ਹਿੰਦੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹਿੰਦੀ : ਹਿੰਦੀ ਦੁਨੀਆ ਦੀਆਂ ਪ੍ਰਮੁਖ ਭਾਸ਼ਾਵਾਂ ਵਿੱਚੋਂ ਇੱਕ ਆਧੁਨਿਕ ਭਾਸ਼ਾ ਹੈ। ਇਹ ਭਾਰਤ ਦੇਸ ਦੇ ਉੱਤਰੀ ਅਤੇ ਕੇਂਦਰੀ ਭਾਗ ਵਿੱਚ ਮਾਤ-ਭਾਸ਼ਾ ਵਜੋਂ ਬੋਲੀ ਜਾਂਦੀ ਹੈ। ਭਾਰਤ ਦੇਸ ਦੇ ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ ਅਤੇ ਝਾਰਖੰਡ ਸੂਬਿਆਂ ਦੀ ਇਹ ਦਫ਼ਤਰੀ ਯਾਨੀ ਕਿ ਸਰਕਾਰੀ ਕੰਮ-ਕਾਜ ਦੀ ਭਾਸ਼ਾ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਹਿੰਦੀ ਨੂੰ 1965 ਤੱਕ ਕੇਂਦਰੀ ਸਰਕਾਰ ਦੀ ਕੰਮ-ਕਾਜ ਦੀ ਭਾਸ਼ਾ ਬਣਾਇਆ ਜਾਣਾ ਸੀ, ਪਰ ਹਾਲੇ ਇਸ ਨੂੰ ਇਹ ਰੁਤਬਾ ਪ੍ਰਾਪਤ ਨਹੀਂ ਹੋਇਆ ਅਤੇ ਹਾਲੇ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਨੂੰ ਕੇਂਦਰੀ ਸਰਕਾਰ ਦੀ ਕੰਮ-ਕਾਜ ਦੀ ਭਾਸ਼ਾ ਰੱਖਿਆ ਗਿਆ ਹੈ।
ਹਿੰਦੀ ਦਾ ਦੂਜਾ ਨਾਂ ਹਿੰਦੁਸਤਾਨੀ ਹੈ। ਪਰ ਕੁਝ ਵਿਦਵਾਨ ਹਿੰਦੁਸਤਾਨੀ ਨਾਂ ਨੂੰ ਹਿੰਦੀ ਦੇ ਉਸ ਰੂਪ ਲਈ ਵਰਤਦੇ ਹਨ, ਜਿਸ ’ਤੇ ਉਰਦੂ ਭਾਸ਼ਾ ਦਾ ਕਾਫ਼ੀ ਪ੍ਰਭਾਵ ਹੈ। ਕੁਝ ਵਿਦਵਾਨ ਉਰਦੂ ਨੂੰ ਵੀ ਹਿੰਦੀ ਦਾ ਹੀ ਇੱਕ ਰੂਪ ਸਮਝਦੇ ਹਨ ਅਤੇ ਦੋਹਾਂ ਲਈ ਹਿੰਦੁਸਤਾਨੀ ਸ਼ਬਦ ਵਰਤਦੇ ਹਨ। ਇੱਕ ਵਿਦਵਾਨ ਨੇ ਇਹਨਾਂ ਦੋਹਾਂ ਬੋਲੀਆਂ ਲਈ ਸਾਂਝੇ ਨਾਂ ਹਿੰਦੀ-ਉਰਦੂ ਦੀ ਵਰਤੋਂ ਵੀ ਕੀਤੀ ਹੈ। ਮਹਾਤਮਾ ਗਾਂਧੀ ਹਿੰਦੀ ਦੇ ਹਿੰਦੁਸਤਾਨੀ ਰੂਪ ਨੂੰ ਹੀ ਪ੍ਰਚਾਰਨ-ਪ੍ਰਸਾਰਨ ਦੇ ਹੱਕ ਵਿੱਚ ਸਨ ਅਤੇ ਇਸੇ ਰੂਪ ਨੂੰ ਹੀ ਭਾਰਤ ਦੀ ਸਾਂਝੀ ਭਾਸ਼ਾ ਦੇ ਰੂਪ ਵਿੱਚ ਸਥਾਪਿਤ ਹੋਇਆ ਵੇਖਣਾ ਚਾਹੁੰਦੇ ਸਨ। ਪਰ ਤੰਗ ਧਾਰਮਿਕ ਨਜ਼ਰੀਏ ਕਾਰਨ ਹਿੰਦੀ ਅਤੇ ਉਰਦੂ ਵਿਚਕਾਰ ਵੰਡ ਪੈਦਾ ਕਰ ਦਿੱਤੀ ਗਈ ਅਤੇ ਹੁਣ ਇਹਨਾਂ ਦੋਹਾਂ ਨੂੰ ਅੱਡ-ਅੱਡ ਭਾਸ਼ਾਵਾਂ ਵੱਜੋਂ ਮਾਨਤਾ ਪ੍ਰਾਪਤ ਹੈ। ਭਾਸ਼ਾ- ਵਿਗਿਆਨਿਕ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਹ ਇੱਕੋ ਭਾਸ਼ਾ ਦੀਆਂ ਦੋ ਵੱਖਰੀਆਂ ਉਪਬੋਲੀਆਂ ਹਨ। ਹਿੰਦੀ ਭਾਰਤ ਦੀਆਂ ਉਹਨਾਂ 22 ਭਾਸ਼ਾਵਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਵਿੱਚ ਸਰਕਾਰੀ ਭਾਸ਼ਾਵਾਂ ਦਾ ਦਰਜਾ ਪ੍ਰਾਪਤ ਹੈ।
ਸਰਕਾਰੀ ਅੰਕੜਿਆਂ ਮੁਤਾਬਿਕ ਹਿੰਦੀ ਕੋਈ 35 ਕਰੋੜ ਲੋਕਾਂ ਦੀ ਮਾਤ-ਭਾਸ਼ਾ ਹੈ। ਇਸ ਤਰ੍ਹਾਂ ਇਹ ਦੁਨੀਆ ਦੀ ਪੰਜਾਵੇਂ ਨੰਬਰ ਦੀ ਸਭ ਤੋਂ ਵੱਡੀ ਭਾਸ਼ਾ ਹੈ। ਇਸਦੇ ਕੋਈ ਇੱਕ ਕਰੋੜ ਦੇ ਲਗਪਗ ਬੁਲਾਰੇ ਭਾਰਤ ਤੋਂ ਬਾਹਰ, ਨੇਪਾਲ, ਦੱਖਣੀ ਅਫ਼ਰੀਕਾ, ਮਾਰੀਸ਼ਸ, ਯਮਨ ਅਤੇ ਫਿਜੀ ਆਦਿ ਦੇਸ਼ਾਂ ਵਿੱਚ ਹਨ। ਹਿੰਦੀ ਦੇ ਹਿੰਦੁਸਤਾਨੀ ਰੂਪ ਨੂੰ ਫਿਜੀ ਦੇਸ਼ ਵਿੱਚ ਸਰਕਾਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਉਪਰ ਦਿੱਤੀ 35 ਕਰੋੜ ਦੀ ਗਿਣਤੀ ਵਿੱਚ ਹਿੰਦੀ ਦੇ ਭੋਜਪੁਰੀ, ਅਵਧੀ, ਮੈਥਿਲੀ ਆਦਿ ਰੂਪ ਵੀ ਮਿਲਦੇ ਹਨ, ਜਿਨ੍ਹਾਂ ਬਾਰੇ ਵਿਦਵਾਨਾਂ ਵਿੱਚ ਇੱਕ ਭਾਰੂ ਰਾਇ ਇਹ ਵੀ ਹੈ ਕਿ ਇਹਨਾਂ ਨੂੰ ਸੁਤੰਤਰ ਭਾਸ਼ਾਵਾਂ ਮੰਨਿਆ ਜਾਣਾ ਚਾਹੀਦਾ ਹੈ। ਇਸ ਰਾਇ ਵਿੱਚ ਵਜ਼ਨ ਵੀ ਕਾਫ਼ੀ ਹੈ।
ਹਿੰਦੀ ਭਾਰਤੀ-ਆਰੀਆ ਪਰਿਵਾਰ ਦੀ ਭਾਸ਼ਾ ਹੈ। ਭਾਸ਼ਾ-ਵਿਗਿਆਨਿਕ ਵੰਡ ਅਨੁਸਾਰ ਇਹ ਨਵ-ਭਾਰਤੀ- ਆਰੀਆ ਪਰਿਵਾਰ ਦਾ ਹਿੱਸਾ ਹੈ ਅਤੇ ਇਸ ਦੀਆਂ ਭੈਣਾਂ ਪੰਜਾਬੀ, ਗੁਜਰਾਤੀ, ਮਰਾਠੀ, ਉੜੀਆ, ਬੰਗਾਲੀ, ਅਸਾਮੀ ਅਤੇ ਨੇਪਾਲੀ ਆਦਿ ਭਾਸ਼ਾਵਾਂ ਹਨ। ਇਸ ਦੀਆਂ ਹੱਦਾਂ ਵੀ ਇਹਨਾਂ ਭਾਸ਼ਾਵਾਂ ਨਾਲ ਲੱਗਦੀਆਂ ਹਨ ਅਤੇ ਭੂਗੋਲਿਕ ਤੌਰ ’ਤੇ ਇਹ ਇਹਨਾਂ ਭਾਸ਼ਾਵਾਂ ਵਿੱਚ ਘਿਰੀ ਹੋਈ ਹੈ।
ਹਿੰਦੀ ਦਾ ਮੂਲ ਸ੍ਰੋਤ ਸੰਸਕ੍ਰਿਤ ਭਾਸ਼ਾ ਹੈ। ਇਸ ਦੀ ਕਾਲਕ੍ਰਮਿਕ ਨਿਸ਼ਾਨਦੇਹੀ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ : ਵੈਦਿਕ ਸੰਸਕ੍ਰਿਤ-ਸੰਸਕ੍ਰਿਤ-ਪ੍ਰਾਕ੍ਰਿਤਾਂ-ਅਪਭ੍ਰੰਸ਼ਾਂ- ਹਿੰਦੀ। ਕਾਲਕ੍ਰਮ ਅਨੁਸਾਰ ਹਿੰਦੀ ਦਾ ਮੁੱਢ 1000 ਈਸਵੀ ਸਦੀ ਦੇ ਆਸ-ਪਾਸ ਬੱਝਦਾ ਹੈ। ਇਹ ਉਹ ਹੀ ਸਮਾਂ ਹੈ, ਜਦੋਂ ਭਾਰਤ ਦੀਆਂ ਅਜੋਕੀਆਂ ਆਰੀਆ ਭਾਸ਼ਾਵਾਂ (ਪੰਜਾਬੀ, ਗੁਜਰਾਤੀ, ਮਰਾਠੀ, ਉੜੀਆ, ਬੰਗਾਲੀ, ਅਸਾਮੀ, ਨੇਪਾਲੀ ਆਦਿ) ਭਾਰਤ ਦੇ ਸਾਹਿਤਿਕ ਅਤੇ ਰਾਜਨੀਤਿਕ ਨਕਸ਼ੇ `ਤੇ ਉੱਭਰ ਕੇ ਸਾਮ੍ਹਣੇ ਆਉਂਦੀਆਂ ਹਨ।
ਹਿੰਦੀ ਦੀਆਂ ਮੁੱਖ ਉਪਬੋਲੀਆਂ ਇਹ ਹਨ : ਖੜੀ ਬੋਲੀ (ਪੱਛਮੀ ਉੱਤਰ ਪ੍ਰਦੇਸ਼), ਬ੍ਰੱਜੀ (ਦੱਖਣੀ-ਕੇਂਦਰੀ ਉੱਤਰ ਪ੍ਰਦੇਸ਼), ਬੁੰਦੇਲੀ (ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕੇ), ਹਰਿਆਣਵੀ (ਹਰਿਆਣਾ ਪ੍ਰਾਂਤ), ਰਾਜਸਥਾਨੀ (ਰਾਜਸਥਾਨ ਪ੍ਰਾਂਤ), ਅਵਧੀ ਅਤੇ ਭੋਜਪੁਰੀ (ਪੂਰਬੀ ਉੱਤਰ ਪ੍ਰਦੇਸ਼)। ਇਹਨਾਂ ਵਿੱਚੋਂ ਖੜੀ ਬੋਲੀ ਨੂੰ ਕੇਂਦਰੀ ਬੋਲੀ ਮੰਨਿਆ ਗਿਆ ਹੈ ਅਤੇ ਇਸੇ ਰੂਪ ਨੂੰ ਭਾਰਤੀ ਸੰਵਿਧਾਨ ਵਿੱਚ ਸਰਕਾਰੀ ਕੰਮ-ਕਾਜ ਦੀ ਭਾਸ਼ਾ ਦਾ ਰੁਤਬਾ ਦਿੱਤਾ ਗਿਆ ਹੈ।
ਹਿੰਦੀ ਦੀ ਧੁਨੀ ਬਣਤਰ ਵਿੱਚ 10 ਸ੍ਵਰ ਅਤੇ 33 ਵਿਅੰਜਨ ਹਨ। ਇਹ ਸੂਚੀਆਂ ਨਿਮਨ ਅਨੁਸਾਰ ਹਨ:
ਸ੍ਵਰ :
ਅ, ਆ, ਇ, ਈ, ਉ, ਊ, ਏ, ਐ, ਓ, ਔ
ਵਿਅੰਜਨ :
ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਸ, ਹ
ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਘ, ਝ, ਭ, ਢ, ਧ ਅੱਖਰ ਜੋ ਅਵਾਜ਼ਾਂ ਪੰਜਾਬੀ ਵਿੱਚ ਦਿੰਦੇ ਹਨ, ਉਹ ਹਿੰਦੀ ਵਿੱਚ ਪ੍ਰਾਪਤ ਨਹੀਂ ਹਨ। ਇਹਨਾਂ ਦੇ ਤੁੱਲ ਹਿੰਦੀ ਦੇ ਅੱਖਰ ਬ, ਅ, ਸ, ਫ ਅਤੇ ਬ ਹਨ। ਪੰਜਾਬੀ ਦੇ ਅੱਖਰ ਸੁਰ ਨੂੰ ਪ੍ਰਗਟ ਕਰਦੇ ਹਨ, ਪਰ ਹਿੰਦੀ ਦੇ ਘੋਸ਼ਤਾ ਨੂੰ। ਫ਼ਾਰਸੀ ਦੇ ਪ੍ਰਭਾਵ ਕਰ ਕੇ ਖ਼, ਗ਼, ਜ਼, ਫ਼ ਧੁਨੀਆਂ ਵੀ ਉਚਾਰਨ ਵਿੱਚ ਮਿਲਦੀਆਂ ਹਨ, ਪਰ ਇਹ ਹਿੰਦੀ ਦੀਆਂ ਮੂਲ ਧੁਨੀਆਂ ਵਿੱਚੋਂ ਨਹੀਂ ਹਨ ਅਤੇ ਸਿੱਖਿਅਤ ਵਰਗ ਦੇ ਉਚਾਰਨ ਵਿੱਚ ਹੀ ਪ੍ਰਾਪਤ ਹੁੰਦੀਆਂ ਹਨ। ਇਹ ਧੁਨੀਆਂ ਸ਼ਬਦਾਂ ਦੇ ਅਰਥਾਂ ਵਿੱਚ ਵੀ ਫ਼ਰਕ ਨਹੀਂ ਪਾਉਂਦੀਆਂ।
ਪੰਜਾਬੀ ਦੇ ਟਾਕਰੇ ਹਿੰਦੀ ਵਧੇਰੇ ਵਿਯੋਗਾਤਮਿਕ ਭਾਸ਼ਾ ਹੈ। ਜਿਵੇਂ ਮੈਥੋਂ = ਮੁਝ ਸੇ, ਘਰੇ = ਘਰ ਮੇਂ। ਇਸ ਤਰ੍ਹਾਂ ਪੰਜਾਬੀ ਭਾਸ਼ਾ ਹਿੰਦੀ ਨਾਲੋਂ ਸੰਸਕ੍ਰਿਤ ਦੇ ਵਧੇਰੇ ਨੇੜੇ ਹੈ।
ਹਿੰਦੀ ਦੀ ਵਾਕ ਬਣਤਰ ਪੰਜਾਬੀ ਭਾਸ਼ਾ ਨਾਲ ਮਿਲਦੀ ਹੈ। ਇਸ ਵਿੱਚ ਵਾਕ ਦੀਆਂ ਇਕਾਈਆਂ ਦੀ ਤਰਤੀਬ ਪੰਜਾਬੀ ਵਾਂਗ ਹੀ ਹੈ :
ਵਿਸ਼ਾ ਕਰਮ ਕਿਰਿਆ
लड़के ने किताब पढ़ी।
ਹਿੰਦੀ ਦਾ ਇੱਕ ਹੋਰ ਭਾਸ਼ਾਈ ਲੱਛਣ ਸੰਯੁਕਤ ਕਿਰਿਆਵਾਂ ਦੀ ਵੱਡੇ ਪੱਧਰ ਤੇ ਹੋਂਦ ਹੈ, ਜਿਵੇਂ ਕੱਢ ਲਿਆ, ਦੇ ਦਿੱਤਾ, ਡਿੱਗ ਪਿਆ ਆਦਿ ਵਿੱਚ ਸਪਸ਼ਟ ਹੈ। ਹਿੰਦੀ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ ਅਤੇ ਇਹ ਇਸ ਲਈ ਬਹੁਤ ਹੀ ਢੁੱਕਵੀਂ ਲਿਪੀ ਹੈ।
ਲੇਖਕ : ਜੋਗਾ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਹਿੰਦੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੰਦੀ [ਨਾਂਇ] ਭਾਰਤ ਦੀ ਰਾਸ਼ਟਰੀ ਭਾਸ਼ਾ [ਵਿਸ਼ੇ] ਹਿੰਦੁਸਤਾਨ ਨਾਲ਼ ਸੰਬੰਧਿਤ, ਹਿੰਦੁਸਤਾਨ ਦਾ, ਭਾਰਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਿੰਦੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੰਦੀ. ਹਿੰਦ ਦਾ ਵਸਨੀਕ. ਭਾਰਤ ਦਾ ਨਿਵਾਸੀ। ੨ ਹਿੰਦੁਸਤਾਨ ਨਾਲ ਸੰਬੰਧਿਤ। ੩ ਦੇਵਨਾਗਰੀ ਵਰਣਮਾਲਾ। ੪ ਯੂ. ਪੀ. ਦੀ ਬੋਲੀ , ਜੋ ਸੰਸਕ੍ਰਿਤ ਨਾਲ ਬਹੁਤ ਸੰਬੰਧ ਰਖਦੀ ਹੈ। ੫ ਹਿੰਦੁਸਤਾਨ ਦੀ ਤਲਵਾਰ। ੬ ਸਿੰਧੀ ਦੇ ਥਾਂ ਫ਼ਾਰਸੀ ਲੇਖਕਾਂ ਨੇ ਹਿੰਦੀ ਸ਼ਬਦ ਵਰਤਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਿੰਦੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਿੰਦੀ, (ਫ਼ਾਰਸੀ) /ਵਿਸ਼ੇਸ਼ਣ / ਇਸਤਰੀ ਲਿੰਗ : ੧. ਹਿੰਦ ਦਾ, ਹਿੰਦ ਨਾਲ ਸਬੰਧਤ, ਹਿੰਦੁਸਤਾਨੀ, ਭਾਰਤੀ; ੨. ਇੱਕ ਭਾਖਾ ਜਿਸ ਦੀ ਲਿਪੀ ਦੇਵਨਾਗਰੀ ਹੈ, ਰਾਸ਼ਟਰ ਭਾਸ਼ਾ, ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਬੋਲੀ; ੩. ਮਹਾਜਨੀ, ਲੰਡੇ; ੪. ਉੱਤਰੀ ਭਾਰਤ ਦੀ ਪੁਰਾਤਨ ਬੋਲੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-02-02-19-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First