ਹਿੰਦੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੰਦੂ [ਨਾਂਪੁ] ਹਿੰਦ ਦਾ ਵਾਸੀ; ਹਿੰਦੂ ਧਰਮ ਦਾ ਪੈਰੋਕਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਿੰਦੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੰਦੂ. ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ , ਜੋ ਆਰਯ ਕਹਾਉਂਦੇ ਸੇ.1 ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ੨ ਵੈਦਿਕ ਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ ਪਰ ਵਿਸ਼ੇ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਯਦਾ ਰਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.1 “ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ.” (ਰਾਮ ਮ: ੫) “ਨਾ ਹਮ ਹਿੰਦੂ ਨ ਮੁਸਲਮਾਨ.” (ਭੈਰ ਮ: ੫)
੩ ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ.
“ਈਂ” ਹਿੰਦੂਏ ਖ਼ਾਲਤੂ ਕਿ ਬਰੁਯੁਤ ਸ਼ੈਦਾ ਅਸਤ ।
ਬਿਫ਼ਰੋਸ਼ੀ ਅਗਰ ਨਕ਼ਦੇ ਖ਼ੁਦਾਈ ਚਿ ਸ਼ਵਦ.”
(ਦਿਵਾਨ ਗੋਯਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਿੰਦੂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਹਿੰਦੂ: ਭਾਰਤ ਉਤੇ ਮੁਸਲਮਾਨ ਹਮਲਾਵਰਾਂ ਤੋਂ ਬਾਦ ਇਥੋਂ ਦੇ ਲੋਕਾਂ ਨੂੰ ਮੁਸਲਮਾਨਾਂ ਨਾਲੋਂ ਨਿਖੇੜਨ ਲਈ ‘ਹਿੰਦੂ’ ਕਿਹਾ ਜਾਣ ਲਗ ਪਿਆ ਅਤੇ ਬਾਦ ਵਿਚ ਇਹੀ ਰੂੜ੍ਹ ਹੋ ਗਿਆ।
‘ਹਿੰਦੂ’ ਸ਼ਬਦ ਭਾਰਤੀ ਭਾਸ਼ਾਵਾਂ ਦਾ ਨ ਹੋ ਕੇ ਵਿਦੇਸ਼ੀ ਹੈ। ਇਸ ਨਾਂ ਦੀ ਵਰਤੋਂ ਪ੍ਰਾਚੀਨ ਭਾਰਤੀ-ਸਾਹਿਤ ਅਤੇ ਇਤਿਹਾਸ ਵਿਚ ਨਹੀਂ ਹੋਈ। ਹਾਂ, ‘ਮੇਰੁ ਤੰਤ੍ਰ ’ ਦੇ 33ਵੇਂ ਪ੍ਰਕਰਣ ਵਿਚ ਇਸ ਦੀ ਵਿਉਤਪੱਤੀ ਇਸ ਪ੍ਰਕਾਰ ਦਿੱਤੀ ਗਈ ਹੈ— ਹੀਨੰ ਦੂਸ਼ਯਤਿ ਸ ਹਿੰਦੂ। ਅਰਥਾਤ ‘ਜੋ ਹੀਨ ਨੂੰ ਮਾੜਾ ਸਮਝਦਾ ਹੈ, ਉਹ ਹਿੰਦੂ ਹੈ।’ ਇਸ ਤੋਂ ਭਾਵ ਹੈ ਵਿਦੇਸ਼ੀ ਹਮਲਾਵਰਾਂ ਨੂੰ ਨੀਚ ਸਮਝਣ ਵਾਲਾ ਹੀ ‘ਹਿੰਦੂ’ ਹੈ। ਇਹ ਵਿਉਤਪੱਤੀ ਪੁਰਾਤਨ ਨ ਹੋਣ ਕਾਰਣ ਮੰਨਣਯੋਗ ਨਹੀਂ ਹੈ।
‘ਹਿੰਦੂ’ ਸ਼ਬਦ ਦੇ ਮੂਲ ਨੂੰ ਖੋਜਣ ਲਈ ਕੇਵਲ ਫ਼ਾਰਸੀ ਭਾਸ਼ਾ ਹੀ ਸਹਾਇਕ ਹੋ ਸਕਦੀ ਹੈ। ਡਾ. ਰਾਜਬਲੀ ਪਾਂਡੇਯ (‘ਹਿੰਦੂ ਧਰਮ-ਕੋਸ਼’) ਅਨੁਸਾਰ ਪੁਰਾਤਨ ਕਾਲ ਵਿਚ ਸਿੰਧੂ ਨਦੀ ਅਤੇ ਉਸ ਵਿਚ ਸਿਧੀਆਂ ਸ਼ਾਮਲ ਹੋਣ ਵਾਲੀਆਂ ਛੇ ਨਦੀਆਂ (ਪੂਰਵ ਤੋਂ ਜੇਹਲਮ, ਰਾਵੀ ਅਤੇ ਸਤਲੁਜ ਅਤੇ ਪੱਛਮ ਤੋਂ ਸਵਾਤ, ਕਾਬੁਲ ਅਤੇ ਗੋਮਲ) ਦੁਆਰਾ ਸਿੰਚਿਤ ਖੇਤਰ ਫ਼ਾਰਸੀ ਭਾਸ਼ੀ ਦੇਸ਼ ਫ਼ਾਰਸ ਅਥਵਾ ਈਰਾਨ ਦੀ ਸਰਹਦ ਨਾਲ ਜਾ ਲਗਦਾ ਸੀ। ਇਸ ਖੇਤਰ ਨੂੰ ‘ਸਪਤਸਿੰਧੁ’ ਕਿਹਾ ਜਾਂਦਾ ਸੀ। ਚੂੰਕਿ ਫ਼ਾਰਸੀ ਦੇ ਵਿਆਕਰਣ ਅਨੁਸਾਰ ਸੰਸਕ੍ਰਿਤ ਦਾ ‘ਸ’ ‘ਹ’ ਵਿਚ ਬਦਲ ਜਾਂਦਾ ਹੈ, ਇਸ ਲਈ ਇਸ ਖੇਤਰ ਨੂੰ ‘ਹਫ਼ਤਹਿੰਦੂ’ ਕਿਹਾ ਜਾਣ ਲਗਿਆ ਅਤੇ ਇਸ ਖੇਤਰ ਦੇ ਵਸਨੀਕਾਂ ਨੂੰ ‘ਹਿੰਦੂ’ (ਹੇਂਦੂ) ਨਾਂ ਨਾਲ ਯਾਦ ਕੀਤਾ ਜਾਣ ਲਗਿਆ। ਕਾਲਾਂਤਰ ਵਿਚ ਸਾਰੇ ਭਾਰਤ ਦੇ ਨਿਵਾਸੀਆਂ ਲਈ ਵੀ ‘ਹਿੰਦੂ’ ਸ਼ਬਦ ਵਰਤਿਆ ਜਾਣ ਲਗਾ। ਇਸ ਤਰ੍ਹਾਂ ‘ਹਿੰਦੂ’ ਸ਼ਬਦ ਭਾਰਤੀ ਨ ਹੋ ਕੇ, ਭਾਰਤੀ ਸ਼ਬਦ ‘ਸਿੰਧੁ’ ਦਾ ਫ਼ਾਰਸੀ ਵਿਆਕਰਣ ਅਨੁਸਾਰ ਬਦਲਿਆ ਹੋਇਆ ਗ਼ੈਰ- ਭਾਰਤੀ ਜਾਂ ਅਭਾਰਤੀ ਸ਼ਬਦ ਹੈ।
ਹੁਣ ‘ਹਿੰਦੂ’ ਕੌਣ ਹੈ ? ਅਤੇ ‘ਹਿੰਦੂ-ਧਰਮ ’ ਕਿਹੜਾ ਹੈ ? ਇਸ ਵਿਸ਼ੇ ਉਤੇ ਵਿਚਾਰ ਪ੍ਰਗਟ ਕਰਦਿਆਂ ਡਾ. ਰਾਜਬਲੀ ਪਾਂਡੇਯ (‘ਹਿੰਦੂ ਧਰਮ-ਕੋਸ਼’) ਨੇ ਦਸਿਆ ਹੈ ਕਿ ਜੇ ਇਸ ਦਾ ਮੂਲ ਅਰਥ ਭੂਗੋਲਿਕ ਲਿਆ ਜਾਏ ਤਾਂ ਇਹ ਮੰਨਣਾ ਹੋਵੇਗਾ ਕਿ ਭਾਰਤ (ਹਿੰਦ) ਦਾ ਰਹਿਣ ਵਾਲਾ ‘ਹਿੰਦੂ’ ਹੈ ਅਤੇ ਉਸ ਦਾ ਧਰਮ ‘ਹਿੰਦੁਤ੍ਵ’ ਹੈ। ਮੁਸਲਮਾਨ ਹਮਲਾਵਰਾਂ ਤੋਂ ਪਹਿਲਾਂ ਭਾਰਤ ਵਿਚ ਇਸੇ ਅਰਥ ਦੀ ਪਰੰਪਰਾ ਚਲਦੀ ਸੀ। ਜਿਤਨੀਆਂ ਜਾਤੀਆਂ ਬਾਹਰੋਂ ਆਈਆਂ ਉਹ ਹਿੰਦੁਤ੍ਵ ਵਿਚ ਹੀ ਜਜ਼ਬ ਹੋ ਗਈਆਂ। ਅਨੇਕ ਪਰੰਪਰਾਵਾਦੀ ਅਤੇ ਪਰੰਪਰਾ-ਵਿਰੋਧੀ ਅੰਦੋਲਨ ਚਲੇ , ਪਰ ਸਭ ਦੀ ਸਮਾਈ ਹਿੰਦੁਤ੍ਵ ਵਿਚ ਹੀ ਹੋ ਗਈ। ਵੈਦਿਕ ਧਰਮ ਹੀ ਇਥੋਂ ਦਾ ਪ੍ਰਾਚੀਨਤਮ ਅਤੇ ਸੁਵਿਵਸਥਿਤ ਧਰਮ ਸੀ ਜਿਸ ਨੇ ਹੋਰਨਾਂ ਧਰਮਾਂ ਨੂੰ ਪ੍ਰਭਾਵਿਤ ਕੀਤਾ ਅਤੇ ਪ੍ਰਭਾਵਿਤ ਹੋਇਆ ਵੀ। ਜੈਨ ਅਤੇ ਬੌਧ ਧਰਮ ਵੀ ਕੁਝ ਸਦੀਆਂ ਬਾਦ ਹਿੰਦੁਤ੍ਵ ਵਿਚ ਸਮਾ ਗਏ। ਇਸ ਲਈ ਹਿੰਦੁਤ੍ਵ ਨ ਤਾਂ ਮੂਲ ਵੈਦਿਕ ਧਰਮ ਹੈ ਅਤੇ ਨ ਹੀ ਵੈਦਿਕ ਧਰਮ ਤੋਂ ਭਿੰਨ ਧਰਮ ਹੈ। ਇਹ ਸਭ ਦਾ ਮਿਲਿਆ- ਜੁਲਿਆ ਇਕ ਸਾਂਝਾ ਜਿਹਾ ਧਰਮ ਹੈ। ਕਾਲਾਂਤਰ ਵਿਚ ਇਸ ਵਿਚ ਪੌਰਾਣਿਕ ਅਤੇ ਤਾਂਤ੍ਰਿਕ ਭਾਵਨਾਵਾਂ ਵੀ ਸ਼ਾਮਲ ਹੁੰਦੀਆਂ ਗਈਆਂ ਅਤੇ ਦੱਖਣ ਦੇ ਸੰਤਾਂ ਅਤੇ ਆਚਾਰਯਾਂ ਦੇ ਪ੍ਰਭਾਵ ਤੋਂ ਇਲਾਵਾ ਮੱਧ-ਯੁਗ ਵਿਚ ਉਤਰੀ ਭਾਰਤੀ ਵਿਚ ਚਲੇ ਭਗਤੀ-ਅੰਦੋਲਨ ਨੇ ਇਸ ਧਰਮ ਦਾ ਅਨੇਕ ਪੱਖਾਂ ਤੋਂ ਸੁਧਾਰ ਅਤੇ ਵਿਸਤਾਰ ਕੀਤਾ। ਇਸ ਤਰ੍ਹਾਂ ‘ਹਿੰਦੁਤ੍ਵ’ ਭਾਰਤ ਵਾਸੀਆਂ ਦੀ ਸਰਬ-ਸਾਂਝੀ ਧਾਰਮਿਕ ਭਾਵਨਾ ਦਾ ਸ਼ਬਦ-ਪ੍ਰਤੀਕ ਹੈ।
ਮੁਸਲਮਾਨ ਹਮਲਾਵਰਾਂ ਦੀ ਆਪਣੀ ਸੁਵਿਵਸਥਿਤ ਸੰਸਕ੍ਰਿਤੀ ਅਤੇ ਧਰਮ ਸਨ। ਉਨ੍ਹਾਂ ਦਾ ਹਿੰਦੁਤ੍ਵ ਨਾਲ ਸਮਝੌਤਾ ਨ ਹੋ ਸਕਿਆ, ਨ ਹੀ ਹਿੰਦੁਤ੍ਵ ਉਨ੍ਹਾਂ ਦੀ ਧਾਰਮਿਕਤਾ ਨੂੰ ਕੋਈ ਝਟਕਾ ਦੇ ਸਕਿਆ। ਹਾਂ, ਕੁਝ ਡਰ ਕਰਕੇ ਅਤੇ ਕੁਝ ਰਾਜਨੈਤਿਕ ਹਿੱਤਾਂ ਕਰਕੇ ਬਹੁਤ ਸਾਰੇ ਹਿੰਦੂ ਮੁਸਲਮਾਨ ਹੋ ਗਏ। ਇਸ ਤਰ੍ਹਾਂ ਦੋਹਾਂ ਧਰਮਾਂ ਦੀ ਵਖਰੀ ਵਖਰੀ ਪਛਾਣ ਬਣੀ ਰਹੀ। ਪਰਸਪਰ ਵੈਰ-ਵਿਰੋਧ ਕਾਰਣ ਇਹ ਦੋਵੇਂ ਧਰਮ ਆਪਣੇ ਮੂਲ ਮੁੱਦਿਆਂ ਨੂੰ ਭੁਲ ਕੇ ਧਾਰਮਿਕ ਕਟਰਤਾ ਦਾ ਪ੍ਰਦਰਸ਼ਨ ਕਰਨ ਲਗੇ। ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਇਨ੍ਹਾਂ ਦੋਹਾਂ ਧਰਮਾਂ ਦੇ ਅੰਧਵਿਸ਼ਵਾਸੀਆਂ ਨੂੰ ਗਿਆਨ ਦੀ ਅੱਖ ਤੋਂ ਵਾਂਝਿਆ ਮੰਨਿਆ। ਭਗਤ ਨਾਮਦੇਵ ਦੀ ਸਥਾਪਨਾ ਹੈ—ਹਿੰਦੂ ਅੰਨ੍ਹਾ ਤੁਰਕੁ ਕਾਣਾ। ਦੁਹਾਂ ਤੇ ਗਿਆਨੀ ਸਿਆਣਾ। (ਗੁ.ਗ੍ਰੰ.875)। ਗੁਰੂ ਅਰਜਨ ਦੇਵ ਜੀ ਨੇ ਭੈਰਉ ਰਾਗ ਵਿਚ ਆਪਣੇ ਆਪ ਨੂੰ ਇਨ੍ਹਾਂ ਦੋਹਾਂ ਧਰਮਾਂ ਦੀਆਂ ਪਾਬੰਦੀਆਂ ਤੋਂ ਬੇਲਾਗ ਦਸਦੇ ਹੋਇਆਂ ਕਿਹਾ ਹੈ ਕਿ ਨ ਅਸੀਂ ਹਿੰਦੂ ਹਾਂ, ਨ ਹੀ ਮੁਸਲਮਾਨ। ਸਾਡੀ ਦੇਹ ਅਤੇ ਪ੍ਰਾਣ ਅੱਲ੍ਹਾ-ਰਾਮ ਦੇ ਦਿੱਤੇ ਹੋਏ ਹਨ— ਨਾ ਹਮ ਹਿੰਦੂ ਨ ਮੁਸਲਮਾਨ। ਅਲਹ ਰਾਮ ਕੇ ਪਿੰਡੁ ਪਰਾਨ। (ਗੁ.ਗ੍ਰੰ.1136)। ‘ਪੁਰਾਤਨ- ਜਨਮਸਾਖੀ’ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਤਿੰਨ ਦਿਨਾਂ ਬਾਦ ਵੇਈਂ ਨਦੀ ਵਿਚੋਂ ਪ੍ਰਗਟ ਹੋਏ ਤਾਂ ਉਨ੍ਹਾਂ ਨੇ ਬਾਰ ਬਾਰ ‘ਨ ਕੋਈ ਹਿੰਦੂ ਨ ਕੋਈ ਮੁਸਲਮਾਨ’ ਕਹਿ ਕੇ ਸਭ ਨੂੰ ਧਾਰਮਿਕ ਤੰਗਨਜ਼ਰੀ ਤੋਂ ਉੱਚਾ ਉਠ ਕੇ ਸੱਚਾ ਮਨੁੱਖ ਬਣਨ ਦੀ ਤਾਕੀਦ ਕੀਤੀ ਸੀ।
ਜਿਵੇਂ ਕਿ ਸਪੱਸ਼ਟ ਕੀਤਾ ਜਾ ਚੁਕਿਆ ਹੈ ਕਿ ਹਿੰਦੂਆਂ ਦਾ ਧਰਮ ਹਿੰਦੂਤ੍ਵ ਹੈ ਜਿਸ ਵਿਚ ਅਨੇਕ ਧਾਰਮਿਕ ਮਤ ਸ਼ਾਮਲ ਹਨ। ਪਰ ਜੇ ਇਸ ਧਰਮ ਦੀ ਕੋਈ ਸੰਕੀਰਣ ਸੀਮਾ ਨਿਸਚਿਤ ਕਰਨੀ ਹੋਵੇ ਤਾਂ ਵੈਸ਼ਣਵ-ਧਰਮ (ਭਾਗਵਤ ਅਤੇ ਸਮਾਰਤ) ਹੀ ਹਿੰਦੂਆਂ ਦਾ ਵਿਵਹਾਰਿਕ ਜਾਂ ਅਨੁਸ਼ਠਾਨਿਕ ਧਰਮ ਹੈ। ਇਸ ਸੰਦਰਭ ਵਿਚ ਹਿੰਦੂ ਦੇ ਲੱਛਣ ਇਸ ਪ੍ਰਕਾਰ ਵਿਚਾਰੇ ਜਾ ਸਕਦੇ ਹਨ— (1) ਵਰਣਾਸ਼੍ਰਮ ਦੀ ਮਰਯਾਦਾ ਦਾ ਪਾਲਨ ਕਰਨ ਵਾਲੇ , (2) ਵੇਦਾਂ ਨੂੰ ਪ੍ਰਮਾਣਿਕ (ਆਪੑਤ) ਮੰਨਣ ਵਾਲੇ, (3) ਗਊ ਮਾਸ ਨ ਖਾਣ ਵਾਲੇ, (4) ਕਰਮਵਾਦ ਨੂੰ ਸਵੀਕਾਰਨ ਵਾਲੇ ਅਤੇ ਮੁਰਦੇ ਨੂੰ ਸਾੜਨ ਵਾਲੇ। ਇਸ ਧਰਮ ਦੇ ਸਾਰੇ ਪੱਖਾਂ (ਵੇਦਾਂ, ਉਪਨਿਸ਼ਦਾਂ, ਸ਼ਾਸਤ੍ਰਾਂ, ਦੇਵਤਿਆਂ, ਇਸ਼ਟ-ਪਰੰਪਰਾਵਾਂ ਆਦਿ) ਬਾਰੇ ਸੁਤੰਤਰ ਇੰਦਰਾਜ ਸ਼ਾਮਲ ਕੀਤੇ ਗਏ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਹਿੰਦੂ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hindu_ਹਿੰਦੂ: ਪ੍ਰਸਿੱਧ ਕਾਨੂੰਨਦਾਨ ਮੁੱਲਾ ਦੀ ਪੁਸਤਕ ‘ਦ ਪ੍ਰਿੰਸੀਪਲਜ਼ ਔਫ਼ ਹਿੰਦੂ ਲਾਅ ਅਨੁਸਾਰ’’ ਸ਼ਬਦ ਹਿੰਦੂ ਤੋਂ ਮੁਰਾਦ ਕਿਸੇ ਖ਼ਾਸ ਧਰਮ ਜਾਂ ਫ਼ਿਰਕੇ ਤੋਂ ਨਹੀਂ ਹੈ। ਪਿਛਲੇ ਸੌ ਸਾਲ ਦੇ ਦੌਰਾਨ ਅਤੇ ਸ਼ਾਇਦ ਉਸ ਤੋਂ ਵੀ ਲੰਮੇ ਸਮੇਂ ਦੇ ਦੌਰਾਨ ਇਹ ਸ਼ਬਦ ਵਿਸਤ੍ਰਿਤ ਰੂਪ ਵਿਚ ਨਿੱਜੀ ਕਾਨੂੰਨ ਦੇ ਪ੍ਰਯੋਜਨਾਂ ਲਈ ਕੁਝ ਲੋਕਾਂ ਦੇ ਵਰਗਾਂ ਲਈ ਵਰਤਿਆ ਜਾ ਰਿਹਾ ਹੈ। ਇਹ ਸ਼ਬਦ ਇਕ ਪਾਸੇ ਬ੍ਰਹਮਣੀਮਤ ਨਾਲ ਮਤਭੇਦ ਰਖਣ ਵਾਲੇ ਅਤੇ ਦੂਜੇ ਪਾਸੇ ਬ੍ਰਹਮਣਵਾਦ ਦਾ ਪੂਰੇ ਤੌਰ ਤੇ ਖੰਡਨ ਕਰਨ ਵਾਲੇ ਲੋਕਾਂ ਲਈ ਇਕ-ਸਮਾਨ ਵਰਤਿਆ ਜਾ ਰਿਹਾ ਹੈ। ਇਹ ਵੱਖ ਵੱਖ ਸਮਿਆਂ ਤੇ ਅਤੇ ਵਖ ਵਖ ਹਾਲਾਤ ਵਿਚ ਵਖ ਵਖ ਧਰਮਾਂ, ਸੰਪਰਦਾਵਾਂ ਅਤੇ ਬਾਡੀਆਂ ਲਈ ਵਰਤਿਆ ਜਾ ਰਿਹਾ ਹੈ, ਜੋ ਹਿੰਦੂ ਪ੍ਰਣਾਲੀਆਂ ਵਿਚੋਂ ਨਿਕਲੇ ਹਨ ਪਰ ਤਦ ਵੀ ਹਿੰਦੂ ਕਾਨੂੰਨ ਅਧੀਨ ਰਹਿੰਦੇ ਆ ਰਹੇ ਹਨ ਅਤੇ ਅਦਾਲਤ ਨੇ ਹਿੰਦੂਆਂ ਨੂੰ ਲਾਗੂ ਹੋਣ ਵਾਲੇ ਕਾਨੂੰਨਾਂ ਨਾਲ ਸਬੰਧਤ ਐਕਟਾਂ ਦਾ ਅਰਥ ਕੱਢਣ ਲਗਿਆਂ ਇਸ ਸ਼ਬਦ ਦੇ ਅਰਥ ਉਦਾਰ ਰੂਪ ਵਿਚ ਕੀਤੇ ਹਨ।’’
ਉਂਜ ਵੀ ਹਕੀਕਤ ਇਹ ਹੈ ਕਿ ਹਿੰਦੂ ਧਰਮ ਦੇ ਅੰਦਰ ਇਕ ਦੂਜੇ ਦੇ ਇਤਨੇ ਮੁਖ਼ਾਲਫ਼ ਵਿਸ਼ਵਾਸ , ਮਤ , ਆਚਾਰ ਅਤੇ ਪੂਜਾਪਾਠ ਦੇ ਤਰੀਕਿਆਂ ਵਾਲੇ ਲੋਕ ਆ ਜਾਂਦੇ ਹਨ ਕਿ ‘ਹਿੰਦੂ’ ਸ਼ਬਦ ਦੀ ਠੀਕ ਪਰਿਭਾਸ਼ਾ ਕਰਨਾ ਔਖਾ ਹੋ ਜਾਂਦਾ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹਿੰਦੂ ਧਰਮ ਦੇ ਦਾਇਰੇ ਅੰਦਰ ਅਜਿਹੇ ਪ੍ਰਸਪਰ ਵਿਰੋਧੀ ਵਿਚਾਰਾਂ ਅਤੇ ਪਰੰਪਰਾਵਾਂ ਵਾਲੇ ਲੋਕ ਆ ਜਾਂਦੇ ਹਨ ਜਿਨ੍ਹਾਂ ਵਿਚ ਕੇਵਲ ਹਿੰਦੂ ਧਰਮ ਦੇ ਬੁਨਿਆਦੀ ਕਹੇ ਜਾਂਦੇ ਅਸੂਲਾਂ ਬਾਰੇ ਅਨਿਸਚਿਤ ਜਿਹੀ ਸਾਂਝ ਤੋਂ ਸਿਵਾਏ ਹੋਰ ਕੋਈ ਗੱਲ ਇਕੋ ਜਿਹੀ ਨਹੀਂ।
ਜਿਥੋਂ ਤਕ ਹਿੰਦੂ ਕਾਨੂੰਨ ਦੇ ਲਾਗੂ ਹੋਣ ਦਾ ਸਬੰਧ ਹੈ ਉਹ ਹੇਠ-ਲਿਖਿਆਂ ਨੂੰ ਲਾਗੂ ਹੁੰਦਾ ਹੈ:-
(i) ਜਨਮ ਕਰਕੇ ਹਿੰਦੂ ਹੋਣ ਵਾਲੇ ਅਤੇ ਆਪਣਾ ਧਰਮ ਪਰਿਵਰਤਨ ਕਰਕੇ ਹਿੰਦੂ ਬਣੇ ਲੋਕਾਂ ਨੂੰ;
(ii) ਅਜਿਹੇ ਨਾਜਾਇਜ਼ ਬਚਿਆਂ ਨੂੰ ਜਿਨ੍ਹਾਂ ਦੇ ਮਾਂ ਪਿਓ , ਦੋਵੇਂ , ਹਿੰਦੂ ਹਨ;
(iii) ਅਜਿਹੇ ਨਾਜਾਇਜ਼ ਬੱਚਿਆਂ ਨੂੰ ਜਿਨ੍ਹਾਂ ਦਾ ਪਿਤਾ ਈਸਾਈ ਅਤੇ ਮਾਤਾ ਹਿੰਦੂ ਹੈ ਅਤੇ ਬੱਚਿਆਂ ਦਾ ਪਾਲਣ-ਪੋਸਣ ਹਿੰਦੂਆਂ ਵਾਂਗ ਹੋਇਆ ਹੈ। ਪਰ ਹਿੰਦੂ ਸਹਿਵਾਰਸੀ ਕਾਨੂੰਨ ਉਨ੍ਹਾਂ ਨੂੰ ਲਾਗੂ ਨਹੀਂ ਹੋ ਸਕਦਾ, ਕਿਉਂਕਿ ਸਹਿਵਾਰਸੀ ਕਾਨੂੰਨ ਵਿਚ ਪਿਤਾ ਨੂੰ ਪਰਿਵਾਰ ਦਾ ਮੁੱਖੀ ਅਤੇ ਪੁੱਤਰਾ ਨੂੰ ਉਤਰ-ਜੀਵਤਾ ਦੇ ਅਧਿਕਾਰਾਂ ਸਹਿਤ ਸਹਿਵਾਰਸ ਚਿਤਵਿਆ ਗਿਆ ਹੈ।
(iv) ਜੈਨੀ, ਬੋਧੀ , ਸਿਖਾਂ ਅਤੇ ਨੰਬੂਦਰੀ ਬ੍ਰਹਮਣਾਂ ਨੂੰ, ਸਿਵਾਏ ਉਥੋਂ ਤਕ ਦੇ ਜਿਥੋਂ ਤਕ ਹਿੰਦੂ ਕਾਨੂੰਨ ਵਿਚ ਰਵਾਜ ਦੁਆਰਾ ਅਦਲ ਬਦਲ ਕੀਤਾ ਗਿਆ ਹੋਵੇ, ਇਸੇ ਤਰ੍ਹਾਂ ਸ਼ੂਦਰ ਸਮਝੇ ਜਾਂਦੇ ਲਿੰਗਾਇਤਾਂ ਨੂੰ ਵੀ ਇਹ ਕਾਨੂੰਨ ਲਾਗੂ ਹੁੰਦਾ ਹੈ।
(v) ਅਜਿਹੇ ਵਿਅਕਤੀਆਂ ਨੂੰ ਜੋ ਜਨਮ ਕਰਕੇ ਹਿੰਦੂ ਸਨ ਅਤੇ ਜਿਨ੍ਹਾਂ ਨੇ ਬਾਅਦ ਵਿਚ ਕੋਈ ਹੋਰ ਧਰਮ ਇਖ਼ਤਿਆਰ ਕਰ ਲਿਆ, ਲੇਕਿਨ ਅੰਤ ਵਿਚ ਮੁੜ ਹਿੰਦੂ ਧਰਮ ਵਿਚ ਆ ਗਏ।
(vi) ਨਾਇਕ ਜਾਤ ਦੀਆਂ ਅਜਿਹੀਆਂ ਹਿੰਦੂ ਨਰਤਕੀਆਂ ਦੇ, ਜੋ ਮੁਸਲਮਾਨ ਬਣ ਗਈਆਂ ਸਨ, ਅਜਿਹੇ ਪੁੱਤਰ , ਜਿਨ੍ਹਾਂ ਨੂੰ ਦਾਦਕੇ ਪਰਿਵਾਰ ਨੇ ਆਪਣੇ ਵਿਚ ਵਾੜ ਲਿਆ ਅਤੇ ਪਾਲਣ ਪੋਸਣ ਕੀਤਾ।
(vii) ਬ੍ਰਹਮੋ, ਆਰੀਆ ਸਮਾਜੀਆਂ ਅਤੇ ਛੋਟਾ ਨਾਗਪੁਰ ਦੇ ਸੰਥਾਲਾਂ ਨੂੰ, ਮਨਭੂਮ ਦੇ ਸੰਥਾਲਾਂ ਸਹਿਤ, ਪਰ ਰਵਾਜ ਦੇ ਤਾਬੇ;
(viii) ਅਜਿਹੇ ਹਿੰਦੂਆਂ ਨੂੰ ਜੋ ਇਹ ਐਲਾਨ ਕਰਨ ਕਿ ਵਿਸ਼ੇਸ਼ ਵਿਆਹ ਐਕਟ 1872 ਦੇ ਪ੍ਰਯੋਜਨਾਂ ਲਈ ਉਹ ਹਿੰਦੂ ਨਹੀਂ ਸਨ।
ਕਈ ਵਾਰੀ ਇਕ ਹਿੰਦੂ ਵਿਚਕਾਰ ਅਤੇ ਉਸ ਵਿਅਕਤੀ ਵਿਚਕਾਰ ਜਿਸ ਨੂੰ ਹਿੰਦੂ ਕਾਨੂੰਨ ਲਾਗੂ ਹੁੰਦਾ ਹੈ, ਫ਼ਰਕ ਕਰਨਾ ਔਖਾ ਹੋ ਜਾਂਦਾ ਹੈ। ਮਿਸਾਲ ਲਈ ਗੋਂਡਾਂ ਨੇ ਕਈ ਹਿੰਦੂ ਪ੍ਰਥਾਵਾਂ ਅਤੇ ਰਵਾਜ ਅਪਣਾ ਲਏ ਹਨ, ਪਰ ਨਸਲੀ ਜਾਂ ਧਾਰਮਕ ਤੌਰ ਤੇ ਉਨ੍ਹਾਂ ਨੂੰ ਹਿੰਦੂ ਨਹੀਂ ਕਿਹਾ ਜਾ ਸਕਦਾ।
ਉਪਰੋਕਤ ਦੇ ਬਾਵਜੂਦ ਮੋਟੇ ਅਰਥਾਂ ਵਿਚ ਅਤੇ ਜਦੋਂ ਅਸੀਂ ਹਿੰਦੂ, ਮੁਸਲਮਾਨ, ਬੋਧੀ ਜਾਂ ਈਸਾਈ ਦੇ ਪ੍ਰਸੰਗ ਵਿਚ ਗੱਲ ਕਰਦੇ ਹਾਂ ਤਾਂ ਇਸ ਸ਼ਬਦ ਦੇ ਮਜ਼੍ਹਬੀ ਅਰਥ ਲਏ ਜਾਂਦੇ ਹਨ ਅਤੇ ਇਸ ਦਾ ਭਾਵ ਉਹ ਵਿਅਕਤੀ ਲਿਆ ਜਾਂਦਾ ਹੈ ਜੋ ਬ੍ਰਹਮਣੀ ਵਿਸ਼ਵਾਸਾਂ ਨਾਲ ਸਬੰਧਤ ਕਿਸੇ ਧਰਮ ਦਾ ਹੋਵੇ। ਹਿੰਦੂ ਧਰਮ ਦਾ ਜਿਹੜਾ ਵਿਅਕਤੀ ਕੋਈ ਹੋਰ ਧਰਮ ਇਖ਼ਤਿਆਰ ਕਰ ਲਵੇ ਉਸ ਨੂੰ ਹਿੰਦੂ ਨਹੀਂ ਮੰਨਿਆ ਜਾਂਦਾ।
ਸ਼ਾਸਤਰੀ ਯਜਨਾ-ਪੁਰਸ਼ ਦਾਸ ਜੀ ਬਨਾਮ ਮੂਲ ਦਾਸ ਭੂੰਦੜਦਾਸ ਵੈਸ਼ (ਏ ਆਈ ਆਰ 1966 ਐਸ ਸੀ 1119) ਵਿਚ ਅਦਾਲਤ ਅਨੁਸਾਰ, ‘‘ਜਿਸ ਮਤ ਨੂੰ ਵਿਦਵਾਨਾਂ ਵਿਚ ਆਮ ਕਰਕੇ ਮਾਨਤਾ ਦਿੱਤੀ ਗਈ ਜਾਪਦੀ ਹੈ, ਉਹ ਇਹ ਹੈ ਕਿ ‘‘ਹਿੰਦੂ’’ ਸ਼ਬਦ ‘‘ਸਿੰਧੂ’’ ਤੋਂ ਬਣਿਆ ਹੈ। ਸਿੰਧ ਉਸ ਦਰਿਆ ਦਾ ਨਾਂ ਹੈ ਜੋ ਪੰਜਾਬ ਵਿਚ ਵਹਿੰਦਾ ਹੈ। ਮੋਨੀਅਰ ਵਿਲੀਅਮ ਦਾ ਕਹਿਣਾ ਹੈ ਕਿ ਮਹਾਨ ਆਰੀਆਈ ਨਸਲ ਦੇ ਉਸ ਭਾਗ ਨੂੰ ਜੋ ਕੇਂਦਰੀ ਏਸ਼ੀਆ ਤੋਂ ਉਠ ਕੇ ਪਹਾੜੀ ਦਰਿਆਵਾਂ ਨੂੰ ਪਾਰ ਕਰਕੇ ਸਿੰਧ ਦਰਿਆ ਦੇ ਨੇੜੇ ਦੇ ਜ਼ਿਲ੍ਹਿਆਂ ਵਿਚ ਵਸ ਗਿਆ, ਹਿੰਦੂ ਕਿਹਾ ਜਾਣ ਲੱਗ ਪਿਆ। ਫ਼ਾਰਸੀ ਵਿਚ ਸਿੰਧੂ ਸ਼ਬਦ ਦਾ ਉਚਾਰਨ ਹਿੰਦੂ ਬਣ ਗਿਆ ਅਤੇ ਉਹ ਆਪਣੇ ਆਰੀਆ ਭਰਾਵਾਂ ਨੂੰ ਹਿੰਦੂ ਕਹਿਣ ਲੱਗ ਪਏ। ਯੂਨਾਨੀ ਲੋਕਾਂ ਨੂੰ ਸ਼ਾਇਦ ਭਾਰਤ ਬਾਰੇ ਗਿਆਨ ਸਭ ਤੋਂ ਪਹਿਲਾਂ ਫ਼ਾਰਸੀ ਰਾਹੀਂ ਹੋਇਆ ਅਤੇ ਉਹ ਕਿਉਂਕਿ ‘ਹਕਾਰ ’ ਦਾ ਉਚਾਰਨ ਨਹੀਂ ਸਨ ਕਰ ਸਕਦੇ, ਇਸ ਲਈ ਹਿੰਦੂਆਂ ਨੂੰ ਇੰਦੋਈ ਕਹਿਣ ਲੱਗ ਪਏ।’’
ਡਾ. ਰਾਧਾ ਕ੍ਰਿਸ਼ਨਨ ਦੁਆਰਾ ਆਪਣੀ ਪੁਸਤਕ ‘ਦ ਹਿੰਦੂ ਵਿਊ ਆਫ਼ ਲਾਈਫ਼’’ ਦੇ ਪੰਨਾ 2 ਉਤੇ ਪ੍ਰਗਟ ਕੀਤੇ ਵਿਚਾਰ ਵੀ ਉਪਰੋਕਤ ਨਜ਼ਰੀਏ ਦੀ ਪੁਸ਼ਟ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘‘ਇਸ ਸਭਿਅਤਾ ਨੂੰ ਹਿੰਦੂ ਸਭਿਅਤਾ ਕਿਹਾ ਜਾਂਦਾ ਹੈ ਕਿਉਂ ਕਿ ਉਸ ਸਭਿਅਤਾ ਦੇ ਬਾਨੀ ਸਿੰਧ ਦਰਿਆ ਦੇ ਸਿਲਸਿਲੇ ਦੁਆਰਾ ਸੈਰਾਬ ਕੀਤੀ ਧਰਤੀ ਉਤੇ ਵਸੇ ਸਨ।’’ ਇਸ ਤਰ੍ਹਾਂ ਡਾ. ਰਾਧਾ ਕ੍ਰਿਸ਼ਨਨ ਅਨੁਸਾਰ ਮੂਲ ਰੂਪ ਵਿਚ ਹਿੰਦੂ ਸ਼ਬਦ ਕਿਸੇ ਵਿਸ਼ਵਾਸ ਦਾ ਸੂਚਕ ਨਹੀਂ ਸੀ, ਸਗੋਂ ਇਕ ਵਿਸ਼ੇਸ਼ ਖ਼ਿਤੇ ਵਿਚ ਵਸੇ ਜਨ-ਸਮੂਹ ਲਈ ਵਰਤਿਆ ਜਾਂਦਾ ਸੀ।’’
ਉਸ ਕੇਸ ਵਿਚ ਹਿੰਦੂ ਧਰਮ ਦੇ ਵਿਕਾਸ ਵਿਚ ਆਏ ਵਖ ਵਖ ਪੜਾਵਾਂ ਦਾ ਜ਼ਿਕਰ ਕਰਦੇ ਹੋਏ ਇਹ ਦਸਿਆ ਗਿਆ ਹੈ ਕਿ ਵੱਖ ਵੱਖ ਸੰਪਰਦਾਇ ਹੋਂਦ ਵਿਚ ਆਉਂਦੇ ਰਹੇ ਹਨ, ਪਰ ਉਨ੍ਹਾਂ ਸਭਨਾਂ ਵਿਚਕਾਰ ਇਕ ਸੂਖਮ ਏਕਤਾ ਉਨ੍ਹਾਂ ਨੂੰ ਵਿਸ਼ਾਲ ਅਤੇ ਪ੍ਰਗਤੀਸ਼ੀਲ ਹਿੰਦੂ ਧਰਮ ਦੀਆਂ ਹੱਦਾਂ ਦੇ ਅੰਦਰ ਰੱਖਦੀ ਹੈ।
ਇਸ ਤਰ੍ਹਾਂ ਦੇ ਡੂੰਘੇ ਵਿਚਾਰ ਉਪਰੰਤ ਅਦਾਲਤ ਨੇ ਬਾਲ ਗੰਗਾਧਰ ਤਿਲਕ ਦੇ ਗੀਤਾ ਰਹੱਸ ਦੇ ਆਧਾਰ ਤੇ ਕਿਹਾ ਹੈ ਕਿ ਤਿਲਕ ਦੁਆਰਾ ਵਿਕਸਿਤ ਫ਼ਾਰਮੂਲਾ ਹਿੰਦੂ ਧਰਮ ਨੂੰ ਬਿਆਨ ਕਰਨ ਲਈ ਲੋੜ ਅਨੁਸਾਰ ਪੂਰਾ ਅਤੇ ਸੰਤੋਸ਼ਜਨਕ ਹੈ। ਤਿਲਕ ਦੁਆਰਾ ਵਿਕਸਿਤ ਫ਼ਾਰਮੂਲਾ ਨਿਮਨ ਅਨੁਸਾਰ ਹੈ:-
‘‘ਵੇਦਾਂ ਦੀ ਸਤਿਕਾਰ-ਪੂਰਣ ਸਵੀਕ੍ਰਿਤੀ, ਇਸ ਤੱਥ ਨੂੰ ਮੰਨਣਾ ਕਿ ਮੁਕਤੀ ਦੇ ਸਾਧਨ ਅਨੇਕ ਹਨ, ਇਸ ਸੱਚ ਦਾ ਅਹਿਸਾਸ ਕਿ ਪੂਜਾ ਲਈ ਦੇਵਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਇਹ ਹਿੰਦੂ ਧਰਮ ਦੇ ਨਿਖੜਵੇਂ ਅੰਗ ਹਨ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਹਿੰਦੂ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹਿੰਦੂ (ਸੰ.। ਸੰਸਕ੍ਰਿਤ ਸਿੰਧੂ ਦਾ ਪੱਛਮੀ ਲੋਕਾਂ ਨੇ ਹਿੰਦੂ ਬਨਾਇਆ, ਉਨ੍ਹਾਂ ਦੇ ਦੇਸ਼ ਤੋਂ ਦਰਯਾ ਸਿੰਧ ਦੇ ਕਿਨਾਰੇ ਤੇ ਇਸ ਤੋਂ ਪਾਰ ਵੱਸਣ ਵਾਲੇ ਲੋਕ ਹਿੰਦੂ)।
੧. ਹਿੰਦ ਦੇਸ਼ ਦੇ ਵਾਸੀ ।
੨. ਹਿੰਦੂ ਓਹ ਲੋਕ ਜੋ ਹਿੰਦੁਸਤਾਨ ਵਿੱਚ ਵਸਦੇ ਹਨ ਤੇ ਪੁਰਾਤਨ ਆਰਯ ਕੁਲ ਦੇ ਹਨ, ਵੇਦ ਸ਼ਾਸਤ੍ਰ ਆਦਿ ਗ੍ਰੰਥਾਂ ਦੇ ਪੈਰੋ ਹਨ, ਚਾਹੇ ਉਨ੍ਹਾਂ ਵਿੱਚ ਹੋਰ ਕੁਲਾਂ ਦੇ ਪਹਲੇ ਲੋਕ ਬੀ ਰਲ ਚੁਕੇ ਹਨ। ਪੱਛਮ ਵਲੋਂ ਜੋ ਮੁਸਲਮਾਨ ਯਾ ਹੋਰ ਓਪਰੇ ਮੱਤਾਂ ਵਾਲੇ ਆਏ ਤੇ ਏਥੋਂ ਜੋ ਮੁਸਲਮਾਨ ਹੋ ਗਏ, ਉਨ੍ਹਾਂ ਦੇ ਟਾਕਰੇ ਤੇ ਹਿੰਦੂ ਹਨ ਜੋ ਇਥੋਂ ਦੇ ਰਹਿਣ ਵਾਲੇ ਸਨ*। ਯਥਾ-‘ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ’।
----------
* ਹਿੰਦੂ ਪਦ ਦੀ ਵ੍ਯਾਖ੍ਯਾ ਹਿੰਦੂ ਆਪ ਨਹੀਂ ਕਰ ਸਕਦੇ, ਅਮਰੀਕਾ ਵਿਚ ਹਿੰਦੂ ਹਿੰਦ ਵਾਸੀ ਨੂੰ ਕਹਿੰਦੇ ਹਨ। ਪੱਛਮੀ ਫ਼ਾਰਸੀ ਲੇਖਕ ਬੀ ਹਿੰਦ ਵਾਸੀ ਦੇ ਅਰਥ ਵਿਚ ਵਰਤਦੇ ਰਹੇ ਹਨ। ਫ਼ਾਰਸੀ ਲੁਗ਼ਾਤਾਂ ਵਿਚ ਇਸ ਪਦ ਦੇ ਅਰਥ ਗ਼ੁਲਾਮ, ਕਾਲਾ ਤੇ ਚੋਰ ਬੀ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਹਿੰਦੂ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹਿੰਦੂ : ‘ਹਿੰਦੂ’ ਸ਼ਬਦ ਦੇ ਸ਼ਾਬਦਿਕ ਅਰਥਾਂ ਸੰਬੰਧੀ ਵਿਦਵਾਨਾਂ ਵਿਚ ਅਨੇਕ ਰਾਵਾਂ ਹਨ। ਕੁਝ ਤਾਂ ਇਸ ਨੂੰ ਇਕ ਧਰਮ ਸਵੀਕਾਰਦੇ ਹਨ ਅਤੇ ਕੁਝ ਇਸ ਧਰਮ ਨਾ ਸਮਝਦਿਆਂ ਜੀਵਨ ਜਾਚ ਦਾ ਨਾਂ ਦਿੰਦੇ ਹਨ। ਕਿਸੇ ਸਮੇਂ ਇਹ ਸ਼ਬਦ ਸਿੰਧੂ ਨਦੀ ਦੇ ਆਸੇ ਪਾਸੇ ਵੱਸਣ ਵਾਲੇ ਪ੍ਰਚੀਨ ਲੋਕਾਂ ਲਈ ਵਰਤਿਆ ਜਾਂਦਾ ਸੀ। ਇਹ ਲੋਕ ਆਪਣੇ ਆਪ ਨੂੰ ਆਰਯ ਲੋਕਾਂ ਵਿਚੋਂ ਮੰਨਦੇ ਸਨ। ਵਿਦੇਸ਼ੀਆਂ ਨੇ ਇਨ੍ਹਾਂ ਨੂੰ ਸਿੰਧੂ (ਜਾਂ ਹਿੰਦੂ) ਨਦੀ ਦੇ ਲਾਗਲੇ ਵਸਨੀਕ ਹੋਣ ਕਰਕੇ ਹਿੰਦੂ (ਸਿੰਧੂ) ਲਿਖਿਆ ਜਾਂਦਾ ਹੈ। ਪਿੱਛੋਂ ਸਾਰੇ ਭਾਰਤ ਵਾਸੀਆਂ ਨੂੰ ਹਿੰਦੂ ਆਖਿਆ ਜਾਣ ਲੱਗਾ। ਆਰ. ਸੀ. ਜੈਨਰ (R. C. Jachnner) ਨੇ ‘ਹਿੰਦੂ’ ਸ਼ਬਦ ਨੂੰ ਫ਼ਾਰਸੀ ਸ਼ਬਦ ਦੱਸਦਿਆਂ ਇਸ ਦੇ ਅਰਥ ‘ਭਾਰਤੀ’ ਕੀਤੇ ਹਨ ਅਤੇ ਹਿੰਦੂ–ਇਜ਼ਮ ਤੋਂ ਭਾਰਤੀ ਲੋਕਾਂ ਦਾ ਵਾਦ (ism), ਕਿਉਂਕਿ ਵਾਦ ਪਿਛੇਤਰ ਕਦੇ ਕਿਸੇ ਵਿਅਕਤੀ ਦੇ ਨਾਂ ਨਾਲ ਨਹੀਂ ਲੱਗਦਾ। ਇਸ ਦੇ ਨਾਲ ਹੀ ਉਹ ਹੈਲੈਨਿਜ਼ਮ (Hellenism) ਅਤੇ ਜੂਡੇਇਜ਼ਮ (Judaism) ਵਾਂਗ ਹਿੰਦੂਇਜ਼ਮ ਨੂੰ ਪਹਿਲਾਂ ਜ਼ਿੰਦਗੀ ਦਾ ਇਕ ਤਰੀਕਾ ਮੰਨਦਾ ਹੈ, ਦੂਜੇ ਇਕ ਧਰਮ । ਡਾ. ਰਾਧਾ ਕ੍ਰਿਸ਼ਨਨ ਨੇ ਆਪਣੀ ਪੁਸਤਕ (The way of life) ਵਿਚ ਹਿੰਦੂਇਜ਼ਮ ਨੂੰ ਹੈਲੈਨਿਜ਼ਮ ਤੇ ਜੂਡੇਇਜ਼ਮ ਵਾਂਗ ਲੋਕਾਂ ਦੀ ਜ਼ਿੰਦਗੀ ਦਾ ਇਕ ਤੌਰ ਤਰੀਕਾ ਲਿਖਿਆ ਹੈ, ਨਾ ਕਿ ਇਕ ਧਰਮ। ਪਰ ਫਿਰ ਵੀ ਇਹ ਰੱਬੀ ਦੇਣ ਸੰਬੰਧੀ ਇਕ ਆਗਿਆਕਾਰਤਾ ਹੈ। ਇਸ ਪਦ ਦੇ ਅਰਥ ਸਮੇਂ ਸਮੇਂ, ਵੱਖੋ ਵੱਖ ਜਾਤੀਆਂ ਦੇ ਸੁਭਾਵਾਂ ਮੁਤਾਬਕ ਬਦਲਦੇ ਆਏ ਹਨ। ਵੇਦਾਂ ਦੇ ਸਮੇਂ ਇਸ ਪਦ ਦੇ ਅਰਥ ਹੋਰ ਸਨ, ਬ੍ਰਾਹਮਣ ਗ੍ਰੰਥਾਂ ਵਿਚ ਹੋਰ ਤੇ ਬੁੱਧ ਧਰਮ ਵੇਲੇ ਹੋਰ। ਹੁਣ ਵੀ ਹਿੰਦੂ ਪਦ ਦੇ ਅਰਥ ਵੈਸ਼ਨੋ ਹੋਰ, ਸ਼ਿਵ ਉਪਾਸਕ ਹੋਰ ਅਤੇ ਸ਼ਕਤੀ ਦਾ ਉਪਾਸਕ ਹੋਰ ਕਰੇਗਾ। ਧਰਮਾਂ ਦੇ ਕੋਸ਼ ਵਿਚ ਵਿਲੀਅਮ ਰਰੁਕਸ ਨੇ ਲਿਖਿਆ ਹੈ ਕਿ ਹਿੰਦੂ ਪਦ ਦੀ ਪਰਿਭਾਸ਼ਾ ਲੱਭਣ ਜਿੰਨਾ ਕੋਈ ਮਾਮਲਾ ਕਠਿਨ ਨਹੀਂ। ਵੱਖ ਵੱਖ ਸਮਿਆਂ ਤੇ ਵੱਖ ਵੱਖ ਕਸੌਟੀਆਂ ‘ਹਿੰਦੂ’ ਪਦ ਦੇ ਅਰਥ ਲੱਭਣ ਲਈ ਘੜੀਆਂ ਗਈਆਂ, ਪਰ ਉਹ ਸਭ ਅਧੂਰੀਆਂ ਹੀ ਰਹੀਆਂ। ਮੈਕਨਿਕਲ ਦਾ ਖ਼ਿਆਲ ਹੈ ਕਿ “ਹਿੰਦੂ ਧਰਮ ਦੇ ਠੀਕ ਅਰਥ ਕਦੇ ਵੀ ਕੋਈ ਵਿਅਕਤੀ ਨਹੀਂ ਕਰ ਸਕੇਗਾ। ਕਿਉਂਕਿ ਇਹ ਕੋਈ ਅਜਿਹਾ ਮੱਤ ਨਹੀਂ ਜਿਸ ਦੇ ਨਿਯਮ ਸਦਾ ਲਈ ਪੱਕੇ ਤੌਰ ਤੇ ਇਕ ਥਾਂ ਤੇ ਲਿਖ ਦਿੱਤੇ ਗਏ ਹੋਣ। ਇਹ ਧਰਮਾਂ ਦਾ ਸਮੂਹ ਤਾਂ ਹੋ ਸਕਦਾ ਹੈ ਪਰ ਇਕ ਧਰਮ ਨਹੀਂ। ਹਿੰਦੂ ਪਦ ਬੜਾ ਖੁੱਲ੍ਹਾ ਪਦ ਹੈ ਜਿਸ ਨੇ ਕਈ ਮੱਤਾਂ ਮੱਤਾਂਤਰਾਂ ਦੀ ਖਿਚੜੀ ਨੂੰ ਅਪਣਾਇਆ ਹੋਇਆ ਹੈ। “ਇਹ ਇਕ ਸਮਾਜਕ ਢਾਂਚੇ ਵਿਚ ਕਈ ਧਰਮਾਂ ਦਾ ਮਿਲਗੋਭਾ ਹੈ” ਗੋਬਿੰਦ ਦਾਸ ਆਪਣੀ ਪੁਸਤਕ ‘ਹਿੰਦ ਧਰਮ’ ਵਿਚ ਲਿਖਦਾ ਹੈ ਕਿ ਹਿੰਦੂ ਪਦ ਕਿਸੇ ਧਰਮ ਜਾਂ ਮਜ਼ਹਬ ਦੇ ਵਾਚਕ ਨਹੀਂ ਸਗੋਂ ਇਹ ਤਾਂ ਇਨਸਾਨੀ ਜਜ਼ਬਿਆਂ ਦੀ ਇਕ ਲਹਿਰ ਦਾ ਨਾਉਂ ਹੈ। ਡਾ. ਰਾਧਾ ਕ੍ਰਿਸ਼ਨਨ ਨੇ ਆਪਣੀ ਪੁਸਤਕ ‘ਇੰਡੀਅਨ ਫ਼ਿਲਾਸਫ਼ੀ’ ਵਿਚ ਲਿਖਿਆ ਹੈ ਕਿ ਹਿੰਦੂ ਪਦ ਤਾਂ ਭਾਂਤ ਭਾਂਤ ਦੀਆਂ ਫ਼ਿਲਾਸਫ਼ੀਆਂ, ਭਿੰਨ ਭਿੰਨ ਧਰਮਾਂ, ਪੁਰਾਣਾਂ ਤੇ ਕਈ ਤਰ੍ਹਾਂ ਦੇ ਜਾਦੂ–ਟੂਣਿਆਂ ਦੇ ਅਰਥ ਦੇਣ ਲੱਗ ਪਿਆ ਹੈ। ਵਿਦਵਾਨਾਂ ਅਨੁਸਾਰ ਹਿੰਦੂ ਧਰਮ ਜਾਂ ਸਭਿਅਤਾ ਅਸਲ ਵਿਚ ਆਰਯਾਂ ਅਤੇ ਆਰਯਾਂ ਤੋਂ ਪਹਿਲਾਂ ਦੇ ਵਸਨੀਕਾਂ ਦੀਆਂ ਸਭਿਆਤਾਵਾਂ ਦਾ ਸੁਮੇਲ ਹੈ, ਜਿਸ ਦਾ ਪਿੱਛੋਂ ਦਰਵਾੜਾਂ ਦੀ ਸਭਿਅਤਾ ਨਾਲ ਵੀ ਮੇਲ ਹੋਇਆ। ਇਸ ਤਰ੍ਹਾਂ ਅਜੋਕੀ ਹਿੰਦੂ ਸਭਿਅਤਾ ਆਰਯ, ਸਿੰਧੀ ਅਤੇ ਦੱਖਣੀ ਸਭਿਅਤਾ ਦੀ ਮਿਲਗੋਭਾ ਹੈ। ਗੱਲ ਕੀ ਹਿੰਦੂ ਸਭਿਅਤਾ ਦਾ ਸ਼ੋਮਣੀ ਮੁੱਢ ਉਪਰੋਕਤ ਤ੍ਰੈਮੇਲ ਹੈ। ‘ਹਿੰਦੂ’ ਪਦ ਦੀ ਨਿਰਦੋਸ਼ ਵਿਆਖਿਆ ਭਾਵੇਂ ਅਜੇ ਤਕ ਕੋਈ ਨਹੀਂ ਕੀਤੀ ਜਾ ਸਕੀ, ਪਰ ਫਿਰ ਵੀ ਹਿੰਦੂ ਦੇ ਲੱਛਣ ਇਹ ਮੰਨੇ ਜਾਂਦੇ ਹਨ–(ੳ) ਚਾਰ ਵਰਣਾਂ ਦੀ ਮਰਯਾਦਾ ਰੱਖਦਾ ਹੋਵੇ, (ਅ) ਵੇਦਾਂ ਨੂੰ ਧਰਮ ਪੁਸਤਕਾਂ ਮੰਨਦਾ ਹੋਵੇ,(ੲ) ਗਊ ਦਾ ਮਾਸ ਨਾ ਖਾਂਦਾ ਹੋਵੇ, (ਸ) ਕਰਮਾਂ ਉਪਰ ਨਿਸ਼ਚਾ ਰੱਖਦਾ ਹੋਵੇ, (ਹ) ਮੁਰਦੇ ਨੂੰ ਸਾੜਨ ਵਿਚ ਯਕੀਨ ਰੱਖਦਾ ਹੋਵੇ।
ਅਰਬੀ ਫ਼ਾਰਸੀ ਦੇ ਬਹੁਤ ਸਾਰੇ ਕਵੀਆਂ ਨੇ ਚੋਰ, ਗ਼ੁਲਾਮ ਅਤੇ ਕਾਲੇ ਵਿਅਕਤੀ ਲਈ ‘ਹਿੰਦੂ’ ਸ਼ਬਦ ਵਰਤਿਆ ਹੈ। ਇਸੇ ਲਈ ਬਹੁਤਿਆਂ ਨੇ ਕਾਲ ਦਾਗ਼ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ। ਸੰਭਵ ਹੈ ਕਿ ਇਹ ਰੀਤ ਕ੍ਰਿਸ਼ਣ ਮਹਾਰਾਜ ਦੇ ਕਾਲੇ ਰੰਗ ਕਰਕੇ ਪ੍ਰਚੱਲਿਤ ਹੋ ਗਈ ਹੋਵੇ। ਪਰ ਗੁਰੂ ਸਾਹਿਬ ਨੇ ਮਨੁੱਖ ਮਨੁੱਖ ਵਿਚ ਕੋਈ ਵਿੱਥ ਨਾ ਰੱਖ ਕੇ ਇਨਸਾਨ ਨੂੰ ਕਿਸੇ ਵੀ ਜਾਤ, ਕੌਮ ਜਾਂ ਮਜ਼ਹਬ ਤੋਂ ਉੱਪਰ ਦੱਸਦਿਆਂ ਹਿੰਦੂ ਤੇ ਮੁਸਲਮਾਨ ਦੇ ਝੇੜੇ ਨੂੰ ਇਨ੍ਹਾਂ ਸ਼ਬਦਾਂ ਨਾਲ ਨਿਬੇੜਿਆ ਹੈ :
‘ਨਾ ਹਮ ਹਿੰਦੂ ਨਾ ਮੁਸਲਮਾਨ।’ (ਭੈਰਉ, ਮ. ੨)
[ਸਹਾ . ਗ੍ਰੰਥ– ਮ. ਕੋ; ਭਾਈ ਕਾਨ੍ਹ ਸਿੰਘ ਲਾਭਾ :‘ਹਮ ਹਿੰਦੂ ਨਹੀਂ; ਗਿਆਨੀ ਸ਼ੇਰ ਸਿੰਘ ‘ਗੁਰਮਤ ਦਰਸ਼ਨ ’; ਗੋਬਿੰਦ ਦਾਸ: ‘ਹਿੰਦੂ ਧਰਮ’ R.C Zaehner: Hinduism; Dr, Radhakrishnan: The Hindu Way of life, IndianPhilosophy, Encyclopedia Brtiannica; Encyclopedia of Religion and Ethics]
ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no
ਹਿੰਦੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਿੰਦੂ, ਪੁਲਿੰਗ : ਹਿੰਦ ਦਾ ਵਸਨੀਕ ਖਾਸ ਕਰਕੇ ਜੋ ਚਾਰ ਵੇਦਾਂ ਛੇ ਸ਼ਾਸਤਰਾਂ ਅਠਾਰਾਂ ਪੁਰਾਣਾਂ ਤੇ ਮਨੂੰ ਸਿਮਰਤੀ ਤੇ ਨਿਸ਼ਚਾ ਰੱਖਦਾ ਹੈ ਤੇ ਉਨ੍ਹਾਂ ਦੇ ਅਨੁਸਾਰ ਹੀ ਆਪਣੀਆਂ ਸਭ ਰਸਮਾਂ ਕਰਦਾ ਹੈ
–ਹਿੰਦੂਕਸ਼, ਹਿੰਦੂ-ਕੋਹ, ਪੁਲਿੰਗ : ਇੱਕ ਪਹਾੜ ਦਾ ਨਾਮ ਜਿਹੜਾ ਕਾਬਲ ਤੋਂ ੪0 ਕੋਹ ਅਗਾਂਹ ਹੈ
–ਹਿੰਦੂਆਨਾ, ਵਿਸ਼ੇਸ਼ਣ : ਹਿੰਦੂ ਤਰਜ਼ ਦਾ, ਹਿੰਦੂਆਂ ਵਾਲਾ, ਹੇਂਦਕਾ
–ਹਿੰਦੂ ਸੱਭਿਆਚਾਰ, (ਇਤਿਹਾਸ) / ਪੁਲਿੰਗ : ਹਿੰਦੂ ਸੰਸਕ੍ਰਿਤੀ, ਹਿੰਦੂ ਤਹਿਬੀਜ਼, ਹਿੰਦੂ ਰਹਿਣੀ ਬਹਿਣੀ, ਹਿੰਦੂ ਧਰਮ
–ਹਿੰਦੂ ਕਾਲ, (ਇਤਿਹਾਸ) / ਪੁਲਿੰਗ : ਭਾਰਤ ਵਿੱਚ ਮੁਸਲਮਾਨਾਂ ਦੀ ਹਕੂਮਤ ਕਾਇਮ ਹੋਣ ਤੋਂ ਪਹਿਲਾਂ ਦਾ ਸਮਾਂ
–ਹਿੰਦੂ ਧਰਮ, ਪੁਲਿੰਗ : ਚਾਰ ਵੇਦਾਂ ਛਿਆਂ ਸ਼ਾਸਤਰਾਂ ਤੇ ਮਨੂੰ ਸਿਮਰਤੀ ਤੇ ਆਧਾਰਤ ਜੀਵਨਜਾਚ ਜਾਂ ਰਹੁਰੀਤ
–ਹਿੰਦੂਮਤ, ਪੁਲਿੰਗ : ਹਿੰਦੂ ਧਰਮ
–ਹੇਂਦਕਾ, ਵਿਸ਼ੇਸ਼ਣ : ਹਿੰਦੂਆਂ ਦਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-02-02-20-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First