈ ਜਾਂਦੀ ਹੈ। ਇਹ ਮਸਾਲੇ ਵਜੋਂ ਭਾਰਤ, ਚੀਨ ਅਤੇ ਈਸਟ ਇੰਡੀਜ਼ ਵਿਚ ਉਗਾਈ ਜਾਂਦੀ ਹੈ। ਭਾਰਤ ਵਿਚ ਇਸ ਦੀ ਕਾਸ਼ਤ ਲਗਭਗ ਸਾਰੇ ਹੀ ਸੂਬਿਆਂ ਵਿਚ ਹੁੰਦੀ ਹੈ ਪਰ ਖ਼ਾਸ ਕਰਕੇ ਮਦਰਾਸ, ਬੰਗਾਲ ਅਤੇ ਬੰਬਈ ਵਿਚ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ।

          ਬਹੁਤ ਸਮਾਂ ਪਹਿਲਾਂ ਤੋਂ ਹੀ ਹਲਦੀ ਆਯੁਰਵੈਦਿਕ ਅਤੇ ਯੂਨਾਨੀ ਵੈਦਾਂ ਦੁਆਰਾ ਪੇਟ ਦੇ ਨੁਕਸਾਂ ਅਤੇ ਖੂਨ ਸਾਫ਼ ਕਰਨ ਦੇ ਕੰਮ ਲਈ ਵਰਤੀ ਜਾਂਦੀ ਰਹੀ ਹੈ। ਇਹ ਬਲਵਰਧਕ ਵੀ ਹੈ। ਇਹ ਬਿਮਾਰੀਆਂ ਦੇ ਨਿਸ਼ਚਿਤ ਸਮੇਂ ਨੂੰ ਤੋੜਨ ਅਤੇ ਬਦਲ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ। ਜੇਕਰ ਇਹ ਗਰਮ ਦੁੱਧ ਨਾਲ ਮਿਲਾ ਕੇ ਲਈ ਜਾਵੇ ਤਾਂ ਜ਼ੁਕਾਮ ਨੂੰ ਫਾਇਦਾ ਪਹੁੰਚਾਂਦੀ ਹੈ। ਇਸਦੇ ਰ੍ਹਾਈਜ਼ੋਮ ਤੋਂ ਕੱਢਿਆ ਰਸ ਅਤੇ ਪੌਦਿਆਂ ਤੋਂ ਬਣਾਇਟਾ ਕਾੜ੍ਹਾ ਤੇ ਲੇਟੀ ਕੋੜ੍ਹ, ਸੱਪ ਦੇ ਕੱਟਣ ਅਤੇ ਗਰਭ ਵੇਲੇ ਆਉਂਦੀਆਂ ਉਲਟੀਆਂ ਅਤੇ ਜਿਗਰ ਦੇ ਰੋਗਾਂ ਲਈ ਲਾਹੇਵੰਦ ਸਿੱਧ ਹੁੰਦਾ ਹੈ। ਕੁਝ ਵਿਗਿਆਨੀਆਂ ਨੇ ਇਸ ਦੀ ਵਰਤੋਂ ਦਸਤਾਂ, ਬੁਖ਼ਾਰ ਅਤੇ ਜਲੋਧਰ ਵਿਚ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਭਾਰਤ ਵਿਚ ਇਸ ਦੀ ਵਰਤੋਂ ਅੱਖਾਂ ਦੇ ਰੋਗਾਂ ਵਿਚ ਵੀ ਕੀਤੀ ਜਾਂਦੀ ਹੈ। ਰ੍ਹਾਈਜ਼ੋਮ ਤੋਂ ਕਾੜਾ ਤਿਆਰ ਕਰਕੇ ਉਸ ਵਿਚ ਇਕ ਸੂਤੀ ਕਪੜਾ ਭਿਉਂ ਕੇ ਉਸ ਦਾ ਸੇਕ ਅੱਖਾਂ ਤੇ ਕੀਤਾ ਜਾਂਦਾ ਹੈ ਤੇ ਅੱਖਾਂ ਵਿਚੋਂ ਨਿਕਲਦਾ ਪਾਣੀ ਸਾਫ਼ ਕੀਤਾ ਜਾਂਦਾ ਹੈ। ਹਿੰਦੂ ਲੋਕ ਕੇਸਰ ਦੀ ਕਾਂ ਹਲਦੀ ਦਾ ਗਾੜ੍ਹਾ ਲੇਪ ਸ਼ੁਭ ਅਵਸਰਾਂ ਤੇ ਕਰਦੇ ਹਨ। ਕੱਚੇ ਕੋਲੇ ਉੱਪਰ ਹਲਦੀ ਧੂੜ ਕੇ ਪੈਦਾ ਹੋਇਆ ਧੂੰਆਂ ਅਠਹੇ ਦੇ ਕੱਟਣ ਨਾਲ ਹੁੰਦੀ ਪੀੜ ਤੋਂ ਰਾਹਤ ਪਹੁੰਚਾਉਂਦਾ ਹੈ।

          ਹਲਦੀ ਦਾ ਕੱਚਾ ਪਦਾਰਥ ਕੁਰਕੁਮਿਨ ਫ਼ਾਰਮੂਲਾ (C21H20O6) ਹੈ। ਇਸ ਦੀ ਮਾਤਰਾ ਹਲਦੀ ਵਿਚ ਲਗਭਗ 0.3 ਪ੍ਰਤਿਸ਼ਤ ਹੁੰਦੀ ਹੈ।

          ਹਲਦੀ ਦਾ ਔਸ਼ਧੀ ਦੇ ਤੌਰ ਤੇ ਅਸਰ ––– ਹਲਦੀ ਦੇ ਅਸਰ ਦਾ ਅਧਿਐਨ, ਬੈਕਟੀਰੀਆ, ਮਿਹਦਾ–ਆਂਦਰ ਅਤੇ ਦਿਲ ਤੇ ਕੀਤਾ ਗਿਆ ਹੈ।

          ਬੈਕਟੀਰੀਆ ਤੇ ਅਸਰ –––ਭਾਫ਼ ਕਿਰਿਆ ਰਾਹੀਂ ਤਿਆਰ ਕੀਤੇ ਹਲਦੀ ਦੇ ਤੇਲ ਦਾ ਅਸਰ ਸਟੈਫ਼ਿਲੋਕਾੱਕਸ ਐਲਬਸ ਅਤੇ ਔਰੀਅਸ (Staphylococcus albus and aureus) ਅਤੇ ਬੈਸਿਲਸ ਟਾਈਫ਼ੋਸਸ (Bacillus typhosus) ਤੇ ਪਰਖਿਆ ਗਿਆ। 1:5000 ਤਕ ਦੇ ਗਾੜ੍ਹੇਪਨ ਵਿਚ ਸਟੈਫ਼ਿਲੋਕਾੱਕਸ ਦਾ ਵਾਧਾ ਰੁੱਕ ਜਾਂਦਾ ਹੈ ਜਦੋਂ ਕਿ ਬੈਸਿਲਸ ਟਾਈਫ਼ੋਸਸ ਦਾ ਵਾਧਾ 1: 1000 ਤੱਕ ਦੇ ਗਾੜ੍ਹੇਪਨ ਤੇ ਵੀ ਨਹੀਂ ਰੁਕਦਾ। ਇਸ ਦੇ ਖ਼ਾਸ ਤੇਲ ਤੋਂ ਤੇਜ਼ ਸਗੁੰਧੀ ਆਉਂਦੀ ਹੈ ਅਤੇ ਜੇਕਰ ਇਹ ਚਮੜੀ ਤੇ ਲਾਇਆ ਜਾਵੇ ਤਾਂ ਇਸ ਨਾਲ ਖੁਰਕ ਪੈਦਾ ਹੁੰਦਾ ਹੈ। ਜੇਕਰ ਇਸ ਨੂੰ ਬਲਗ਼ਮ ਝਿੱਲੀ ਤੇ ਲਾਇਆ ਜਾਵੇ ਤਾਂ ਇਸ ਨਾਲ ਲਹੂ–ਵਹਿਣੀਆਂ ਤੰਗ ਹੋ ਜਾਂਦੀਆਂ ਹਨ।

          ਮਿਹਦਾ–ਆਂਦਰ ਤੇ ਅਸਰ –––ਜੇਕਰ ਹਲਦੀ ਮੂੰਹ ਰਾਹੀਂ ਲਈ ਜਾਏ ਤਾਂ ਇਸ ਨਾਲ ਸਲਾਈਵਾ ਜ਼ਿਆਦਾ ਆਉਣ ਲੱਗ ਜਾਂਦਾ ਹੈ। ਇਸ ਨਾਲ ਭੁੱਖ ਲਗਦੀ, ਪੇਟ ਠੀਕ ਰਹਿੰਦਾ ਤੇ ਬਲ ਵਧਦਾ ਹੈ। ਜੇਕਰ ਇਯ ਨੂੰ 5 ਤੋਂ 10 ਮਿਨਿਮ (ਇਕ ਮਿਨਿਮ –––1/60 ਡ੍ਰਾਮ) ਪਾਣੀ ਵਿਚ ਮਿਲਾ ਲਿਆ ਜਾਏ ਤਾਂ ਇਸ ਨਾਲ ਨਿੱਘ ਅਤੇ ਮਿਹਦੇ ਵਿਚ ਆਰਾਮ ਮਹਿਸੂਸ ਹੁੰਦਾ ਹੈ। ਇਸ ਤਰ੍ਹਾਂ ਇਹ ਭੁੱਖ ਵਧਾਉਣ, ਪੇਟ ਦੇ ਨੁਕਸ ਠੀਕ ਕਰਨ ਅਤੇ ਬਲ–ਵਰਧਕ ਦੇ ਤੌਰ ਤੇ ਕੰਮ ਕਰਦੀ ਹੈ। ਪ੍ਰਯੋਗ ਦੁਆਰਾ ਇਹ ਵੀ ਵੇਖਿਆ ਗਿਆ ਹੈ ਕਿ ਇਸ ਨਾਲ ਮਿਹਦੇ ਵਿਚ ਤੇਜ਼ਾਬਾਂ ਦਾ ਰਿਸਾਅ ਘਟ ਜਾਂਦਾ ਹੈ।

          ਦਿਲ ਤੇ ਅਸਰ ––––ਬਿੱਲੀਆਂ ਉੱਤੇ ਪ੍ਰਯੋਗ ਕਰਕੇ ਵੇਖਿਆ ਗਿਆ ਹੈ ਕਿ ਛੋਟੀਆਂ ਖ਼ੁਰਾਕਾਂ ਨਾਲ ਗ੍ਰਾਹਕ ਕੋਸ਼ (ਆੱਰੀਕਲ) ਉਤੇਜਿਤ ਅਤੇ ਖੇਪਕ ਕੋਸ਼ (ਵੈਂਟ੍ਰੀਕਲ) ਫੈਲਦਾ ਹੈ। ਵੱਧ ਖ਼ੁਰਾਕ ਦੇਣ ਨਾਲ ਗਾਹਕ ਕੋਸ਼ ਅਤੇ ਖੇਪਕ ਕੋਸ਼ ਦੋਹਾਂ ਦਾ ਸੁੰਗੜਾਅ ਘਟਦਾ ਹੈ। ਇਸ ਨਾਲ ਸਾਹ ਕਿਰਿਆ ਵਿਚ ਤੇਜ਼ੀ ਆਉਂਦੀ ਹੈ।

          ਇਸ ਤੋਂ ਇਲਾਵਾ ਹਲਦੀ ਸੋਜਸ਼ ਅਤੇ ਪੀੜ ਵਾਲੀਆਂ ਥਾਵਾਂ ਤੇ ਪੁਲਟਸ ਬਣਾਕੇ ਵੀ ਵਰਤੀ ਜਾਂਦੀ ਹੈ। ਇਹ ਸਾਰੇ ਅਸਰ ਇਸ ਵਿਚ ਮੌਜੂਦ ਖ਼ਾਸ ਤੇਲ ਅਤੇ ਉਸ ਦੁਆਰਾ ਪੈਦਾ ਕੀਤੀ ਉਤੇਜਨਾ ਕਾਰਨ ਹੁੰਦੇ ਹਨ।

          ਹ. ਪੁ. –––ਚੋ. ਡ੍ਰ. ਇੰ : 325; ਮ. ਕੋ: 235.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no

ਹਲਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਲਦੀ : ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿਚ ਬਲੀਆ ਜ਼ਿਲ੍ਹ ਦਾ ਇਕ ਕਸਬਾ ਹੈ, ਜੋ ਘਾਗਰਾ ਦਰਿਆ ਦੇ ਸੱਜੇ ਕਿਨਾਰੇ ਉੱਤੇ ਵਾਕਿਆ ਹੈ। ਇਥੇ ਗੋਰਖਪੁਰ ਦੇ ਜੰਗਲਾਂ ਤੋਂ ਆਈ ਇਮਾਰਤੀ ਲਕੜੀ ਕਦਾ ਕਾਫ਼ੀ ਵਪਾਰ ਹੁੰਦਾ ਹੈ।

          25° 40’ ਉ. ਵਿਥ. ; 84° 15’ ਪੂ. ਲੰਬ.

          ਹ. ਪੁ. –––ਇੰ. ਪੁ. ਗ. ਇੰਡ. 13 :10.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no

ਹਲਦੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਲਦੀ, ਇਸਤਰੀ ਲਿੰਗ : ਇੱਕ ਬਨਾਸਪਤੀ ਜਿਸ ਦੀਆਂ ਗੰਢੀਆਂ ਪੀਹ ਕੇ ਦਾਲ ਭਾਜੀ ਵਿੱਚ ਪਾਉਣ ਨੂੰ ਇੱਕ ਸਫੂਫ ਤਿਆਰ ਕੀਤਾ ਜਾਂਦਾ ਹੈ, ਵਿਸਾਰ

–ਹਲਦੀ ਚੜ੍ਹਾਉਣਾ, ਮੁਹਾਵਰਾ : ਹਿੰਦੂਆਂ ਦੀ ਇੱਕ ਰਸਮ ਜੋ ਮੰਗਣੇ ਤੋਂ ਬਾਦ ਤੇ ਵਿਆਹ ਤੋਂ ਪਹਿਲਾਂ ਕੀਤੀ ਜਾਂਦੀ ਹੈ

–ਹਲਦੀ ਲਗਣਾ, ਮੁਹਾਵਰਾ : ਵਿਆਹ ਹੋਣਾ

–ਹਲਦੀ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ, ਅਖੌਤ : ਜਦੋਂ ਕੋਈ ਕੰਮ ਬਿਨਾ ਕੁਝ ਖਰਚੇ ਜਾਂ ਮਿਹਨਤ ਕੀਤੇ ਹਸਬ ਮਨਸ਼ਾ ਹੋ ਜਾਏ ਤਾਂ ਕਹਿੰਦੇ ਹਨ

–ਹਲਦੀ ਲਾ ਕੇ ਬਹਿਣਾ, ਮੁਹਾਵਰਾ : ਸੱਟ ਲਗੀ ਦਾ ਬਹਾਨਾ ਕਰਨਾ, ਬਹਾਨਾ ਬਣਾਉਣਾ ਜਦੋਂ ਕੋਈ ਕੰਮ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-03-43-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.