ਹੀਰਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Diamond (ਡਾਇਅਮਅਨਡ) ਹੀਰਾ: ਬਲੌਰੀ ਕਿਸਮ ਦਾ ਕਾਰਬਨ ਜਿਹੜਾ ਅਧਿਕ ਤਪਸ਼ ਅਤੇ ਦਬਾਅ ਕਾਰਨ ਬਣਦਾ ਹੈ। ਇਹ ਇਕ ਕੀਮਤੀ ਪੱਥਰ (a precious stone) ਕਰਕੇ ਜਾਣਿਆ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਹੀਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਰਾ [ਨਾਂਪੁ] ਇੱਕ ਕੀਮਤੀ ਰਤਨ , ਲਾਲ [ਵਿਸ਼ੇ] ਸੋਹਣਾ , ਪਿਆਰਾ , ਲਾਡਲਾ; ਖਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3829, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੀਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਰਾ. ਦੇਖੋ, ਹੀਰਅਤੇ ਹੀਰਕ. “ਹੀਰਾ ਨਾਮੁ ਜਵੇਹਰ ਲਾਲੁ.” (ਆਸਾ ਅ: ਮ: ੧) ੨ ਕਰਤਾਰ ਵਾਸਤੇ ਭੀ ਹੀਰਾ ਸ਼ਬਦ ਆਇਆ ਹੈ. ਭਾਵ ਅਰਥ ਹੈ ਕਿ ਜੋ ਉੱਤਮ ਰਤਨ ਰੂਪ ਹੈ ਅਤੇ ਜਿਸ ਤੇ ਕਿਸੇ ਰੰਗ ਦਾ ਅਸਰ ਨਹੀਂ ਹੁੰਦਾ, ਅਰ ਉਸ ਦੀ ਚਮਕ ਸਭ ਉੱਪਰ ਪੈਂਦੀ ਹੈ. “ਹੀਰੇ ਕਰਉ ਅਦੇਸ.” (ਰਾਮ ਕਬੀਰ) ੩ ਜੀਵਾਤਮਾ. “ਹੀਰੈ ਹੀਰਾ ਬੇਧਿ.” (ਆਸਾ ਕਬੀਰ) ੪ ਉੱਤਮ ਪੁਰਖ ਭੀ ਹੀਰਾ ਕਹਿਆ ਜਾਂਦਾ ਹੈ। ੫ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ , ਜੋ ਵਡਾ ਬਹਾਦੁਰ

ਸੀ, ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਘੋਰ ਯੁੱਧ ਕੀਤਾ। ੬ ਸੰ. हीरा. ਲ੖ਮੀ। ੭ ਕੀੜੀ । ੮ ਹੀਅਰਾ ਦਾ ਸੰਖੇਪ। ੯ ਖ਼ਾ. ਚਿੱਟਾ ਕੇਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੀਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹੀਰਾ ਹੀਰੇ ਵਰਗਾ ਕੀਮਤੀ- ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ। ਵੇਖੋ ਹੀਰ, ਹੀਰਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹੀਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੀਰਾ : ਹੀਰਾ ਦੁਨੀਆ ਦਾ ਸਭ ਤੋਂ ਅਨਮੋਲ ਖਣਿਜ ਹੈ, ਜਿਹੜਾ ਕਿ ਸ਼ੁੱਧ ਕਾਰਬਨ ਦਾ ਬਣਿਆ ਹੁੰਦਾ ਹੈ। ਇਹ ਸਭ ਤੋਂ ਵੱਧ ਚਮਕਦਾਰ, ਨਾਸ਼-ਰਹਿਤ, ਅਤੇ ਸਭ ਤੋਂ ਵੱਧ ਸਖ਼ਤ ਪਦਾਰਥ ਹੈ। ਮੋਹ ਪੈਮਾਨੇ ਤੇ ਇਸ ਦੀ ਕਠੋਰਤਾ 10 ਹੈ। ਹੀਰਾ ਹਰ ਇਕ ਕਠੋਰ ਵਸਤੂ ਨੂੰ ਕੱਟ ਸਕਦਾ ਹੈ, ਪ੍ਰੰਤੂ ਹੀਰੇ ਨੂੰ ਹੀਰਾ ਹੀ ਕੱਟ ਸਕਦਾ ਹੈ। ਹੀਰੇ ਦੀ ਸਾਪੇਖੀ ਘਣਤਾ 3.5 ਅਤੇ ਅਪਵਰਤਨ-ਅੰਕ 2.42 ਹੈ।

          ਹੀਰੇ ਦੀ ਚਮਕ ਉਸ ਦੀ ਕਟਾਈ ਤੇ ਨਿਰਭਰ ਹੁੰਦੀ ਹੈ। ਹੀਰੇ ਇਕ ਖਾਸ ਨਮੂਨੇ ਅਨੁਸਾਰ ਕੱਟੇ ਜਾਂਦੇ ਹਨ, ਜਿਸ ਨਾਲ ਇਸ ਦੇ ਅੰਦਰ ਜਾਣ ਵਾਲੀਆਂ ਕਿਰਨਾਂ ਰੌਸ਼ਨੀ ਦੇ ਹੜ੍ਹ ਵਾਂਗ ਬਾਹਰ ਚਮਕਦੀਆਂ ਅਤੇ ਲਿਸ਼ਕ ਮਾਰਦੀਆਂ ਨਿਕਲਦੀਆਂ ਹਨ। ਕੁਦਰਤੀ ਤੌਰ ਤੇ ਮਿਲਣ ਵਾਲੇ ਹੀਰੇ ਲਿਸ਼ਕ ਨਹੀਂ ਮਾਰਦੇ ਅਤੇ ਉਨ੍ਹਾਂ ਦੀ ਸ਼ਕਲ ਥਿੰਧਾਈ ਵਾਲੀ ਜਾਂ ਚਿਕਨਾਈਦਾਰ ਜਾਪਦੀ ਹੈ, ਜਿਵੇਂ ਗੂੰਦ ਦੇ ਢੇਲੇ ਦੀ ਕਟਾਈ ਮਗਰੋਂ ਉਹ ਬਹੁਤ ਕੀਮਤੀ ਚੀਜ਼ ਬਣ ਜਾਂਦੇ ਹਨ ਅਤੇ ਸੋਨੇ ਅਤੇ ਪਲੈਟਿਨਮ ਵਿਚ ਮੜ੍ਹੇ ਜਾਂਦੇ ਹਨ, ਤਾਜ਼ਾਂ, ਤਖ਼ਤਾਂ ਅਤੇ ਅੰਗੂਠੀਆਂ ਵਿਚ ਜੜ੍ਹੇ ਜਾਂਦੇ ਹਨ।

          ਸਾਫ਼ ਹੀਰੇ ਸ਼ੀਸ਼ੇ ਦੀ ਤਰ੍ਹਾਂ ਬੇਦਾਗ਼ ਹੁੰਦੇ ਹਨ। ਕਈ ਵਾਰ ਇਨ੍ਹਾਂ ਦਾ ਰੰਗ ਪੀਲਾ ਨਸਵਾਰੀ ਜਾਂ ਚਿੱਟਾ ਵੀ ਹੁੰਦਾ ਹੈ। ਕਦੇ ਕਦੇ ਹੀਰੇ ਲਾਲ ਅਤੇ ਨੀਲੇ ਰੰਗ ਦੇ ਵੀ ਹੁੰਦੇ ਹਨ, ਜੋ ਬਹੁ-ਮੁੱਲੇ ਮਿਥੇ ਜਾਂਦੇ ਹਨ। ਹੀਰੇ ਦਾ ਮੁਲ ਉਸ ਦੇ ਵਜ਼ਨ, ਲਿਸ਼ਕ ਅਤੇ ਇਕ ਰੰਗ ਹੋਣ ਦੇ ਨਿਰਭਰ ਹੁੰਦਾ ਹੈ। ਹੀਰੇ ਕਾਲੇ ਰੰਗ ਦੇ ਵੀ ਹੁੰਦੇ ਹਨ ਪਰ ਇਨ੍ਹਾਂ ਨੂੰ ਹੀਰੇ ਕੱਟਣ ਅਤੇ ਪਾਲਿਸ਼ ਕਰਨ ਆਦਿ ਲਈ ਵਰਤਿਆ ਜਾਂਦਾ ਹੈ।

          ਹੀਰੇ ਤਿੰਨ ਕਿਸਮਾਂ ਦੇ ਡਿਪਾਜ਼ਿਟਾਂ ਵਿਚੋਂ ਮਿਲੇ ਹਨ––ਜਲੋਢ ਬਜਰੀ, ਗਲੇਸ਼ਰੀ ਕੱਲਰ ਜ਼ਮੀਨਾਂ ਅਤੇ ਕਿੰਬਰਲੀ ਪਾਈਪਾਂ ਵਿਚੋਂ। ਸਿਰਫ਼ ਕਿੰਬਰਲੀ ਪਾਈਪਾਂ ਵਿਚ ਹੀ ਇਹ ਮੂਲ ਚਟਾਨਾਂ ਵਿਚ ਮਿਲਦੇ ਹਨ, ਜਿਥੋਂ ਉਹ ਬਣੇ ਮੰਨੇ ਜਾਂਦੇ ਹਨ। ਕਿਆਸ ਕੀਤਾ ਜਾਂਦਾ ਹੈ ਕਿ ਹੀਰੇ ਕਿੰਬਰਲੀ ਵਿਚ ਕੋਈ 120 ਕਿ. ਮੀ. ਤੋਂ ਵੱਧ ਡੂੰਘਾਈ ਤੇ ਬਣੇ ਸਨ ਅਤੇ ਬਾਅਦ ਵਿਚ ਕਿੰਬਰਲੀ ਪੇਪੜੀ ਦੇ ਉਪਰਲੇ ਹਿੱਸਿਆਂ ਵਿਚ ਕਾਰਬਨ ਡਾਇਆਕਸਾਈਡ ਯੁਕਤ ਠੋਸ ਅਤੇ ਤਰਲ ਮਾਦੇ ਦੇ ਰੂਪ ਵਿਚ ਵਿਕਸਤ ਹੋਇਆ ਸੀ। ਇਸ ਕਥਨ ਦੀ ਸਚਾਈ ਹੀਰਿਆਂ ਦੇ ਸੰਸ਼ਲੇਸ਼ਣ ਲਈ ਲੋੜੀਂਦੀਆਂ ਹਾਲਤਾਂ ਤੋਂ ਸਾਬਤ ਹੋ ਜਾਂਦੀ ਹੈ।

          ਭੂਗੋਲਿਕ ਦ੍ਰਿਸ਼ਟੀ ਤੋਂ ਦੇਸ਼ ਵਿਚ ਹੀਰਾ ਮਿਲਨ ਵਾਲੇ ਪ੍ਰਦੇਸ਼ਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ––ਮੱਧ ਭਾਰਤੀ ਖੇਤਰ, ਦੱਖਣੀ ਖੇਤਰ ਅਤੇ ਪੂਰਬੀ ਖੇਤਰ।

          ਹੀਰੇ ਕੱਢਣ ਦੇ ਤਰੀਕੇ––ਮੱਧ ਭਾਰਤੀ ਖੇਤਰ ਵਿਚ ਸ਼ੇਲ ਪਰਤਾਂ ਵਿਚ ਮਿਲਨ ਵਾਲੇ ਹੀਰੇ, ਖੁਦਾਈ ਕਰਕੇ ਕੱਢੇ ਜਾਂਦੇ ਹਨ। ਇਥੇ ਪੱਥਰ ਬਹੁਤ ਜ਼ਿਆਦਾ ਕਠੋਰ ਹੁੰਦੇ ਹਨ ਇਸ ਲਈ ਇਨ੍ਹਾਂ ਨੂੰ ਪਹਿਲਾਂ ਬਾਲ੍ਹਨ ਰਾਹੀਂ ਗਰਮ ਕਰਦੇ ਹਨ। ਫਿਰ ਇਨ੍ਹਾਂ ਗਰਮ ਟੁਕੜਿਆਂ ਉਤੇ ਇਕ ਦਮ ਪਾਣੀ ਪਾ ਦਿੱਤਾ ਜਾਂਦਾ ਹੈ ਜਿਸ ਕਰਕੇ ਪੱਥਰ ਦੇ ਇਹ ਟੁਕੜੇ ਟੁੱਟ ਜਾਂਦੇ ਹਨ। ਫਿਰ ਇਨ੍ਹਾਂ ਟੁਕੜਿਆਂ ਨੂੰ ਤੋੜਕੇ, ਚੂਰਾ ਬਣਾਕੇ, ਸੁਕਾ ਲਿਆ ਜਾਂਦਾ ਹੈ ਅਤੇ ਵਿਚੋਂ ਹੀਰੇ ਚੁਣ ਲਏ ਜਾਂਦੇ ਹਨ।

          ਜਲੋਢ ਅਤੇ ਬਜਰੀ ਦੀਆਂ ਖਾਣਾਂ ਦੀ ਵਿਧੀ ਬਹੁਤ ਸਾਧਾਰਨ ਹੈ। ਸਾਧਾਰਨ ਯੰਤਰਾਂ ਨਾਲ ਖੋਦ ਕੇ, ਧੋ ਕੇ, ਹੀਰੇ ਕੱਢੇ ਜਾਂਦੇ ਹਨ। ਦੱਖਣੀ ਅਤੇ ਪੂਰਬੀ ਖੇਤਰਾਂ ਵਿਚ ਵੀ ਹੀਰੇ ਇਸੇ ਵਿਧੀ ਨਾਲ ਕੱਢੇ ਜਾਂਦੇ ਹਨ। ਹੁਣ ਹੀਰੇ ਕੱਢਣ ਲਈ ਖੁਦਾਈ ਤੋਂ ਲੈ ਕੇ ਚੁਣਨ ਤੱਕ ਸਾਰੇ ਯੰਤਰਾਂ ਰਾਹੀਂ ਹੋਣ ਲਗ ਪਏ ਹਨ।

          ਹੀਰਾ ਜਿਥੇ ਸੁਹਪਣ ਵਿਚ ਲਾਜਵਾਬ ਹੈ ਉਥੇ ਇਸ ਦੀ ਆਮ ਕੰਮਕਾਜ ਵਿਚ ਵਰਤੋਂ ਵੀ ਬੇ-ਮਿਸਾਲ ਹੈ। ਅਸੀਂ ਸ਼ੀਸ਼ਾ ਕੱਟਣ ਲਈ ਹੀਰੇ ਦੀ ਕਲਮ ਵਰਤਦੇ ਹਾਂ, ਚਟਾਨਾਂ ਵਿਚ ਖੂਹ ਪੁੱਟਣ ਲਈ ਹੀਰੇ ਦੀਆਂ ਡਰਿਲਾਂ ਜਾਂ ਵਰਮੇ ਚਲਾਉਂਦੇ ਹਾਂ, ਸਖ਼ਤ ਫੌਲਾਦ ਵਿਚ ਇਕਸਾਰ ਸੁਰਾਖ ਕੱਢਣ ਲਈ ਇਸ ਦੇ ਵਰਮੇ ਵਰਤਦੇ ਹਾਂ ਅਤੇ ਇਨ੍ਹਾਂ ਨੂੰ ਘੜੀਆਂ ਅਤੇ ਹੋਰ ਨਾਜ਼ਕ ਯੰਤਰਾਂ ਵਿਚ ਵੀ ਵਰਤਦੇ ਹਾਂ।

          ਡਿਸਚਾਰਜ ਟਿਊਬ ਦੀ ਰੋਸ਼ਨੀ ਵਿਚ ਰੱਖਣ ਨਾਲ ਹੀਰੇ ਆਪਣੀ ਵੱਖਰੀ ਕਿਸਮ ਦੀ ਚਮਕ ਦਿੰਦੇ ਹਨ, ਜਿਸ ਦੁਆਰਾ ਅਸਲੀ ਅਤੇ ਨਕਲੀ ਹੀਰੇ ਦੀ ਪਛਾਣ ਕੀਤੀ ਜਾ ਸਕਦੀ ਹੈ। ਹੀਰਾ ਗਰਮੀ ਦਾ ਚਾਲਕ ਪ੍ਰੰਤੂ ਬਿਜਲੀ ਦਾ ਅਚਾਲਕ ਹੁੰਦਾ ਹੈ। ਇਸ ਵਿਚੋਂ ਐੱਕਸਕਿਰਨਾਂ ਬਿਨਾਂ ਰੋਕ ਟੋਕ ਦੇ ਲੰਘਦੀਆਂ ਹਨ। ਹੀਰਾ ਆਕਸੀਜਨ ਵਿਚ ਗਰਮ ਕਰਨ ਤੇ ਬਲ ਉਠਦਾ ਹੈ ਅਤੇ ਕਾਰਬਨ ਡਾਈਆਕਸਾਈਡ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਬਣਦੀ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਹੀਰਾ ਕਾਰਬਨ ਦੀ ਸਾਰਿਆਂ ਨਾਲੋਂ ਸ਼ੁੱਧ ਕਿਸਮ ਹੈ।

          ਹਰ ਇਕ ਮੁਲਕ ਵਿਚ ਕੁਝ ਨਾ ਕੁਝ ਅਜਿਹੇ ਹੀਰੇ ਹਨ ਜੋ ਉਸ ਮੁਲਕ ਦੀ ਅਤਿਅੰਤ ਕੀਮਤੀ ਜਾਇਦਾਦ ਸਮਝੇ ਜਾਂਦੇ ਹਨ। ਭਾਰਤ ਨੂੰ ਕੁੱਝ ਹੀਰਿਆਂ ਤੇ ਮਾਣ ਹੈ। ਪਰ ਭਾਰਤ ਨੂੰ ਇਸ ਸਬੰਧੀ ਇਕ ਹੋਰ ਮਾਣ ਵੀ ਪ੍ਰਾਪਤ ਹੈ ਕਿਉਂਕਿ ਦੁਨੀਆ ਦੇ ਬਹੁਮੁੱਲੇ ਤੇ ਬੇਮਿਸਾਲ ਹੀਰੇ ਭਾਰਤ ਦੀਆਂ ਖਾਣਾਂ ਵਿਚੋਂ ਹੀ ਕੱਢੇ ਗਏ ਸਨ। ਸੋਲ੍ਹਵੀ ਸਦੀ ਵਿਚ ਜਦੋਂ ਭਾਰਤ ਵਿਚ ਗਲੋਕੰਡਾ ਦੀਆਂ ਖਾਣਾਂ ’ਚੋਂ ਹੀਰਿਆਂ ਦੀ ਖੁਦਾਈ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਸੀ, ਉਸ ਵੇਲੇ ਯੂਰਪ ਦੀਆਂ ਰਾਜਧਾਨੀਆਂ ਵਿਚ ਹੀਰਿਆਂ ਦਾ ਕਥਨ ਸਿਰਫ ਅਲਫ ਲੈਲਾ ਦੀਆਂ ਕਹਾਣੀਆਂ ਵਿਚ ਹੀ ਮਿਲਦਾ ਸੀ; ਉਸ ਵੇਲੇ ਭਾਰਤ ਵਿਚ ਹੀਰਿਆਂ ਦਾ ਵਪਾਰ ਹੋਇਆ ਕਰਦਾ ਸੀ।

          ਭਾਰਤ ਦਾ ਇਕ ਹੀਰਾ, ਜਿਸ ਨੂੰ ਗਰੇਟ ਮੁਗਲ ਦਾ ਨਾਂ ਦਿੱਤਾ ਗਿਆ ਹੈ, ਗੋਲਕੰਡਾ ਦੀ ਖਾਣ ਵਿਚੋਂ ਕੱਢਿਆ ਗਿਆ ਸੀ। ਉਸ ਦਾ ਵਜ਼ਨ 817 ਮੀਟ੍ਰਿਕ ਕੈਰਟ ਸੀ ਪ੍ਰੰਤੂ ਕਟਾਈ ਮਗਰੋਂ ਉਹ 287½ ਕੈਰਟ ਰਹਿ ਗਿਆ  ਸੀ। ਇਹ ਹੀਰਾ ਔਰੰਗਜ਼ੇਬ ਦੇ ਕੀਮਤੀ ਹੀਰਿਆਂ ਵਿਚੋਂ ਇਕ ਸੀ।

          ਇਕ ਹੀਰਾ ਜਿਸ ਦਾ ਨਾਂ ਔਰਲਾਫ ਹੈ, ਕਿਸੇ ਜ਼ਮਾਨੇ ਵਿਚ ਇਕ ਮੰਦਰ ਦੀ ਮੂਰਤੀ ਦੀ ਅੱਖ ਹੁੰਦਾ ਸੀ, ਜਿਥੋਂ ਇਕ ਫਰਾਂਸੀਸੀ ਫੌਜੀ ਨੇ ਇਸ ਨੂੰ ਚੁਰਾ ਲਿਆ ਸੀ। ਇਸ ਹੀਰੇ ਨੂੰ ਸ਼ਾਹਜ਼ਾਦ ਔਰਲਾਫ ਨੇ 90,000 ਪੌਂਡ ਦੀ ਰਕਮ ਦੇ ਕੇ ਖਰੀਦ ਲਿਆ ਸੀ। ਇਸ ਦਾ ਵਜ਼ਨ 199.6 ਕੈਰਟ ਹੈ ਅਤੇ ਰੰਗ ਹਲਕਾ ਪੀਲਾ ਹੈ। ਇਸ ਤਰ੍ਹਾਂ ਇਹ ਹੀਰਾ ਰੂਸ ਦੇ ਖਜ਼ਾਨੇ ਦਾ ਇਕ ਹੀਰਾ ਬਣ ਗਿਆ ਹੈ।

          ਕੋਹਿਨੂਰ ਹੀਰੇ ਦਾ ਨਾਂ ਭਾਰਤ ਦਾ ਬੱਚਾ ਬੱਚਾ ਜਾਣਦਾ ਹੈ। ਇਹ ਹੀਰਾ ਵੀ ਗੋਲਕੰਡਾ ਦੀ ਖਾਣ ਦੀ ਹੀ ਦੇਣ ਹੈ ਅਤੇ ਸ਼ਾਹਜਹਾਨ, ਔਰੰਗਜ਼ੇਬ, ਨਾਦਰਸ਼ਾਹ ਅਤੇ ਅਫ਼ਗਾਨ ਬਾਦਸ਼ਾਹਾਂ ਦੇ ਕਬਜ਼ੇ ਵਿਚ ਰਿਹਾ। ਫਿਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਆਇਆ। ਜਦ ਪੰਜਾਬ ਅੰਗਰੇਜ਼ੀ ਰਾਜ ਵਿਚ ਸ਼ਾਮਲ ਕੀਤਾ ਗਿਆਂ ਤਾਂ ਇਹ ਹੀਰਾ 1849 ਵਿਚ ਅੰਗਰੇਜ਼ਾਂ ਦੇ ਖ਼ਜ਼ਾਨੇ ਵਿਚ ਦਾਖ਼ਲ ਕੀਤਾ ਗਿਆ। ਇੰਗਲੈਂਡ ਲਿਆਉਣ ਵੇਲੇ ਇਸ ਹੀਰੇ ਦਾ ਵਜ਼ਨ 191 ਕੈਰਟ ਸੀ। ਪ੍ਰੰਤੂ ਇਹ ਹੀਰਾ ਲੰਡਨ ਵਿਚ ਫਿਰ ਕੱਟਿਆ ਗਿਆ ਅਤੇ ਇਸ ਦਾ ਭਾਰ 108 ਕੈਰਟ ਰਹਿ ਗਿਆ ਹੈ। ਅੱਜ ਕਲ੍ਹ ਇਹ ਹੀਰਾ ਇੰਗਲੈਂਡ ਦੇ ਤਾਜ ਵਿਚ ਜੜਿਆ ਹੋਇਆ ਉਸ ਦੀ ਸ਼ੋਭਾ ਵਧਾ ਰਿਹਾ ਹੈ।

          ਇਕ ਹੋਰ ਹੀਰਾ ਜਿਸ ਨੂੰ ਰੀਜੈਂਟ ਜਾਂ ਪਿੱਟ ਵੀ ਆਖਦੇ ਹਨ, ਮਦਰਾਸ ਦੇ ਗਵਰਨਰ ਪਿੱਟ ਨੇ ਖਰੀਦਿਆ ਸੀ, ਫਿਰ ਡੀਊਕ ਆਫ ਆਰਲੇਆਨਜ਼ ਨੇ ਇਸ ਨੂੰ ਖਰੀਦਿਆ। ਕਟਾਈ ਪਿਛੋਂ ਇਸ ਦਾ ਭਾਰ 140.5 ਕੈਰਟ ਰਹਿ ਗਿਆ। ਅੱਜ ਕਲ੍ਹ ਇਹ ਹੀਰਾ ਫਰਾਂਸ ਦੇ ਅਜਾਇਬ ਘਰ ਵਿਚ ਰੱਖਿਆ ਹੋਇਆ ਹੈ। ਇਕ ਹੋਰ ਹੀਰਾ ਜਿਸ ਦਾ ਨਾਂ ਨਿਜ਼ਾਮ ਹੈ, ਹੈਦਰਾਬਾਦ ਦੇ ਨਿਜ਼ਾਮ ਦੀ ਜਾਇਦਾਦ ਹੈ। ਇਸ ਦਾ ਵਜ਼ਨ 277 ਕੈਰਟ ਹੈ। ਇਸ ਨੂੰ ਇਕ ਵੱਡੇ ਹੀਰੇ, ਤੋਂ, ਜਿਸ ਦਾ ਵਜ਼ਨ ਪਹਿਲਾਂ 440 ਕੈਰਟ ਸੀ, ਤਰਾਸ਼ ਕੇ ਬਣਾਇਆ ਗਿਆ ਸੀ।

          ਇਸ ਤਰ੍ਹਾਂ ਇਕ ਹੀਰਾ ਜੋ ਚੌਰਸ ਸ਼ਕਲ ਦਾ ਹੈ, ਈਰਾਨ ਦੇ ਸ਼ਾਹ ਕੋਲ ਸੀ। ਇਹ ਹੀਰਾ ਵੀ ਗੋਲਕੰਡਾ ਦੀ ਖਾਣ ਵਿਚੋਂ ਹੀ ਕੱਢਿਆ ਗਿਆ ਸੀ। ਇਕ ਹੋਰ ਹੀਰਾ, ਜੋ ਈਰਾਨ ਦੇ ਸ਼ਾਹ ਕੋਲ ਹੈ, ਗੁਲਾਬ ਦੇ ਫੁੱਲ ਦੀ ਸ਼ਕਲ ਵਿਚ ਕੱਟਿਆ ਹੋਇਆ ਹੈ। ਇਸ ਦਾ ਨਾਂ ਤਾਜ਼ੇਮਾਹ ਹੈ। ਇਕ ਬੇਮਿਸਾਲ ਹੀਰਾ ਜਿਸ ਦਾ ਨਾਂ ਦੱਖਣ ਦਾ ਸਿਤਾਰਾ ਹੈ, ਬੜੌਦਾ ਦੇ ਗਾਇਕਵਾੜ ਕੋਲ ਹੈ। ਇਹ ਹੀਰਾ 1853 ਵਿਚ ਲੱਭਿਆ ਸੀ। ਇਸ ਦਾ ਭਾਰ ਲਗਭਗ 261.9 ਕੈਰਟ ਸੀ ਅਤੇ ਇਸ ਦਾ ਮੁਲ 400,000 ਪੌਂਡ ਪਿਆ ਸੀ। ਅੱਜ ਕਲ੍ਹ ਇਸ ਦਾ ਵਜ਼ਨ 128.8 ਮੀਟ੍ਰਿਕ ਕੈਰਟ ਹੈ।

          ਇੰਗਲੈਂਡ ਦੇ ਤਾਜ ਦੇ ਦੋ ਹੀਰੇ ਜੋ ਆਪਣੀ ਸੁੰਦਰਤਾ ਵਿਚ ਬੇਮਿਸਾਲ ਹਨ, ਹੋਪ ਅਤੇ ਡਰੈੱਸਡੈੱਨ ਗਰੀਨ ਨਾਂ ਦੇ ਹਨ। ਹੋਪ ਖ਼ੂਬਸੂਰਤ ਨੀਲੇ ਰੰਗ ਦਾ ਹੈ ਅਤੇ ਇਸ ਦਾ ਭਾਰ 44 ਕੈਰਟ ਹੈ। ਡਰੈੱਸਡੈੱਨ ਹੀਰਾ ਫਿੱਕੇ ਹਰੇ ਰੰਗ ਦਾ ਹੈ ਅਤੇ ਇਸ ਦਾ ਭਾਰ 41.1 ਮੀਟ੍ਰਿਕ ਕੈਰਟ ਹੈ। ਆਸਟਰੀਆ ਦੇ ਤਾਜ ਦਾ ਇਕ ਹੀਰਾ ਫਲੋਰੈਨਟਾਈਨ ਨਾਂ ਦਾ ਹੈ, ਜਿਸ ਦਾ ਭਾਰ 137.27 ਮੀਟ੍ਰਿਕ ਕੈਰਟ ਹੈ ਅਤੇ ਉਹ ਹਲਕੇ ਪੀਲੇ ਰੰਗ ਦਾ ਹੈ। ਇਹ ਸੁੰਦਰਤਾ ਵਿਚ ਲਾਜਵਾਬ ਹੈ। ਹੈਦਰਾਬਾਦ ਦੇ ਨਿਜ਼ਾਮ ਕੋਲ ਇਕ ਹੀਰਾ ਵਿਕਟੋਰੀਆ ਦੇ ਨਾਂ ਦਾ ਹੈ, ਜੋ ਉਸਨੇ 400,000 ਪੌਂਡ ਵਿਚ ਖਰੀਦਿਆ ਸੀ। ਉਸ ਦਾ ਪਹਿਲਾ ਵਜ਼ਨ 469.88 ਮੀਟ੍ਰਿਕ ਕੈਰਟ ਸੀ ਜੋ ਕਟਾਈ ਮਗਰੋਂ 184.77 ਮੀਟ੍ਰਿਕ ਕੈਰਟ ਰਹਿ ਗਿਆ ਹੈ।

          ਹ. ਪੁ.––ਐਨ. ਅਮੈ. 966 ; ਕੋਲ. ਐਨ. 6 : 249; ਐਨ. ਬ੍ਰਿ. 7 : 358


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-16, ਹਵਾਲੇ/ਟਿੱਪਣੀਆਂ: no

ਹੀਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੀਰਾ, ਪੁਲਿੰਗ : ਇੱਕ ਬਹੁਮੁੱਲਾ ਚਮਕਦਾਰ ਪੱਥਰ

–ਹੀਰਾ ਆਦਮੀ, ਪੁਲਿੰਗ : ਖਰਾ ਬੰਦਾ, ਬੜਾ ਗੁਣੀ ਆਦਮੀ, ਨੇਕ ਬੰਦਾ, ਖੂਬੀਆਂ ਦੇ ਲਿਹਾਜ ਨਾਲ ਬੜਾ ਕੀਮਤੀ ਬੰਦਾ

–ਹੀਰਾ ਹਿੰਗ, ਇਸਤਰੀ ਲਿੰਗ : ਖਾਣ ਵਾਲੀ ਹਿੰਗ

–ਹੀਰਾ ਹਰਨ, ਪੁਲਿੰਗ : ਕਾਲਾ ਹਰਨ, ਹਿਰਨਾਂ ਦੇ ਵੱਗ ਦਾ ਮੋਹਰੀ

–ਹੀਰਾ ਕਸੀਸ, ਇਸਤਰੀ ਲਿੰਗ : ਇੱਕ  ਦਵਾਈ ਜੋ ਲੋਹੇ ਗੰਧਕ ਤੇ ਆਕਸੀਜਨ ਦਾ ਮੁਰੱਕਬ ਹੁੰਦੀ ਹੈ ਤੇ ਜਿਸ ਨੂੰ ਮੋਚੀ ਚਮੜਾ ਕਾਲਾ ਕਰਨ ਲਈ ਵਰਤਦੇ ਹਨ। ਰਾਜ ਕੰਧਾਂ ਉਤੇ ਤੂਤੀਆਂ ਰੰਗ ਕਰਨ ਲਈ ਇਸ ਵਿੱਚ ਨੀਲਾ ਥੋਥਾ ਮਿਲਾ ਕੇ ਵਰਤਦੇ ਹਨ

–ਹੀਰਾ ਕਣੀ, ਇਸਤਰੀ ਲਿੰਗ : ੧. ਹੀਰੇ ਦਾ ਛੋਟਾ ਟੁਕੜਾ; ੨. ਕੱਪੜੇ ਉਤੇ ਬਰੀਕ ਬੂੰਦਾਂ ਦੀ ਛਪਾਈ

–ਹੀਰਾ ਕਲਮ, (ਪਦਾਰਥ ਵਿਗਿਆਨ) / ਇਸਤਰੀ ਲਿੰਗ : ਕਲਮ ਜਿਸ ਦੀ ਨੋਕ ਉਤੇ ਹੀਰਾ ਕਣੀ ਲੱਗੀ ਹੁੰਦੀ ਹੈ ਤੇ ਜਿਸ ਨਾਲ ਸ਼ੀਸ਼ਾ ਕੱਟਿਆ ਜਾਂਦਾ ਹੈ।

–ਹੀਰਾ ਚੱਟਣਾ, ਮੁਹਾਵਰਾ : ਹੀਰਾ ਚੱਟ ਕੇ ਆਤਮ ਘਾਤ ਕਰਨਾ

–ਹੀਰੇ ਨਾਲ ਹੀਰਾ ਵਿੰਨ੍ਹਣਾ, ਮੁਹਾਵਰਾ : ਮਹਾਂ ਪੁਰਸ਼ ਦਾ ਜਗਿਆਸੂ ਦੇ ਹਿਰਦੇ ਨੂੰ ਆਪਣੇ ਹਿਰਦੇ ਨਾਲ ਜੋੜ ਲੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-07-03-53-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.