ਹੰਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਸ (ਨਾਂ,ਪੁ) ਲੰਮੀਆਂ ਲੱਤਾਂ ਅਤੇ ਬਤਖ਼ ਜਿਹੀ ਸਫ਼ੈਦ ਸ਼ਕਲ ਦਾ ਵੱਡੀਆਂ ਝੀਲਾਂ ਜਾਂ ਖੁੱਲ੍ਹੇ ਪਾਣੀਆਂ ਨੇੜੇ ਰਹਿਣ ਦਾ ਆਦੀ ਪੰਛੀ; ਗ੍ਰੰਥਾਂ ਅਨੁਸਾਰ, ਚੁੰਝ ਵਿੱਚ ਖਟਾਸ ਹੋਣ ਕਾਰਨ ਦੁੱਧ ਵਿੱਚ ਡੋਬ ਦੇਣ ਤੇ ਪਾਣੀ ਨੂੰ ਵੱਖ ਕਰ ਦੇਣ ਵਾਲਾ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਸ [ਨਾਂਪੁ] ਬਤਖ਼ ਦੀ ਨਸਲ ਦਾ ਇੱਕ ਸਫ਼ੈਦ ਪੰਛੀ; ਜੀਵ-ਆਤਮਾ, ਰੂਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੰਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਸ. ਸੰ. ਸੰਗ੍ਯਾ—ਬੱਤਕ ਦੀ ਕਿਸਮ ਦਾ ਇੱਕ ਪੰਛੀ, ਜਿਸ ਦੇ ਪੰਖ (ਖੰਭ) ਚਿੱਟੇ, ਪੈਰ ਅਤੇ ਚੁੰਜ ਗੁਲਾਬੀ ਹੁੰਦੇ ਹਨ.1Swan, lygnus minor. ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇਸ ਦੀ ਚੁੰਜ ਵਿੱਚ ਖਟਾਸ ਹੁੰਦਾ ਹੈ, ਜਦ ਦੁੱਧ ਵਿੱਚ ਪਾਉਂਦਾ ਹੈ ਤਦ ਪਾਣੀ ਅਲਗ ਹੋ ਜਾਂਦਾ ਹੈ. ਇਸੇ ਦ੍ਰਿ੄਍ਾਂਤ ਨੂੰ ਲੈ ਕੇ ਸਤ੍ਯ ਅਸਤ੍ਯ ਦਾ ਵਿਵੇਕ ਕਰਨ ਵਾਲੇ ਨੂੰ ਭੀ ਹੰਸ ਸੱਦੀਂਦਾ ਹੈ. ਹੰਸ ਨੂੰ ਮੋਤੀ ਚੁਗਣ ਵਾਲਾ ਭੀ ਅਨੇਕ ਕਵੀਆਂ ਨੇ ਲਿਖਿਆ ਹੈ.

“ਜੈਸੇ ਮਾਨਸਰ ਤ੍ਯਾਗ ਹੰਸ ਆਨ ਸਰ ਜਾਤ ,

ਖਾਤ ਨ ਮੁਕਤਫਲ ਭੁਗਤਿ ਜੁ ਗਾਤ ਕੀ.”

                                                            (ਭਾਗੁ ਕ)

“ਪੰਛਨਿ ਮੇ ਹੰਸ ਮ੍ਰਿਗਰਾਜਨ ਮੇ ਸਾਰਦੂਲ.” (ਭਾਗੁ ਕ) ੨ ਸੂਰਜ. “ਮਹਿਮਾ ਜਾ ਕੀ ਨਿਰਮਲ ਹੰਸ.” (ਭੈਰ ਅ: ਮ: ੫) ਦੇਖੋ, ਹੰਸ ਵੰਸ। ੩ ਜੀਵਾਤਮਾ. ਰੂਹ. “ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿਜਾਇ?” (ਮ: ੩ ਵਾਰ ਗੂਜ ੧) ੪ ਵਿਵੇਕੀ. ਅਵਧੂਤ ਸਤ੍ਯ ਅਸਤ੍ਯ ਦਾ ਵਿਚਾਰ ਕਰਨ ਵਾਲਾ. “ਸਿਖ ਹੰਸ ਸਰਵਰਿ ਇਕਠੇ ਹੋਏ.” (ਮ: ੫ ਵਾਰ ਰਾਮ ੨) “ਹੰਸਾ ਵੇਖਿ ਤਰੰਦਿਆਂ ਬਗਾਂ ਭਿ ਆਇਆ ਚਾਉ.” (ਵਾਰ ਵਡ ਮ: ੩) ੫ ਇੱਕ ਰਾਜਾ , ਜੋ ਜਰਾਸੰਧ ਦਾ ਮਿਤ੍ਰ ਸੀ। ੬ ਚਿੱਟੇ ਕੇਸ਼, ਜਿਨ੍ਹਾਂ ਦਾ ਰੰਗ ਹੰਸ ਜੇਹਾ ਹੈ. “ਹੰਸ ਉਲਥੜੇ ਆਇ.” (ਸ੍ਰੀ ਮ: ੫ ਪਹਿਰੇ) ੭ ਹੰਸ ਪ੍ਰਾਣਾਯਾਮ. ਇਸ ਦੀ ਰੀਤਿ ਹੈ ਕਿ ਸ੍ਵਾਸ ਦੇ ਅੰਦਰ ਜਾਣ ਸਮੇ “ਹੰ” ਅਤੇ ਬਾਹਰ ਜਾਣ ਸਮੇ “ਸ” ਦਾ ਜਾਪ ਹੋਵੇ.1ਦੇਖੋ, ਅਜਪਾ ੩ ਅਤੇ ਹੰਸਾ ੩। ੮ ਹੰਸ ਅਵਤਾਰ. ਦੇਖੋ, ਹੰਸਾਵਤਾਰ। ੯ ਵਿ੄ਨੁ। ੧੦ ਸ਼ਿਵ। ੧੧ ਘੋੜਾ । ੧੨ ਵਿ—ਉੱਤਮ। ੧੩ ਕਰਤਾਰ , ਵਾਹਗੁਰੂ। ੧੪ ਇੱਕ ਛੰਦ, ਜਿਸ ਦਾ ਲੱਛਣ ਹੈ—ਦੋ ਚਰਣ, ਪ੍ਰਤਿ ਚਰਣ, ੧੫ ਮਾਤ੍ਰਾ. ਸੱਤ ਅਤੇ ਅੱਠ ਮਾਤ੍ਰਾ ਤੇ ਵਿਸ਼੍ਰਾਮ. ਅੰਤ ਗੁਰੁ ਲਘੁ.

ਉਦਾਹਰਣ—

ਜਹਿ ਤਹਿ ਬਢਾ ਪਾਪ ਕਾ ਕਮ੗,

                                                          ਜਗ ਤੇ ਘਟਾ ਧਮ੗ ਕਾ ਭਮ੗                       (ਕਲਕੀ)

(ਅ) ਕੇਸ਼ਵ ਦਾਸ ਨੇ ਹੰਸ ਛੰਦ ਦੇ ਆਦਿ ਭਗਣ ਦਾ ਹੋਣਾ ਵਿਧਾਨ ਕੀਤਾ ਹੈ, ਯਥਾ—

ਆਵਤ ਜਾਤ ਰਾਜ ਕੇ ਲੋਗ.

ਮੂਰਤਧਾਰੀ ਮਾਨਹੁ ਭੋਗ. xxx

                                                                             (ਰਾਮਚੰਦ੍ਰਿਕਾ)

(ੲ) ਦੇਖੋ, ਹੰਸਕ.

(ਸ) ਦੇਖੋ, ਦੋਹਰੇ ਦਾ ਰੂਪ ੧੧। ੧੫ ਕਾਮਦੇਵ। ੧੬ ਪ੍ਰਾਣ । ੧੭ ਵਿ—ਉੱਤਮ. ਸ੍ਰੇ੄†.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੰਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੰਸ : ਇਹ ਐਨਸਾਰਫਾਰਮੀਜ਼ ਵਰਗ, ਐਨਡਿਡੀ ਕੁਲ ਅਤੇ ਐਨਸਾਰਿਨੀ ਉਪ–ਕੁਲ ਦੀ ਮੁਰਗਾਬੀ ਹੈ। ਇਸ ਦੀ ਗਰਦਨ ਲੰਮੀ, ਸਰੀਰ ਭਾਰਾ ਤੇ ਪੈਰ ਵੱਡੇ ਵੱਡੇ ਹੁੰਦੇ ਹਨ। ਇਹ ਬੜੀ ਮਟਕ ਨਾਲ ਤੈਰਦਾ ਹੈ। ਉਡਦੇ ਸਮੇਂ ਇਸ ਦੀ ਗਰਦਨ ਬਾਹਰ ਨੂੰ ਖਿੱਚੀ ਹੋਈ ਹੁੰਦੀ ਹੈ ਅਤੇ ਪਰ ਹੌਲੀ ਹੌਲੀ ਮਾਰਦਾ ਹੈ। ਪ੍ਰਵਾਸ ਕਰਨ ਲਗਿਆਂ ਇਹ ਅੰਗ੍ਰੇਜ਼ੀ ਦੇ ਅੱਖਰ ‘V’ ਦੀ ਸ਼ਕਲ ਵਿਚ ਇਕੱਠੇ ਬਹੁਤ ਉਚਾਈ ਤੇ ਉਡਦੇ ਹਨ। ਹੋਰ ਕੋਈ ਵੀ ਮੁਰਗਾਬੀ ਪਾਣੀ ਜਾਂ ਹਵਾ ਵਿਚ ਹੰਸ ਜਿੰਨੀ ਤੇਜ਼ ਨਹੀਂ ਉਡ ਸਕਦੀ। ਇਹ ਘੱਟ ਡੂੰਘੇ ਪਾਣੀ ਵਿਚੋਂ ਜਲੀ–ਪੌਦਿਆਂ ਨੂੰ ਹੰਗਾਲ ਕੇ ਖਾਂਦੇ ਹਨ। ਤੈਰਦੇ ਸਮੇਂ ਜਾਂ ਖੜੇ ਹੋਏ ਗੂੰਗਾ ਹੰਸ (Cygnus olor) ਅਤੇ ਕਾਲਾ ਹੰਸ (C. atratus) ਆਮ ਤੌਰ ਤੇ ਇਕ ਪੈਰ ਆਪਣੀ ਪਿੱਠ ਉਤੇ ਰਖਦੇ ਹਨ। ਹੰਸ ਕਈ ਤਰ੍ਹਾਂ ਦੀਆਂ ਆਵਾਜ਼ਾਂ ਕਢ ਸਕਦੇ ਹਨ; ਇਥੋਂ ਤਕ ਕਿ ਗੂੰਗਾ ਹੰਸ ਵੀ ਫੁੰਕਾਰੇ, ਹੌਲੀ ਹੌਲੀ ਬੁੜਬੁੜ ਜਾਂ ਘੁਰਾੜੇ ਮਾਰ ਸਕਦਾ ਹੈ। ਪ੍ਰਜਣਨ ਰੁੱਤ ਤੋਂ ਬਿਨ੍ਹਾਂ ਹੰਸ ਮਿਲਾਪੜਾ ਪੰਛੀ ਹੈ। ਹੰਸਾਂ ਦਾ ਮੁਖ ਖਾਣਾ ਬਨਸਪਤੀ ਹੈ ਪਰ ਇਹ ਮੌਲਸਕ ਅਤੇ ਕ੍ਰਾਸਟੇਸ਼ੀਅਨ ਵੀ ਖਾਂਦੇ ਹਨ।

          ਨਰ ਹੰਸ ਨੂੰ ਕਾੱਬ ਅਤੇ ਮਾਦਾ ਨੂੰ ਪੈੱਨ ਕਹਿੰਦੇ ਹਨ। ਦੇਖਣ ਵਿਚ ਦੋਨੋਂ ਇਕੋ ਜਿਹੇ ਲਗਦੇ ਹਨ।

         ਲਾਡ–ਪਿਆਰ ਕਰਦੇ ਸਮੇਂ ਇਹ ਇਕ ਦੂਜੇ ਦੀਆਂ ਚੁੰਝਾ ਵਿਚ ਚੁੰਝਾਂ ਪਾਉਂਦੇ ਜਾਂ ਸਿਰ ਨਾਲ ਸਿਰ ਟਿਕਾਉਂਦੇ ਹਨ। ਮਾਦਾ ਹੰਸ ਲਗਭਗ ਅੱਧਾ ਦਰਜਨ ਪੀਲੇ ਅਤੇ ਨਿਸ਼ਾਨ–ਰਹਿਤ ਅੰਡਿਆਂ ਨੂੰ ਇਕ ਬਨਸਪਤੀ ਦੇ ਢੇਰ ਉਪਰ ਸੇਂਦੀ ਹੈ ਅਤੇ ਨਰ ਹੰਸ ਉਨ੍ਹਾਂ ਦੀ ਨਿਗਰਾਨੀ ਕਰਦਾ ਹੈ। ਕਈ ਜਾਤੀਆਂ ਵਿਚ ਇਹ ਵਾਰੋ ਵਾਰੀ ਅੰਡਿਆਂ ਤੇ ਬੈਠਦਾ ਵੀ ਹੈ। ਆਪਣੇ ਦੁਸ਼ਮਣ ਨੂੰ ਭਜਾ ਕੇ ਇਹ ਜਿੱਤ ਦੀ ਲਲਕਾਰ ਮਾਰਦਾ ਹੈ। ਅੰਡਿਆਂ ਵਿਚੋਂ ਛੋਟੀ ਧੌਣ ਵਾਲੇ  ਸਿਰ ਤੋਂ ਪੈਰਾਂ ਤਕ ਪਰਾਂ ਨਾਲ ਢੱਕੇ ਹੋਏ ਬੱਚੇ ਨਿਕਲਦੇ ਹਨ। ਭਾਵੇਂ ਇਹ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਦੌੜਨ ਤੇ ਤੈਰਨ ਦੇ ਯੋਗ ਹੁੰਦੇ ਹਨ ਫਿਰ ਵੀ ਕਈ ਮਹੀਨਿਆਂ ਤਕ ਇਨ੍ਹਾਂ ਦੀ ਦੇਖ ਭਾਲ ਕੀਤੀ ਜਾਂਦੀ ਹੈ। ਕਈ ਜਾਤੀਆ ਵਿਚ ਤਾਂ ਇਹ ਆਪਣੀ ਮਾਂ ਦੀ ਪਿੱਠ ਤੇ ਵੀ ਸਵਾਰੀ ਕਰਦੇ ਹਨ। ਪਹਿਲੇ ਦੋ ਜਾਂ  ਜ਼ਿਆਦਾ ਸਾਲਾਂ ਤਕ ਇਨ੍ਹਾਂ ਦੇ ਪਰ ਖਾਕੀ ਜਾਂ ਭੂਰੇ ਜਿਹੇ ਰੰਗ ਦੇ ਹੁੰਦੇ ਹਨ। ਇਨ੍ਹਾਂ ਨੂੰ ਸਿਗਨੱਟ ਕਹਿੰਦੇ ਹਨ। ਹੰਸ ਤੀਜੇ ਜਾਂ ਚੌਥੇ ਸਾਲ ਵਿਚ ਪੋੜ੍ਹ ਹੋ ਜਾਂਦੇ ਹਨ। ਜੰਗਲੀ ਹਾਲਤ ਵਿਚ ਇਨ੍ਹਾਂ ਦੀ ਉਮਰ ਤਕਰੀਬਨ 20 ਸਾਲ ਅਤੇ ਪਾਲਤੂ ਹਾਲਤ ਵਿਚ 50 ਸਾਲ ਜਾਂ ਇਸ ਤੋਂ ਵਧ ਹੁੰਦੀ ਹੈ।

          ਹੰਸਾਂ ਦੀਆਂ ਤਕਰੀਬਨ ਸੱਤ ਜਾਂ ਅੱਠ ਜਾਤੀਆਂ ਹਨ। ਇਨ੍ਹਾਂ ਵਿਚੋਂ ਪੰਜ ਜਾਤੀਆਂ ਬਿਲਕੁਲ ਚਿੱਟੇ ਰੰਗ ਦੀਆਂ ਅਤੇ ਕਾਲੀਆਂ ਲੱਤਾਂ ਵਾਲੀਆਂ, ਉੱਤਰੀ ਅਰਧ ਗੋਲੇ ਵਿਚ ਮਿਲਦੀਆਂ ਹਨ। ਇਨ੍ਹਾਂ ਦੇ ਨਾਂ ਮਿਊਟ ਹੰਸ (C.olor), ਟਰੰਪਿਟਰ ਹੰਸ (C.Cygnus buccinator), ਹੂਪਰ ਹੰਸ (C. cygnus cygnus), ਬਿਊਇਕ ਹੰਸ (C. columbianus bewickii) ਅਤੇ ਵਿਸਲਿੰਗ ਹੰਸ (C. columbianus Columbianus ਹਨ।

          ਦੱਖਣੀ ਅਰਧ ਗੋਲੇ ਵਿਚ ਆਸਟ੍ਰੇਲੀਆ ਦਾ ਕਾਲਾ ਹੰਸ ਅਤੇ ਦੱਖਣੀ ਅਮਰੀਕਾ ਦੀਆਂ ਦੋ ਗੁਲਾਬੀ ਲੱਤਾਂ ਵਾਲੀਆਂ ਕਿਸਮਾਂ, ਕਾਲੀ ਗਰਦਨ ਵਾਲਾ ਹੰਸ (C. melancoribhus) ਅਤੇ ਕਾਸਕਰੋਬਾ ਹੰਸ (Coscoroba coscoroba) ਮਿਲਦੇ ਹਨ।

          ਹ. ਪੁ. ––ਐਨ. ਬ੍ਰਿ. ਮਾ. 9 : 710 ; ਮੈਕ. ਐਨ. ਸ. ਟ. 13 : 333.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-10, ਹਵਾਲੇ/ਟਿੱਪਣੀਆਂ: no

ਹੰਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੰਸ : ਮਹਾਂਭਾਰਤ ਵਿਚ ਦਿੱਤੇ ਵੇਰਵਿਆਂ ਅਨੁਸਾਰ  ‘ਹੰਸ’ ਤੇ ਦਿੰਭਾਂਗ ਨਾਂ ਦੇ ਦੋ ਬਹਾਦਰ ਸੂਰਮੇ ਸਨ। ਇਹ ਦੋਵੇਂ ਜਰਾਸੰਧ ਦੇ ਦੋਸਤ ਸਨ। ‘ਹੰਸ’ ਨਾਂ ਦਾ ਇਕ ਰਾਜਾ ਬਲਰਾਮ ਦੇ ਹੱਥੋਂ ਵੀ ਮਾਰਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਦਿੰਭਾਂਗ ਨੇ ਇਹ ਸੁਣਿਆ ਕਿ ‘‘ਹੰਸ ਮਾਰਿਆ ਗਿਆ ਹੈ’’ ਤਾਂ ਉਸ ਨੇ ਇਸ ਤੋਂ ਬਿਨਾਂ ਜਿਉਂਦੇ ਰਹਿਣਾ ਕਠਿਨ ਸਮਝਿਆ ਅਤੇ ਆਤਮਘਾਤ ਕਰ ਲਿਆ। ਦੂਜੇ ਪਾਸੇ ਜਦੋਂ ਹੰਸ ਨੇ ਇਹ ਗੱਲ ਸੁਣੀ ਤਾਂ ਉਹ ਵੀ ਜਮਨਾ ਵਿਚ ਡੁੱਬ ਕੇ ਮਰ ਗਿਆ।

          ਪ੍ਰਾਚੀਨ ਚਰਿੱਤਰ ਕੋਸ਼ ਅਨੁਸਾਰ ਇਹ ਜਰਾਸੰਧ ਦਾ ਇਕ ਮੰਤਰੀ ਸੀ ਅਤੇ ਦਿੰਭਾਂਕ ਇਸ ਦਾ ਭਰਾ ਸੀ। ਇਨ੍ਹਾਂ ਦੋਹਾਂ ਨੇ ਪਰਸੂਰਾਮ ਤੋਂ ਸ਼ਸਤਰ ਵਿਦਿਆ ਪ੍ਰਾਪਤ ਕੀਤੀ। ਦੋਵੇਂ ਭਰਾ ਜਰਾਸੰਧ ਦੇ ਮੰਤਰੀ ਅਤੇ ਸਲਾਹਕਾਰ ਵਜੋਂ ਕੰਮ ਕਰਦੇ ਸਨ। ਇਨ੍ਹਾਂ ਦੋਹਾਂ ਭਰਾਵਾਂ ਨੇ ਸ਼ਿਵ ਜੀ ਦੀ ਘੋਰ ਤਪੱਸਿਆ ਕੀਤੀ ਅਤੇ ਯੁੱਧ ਸਬੰਧੀ ਉਸ ਪਾਸੋਂ ਵਰਦਾਨ ਪ੍ਰਾਪਤ ਕੀਤੇ। ਵਰ ਦੇ ਨਸ਼ੇ ਵਿਚ ਹੋਰਨਾਂ ਤੋਂ ਇਲਾਵਾ ਇਨ੍ਹਾਂ ਨੇ ਰਿਸ਼ੀ ਦੁਰਵਾਸਾ ਨੂੰ ਵੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਰਿਸ਼ੀ ਨੇ ਗੁੱਸੇ ਵਿਚ ਆ ਕੇ ਇਨ੍ਹਾਂ ਨੂੰ ਵਿਸ਼ਨੂੰ ਦੁਆਰਾ ਨਸ਼ਟ ਹੋਣ ਦਾ ਸਰਾਪ ਦਿੱਤਾ। ਇਸ ਪਿੱਛੋਂ ਰਿਸ਼ੀ ਨੇ ਦਵਾਰਕਾ ਵਿਖੇ ਕ੍ਰਿਸ਼ਨ ਜੀ ਕੋਲ ਜਾ ਕੇ ਇਨ੍ਹਾਂ ਨੂੰ ਮਾਰਨ ਦੀ ਬੇਨਤੀ ਕੀਤੀ। ਅਗਲੇ ਸਾਲ ਇਨ੍ਹਾਂ ਨੇ ਰਾਜਸੂਯ ਯੱਗ ਕੀਤਾ ਅਤੇ ਆਪਣੇ ਮਿੱਤਰ ਜਨਾਰਦਨ ਨੂੰ ਕ੍ਰਿਸ਼ਨ ਜੀ ਪਾਸ ਕਰ ਭਾਰ ਲਈ ਭੇਜਿਆ। ਪਰ ਕ੍ਰਿਸ਼ਨ ਜੀ ਨੇ ਕਰ ਭਾਰ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਯੁੱਧ ਦਾ ਐਲਾਨ ਕਰ ਦਿੱਤਾ। ਲੜਾਈ ਵਿਚ ਇਸ ਦਾ ਦੋਸਤ ਮਾਰਿਆ ਗਿਆ। ਇਸ ਨੂੰ ਪਤਾਲ ਵਿਚ ਧੱਕ ਦਿੱਤਾ ਗਿਆ ਅਤੇ ਉੱਥੇ ਸੱਪਾਂ ਦੇ ਕੱਟਣ ਨਾਲ ਇਸ ਦੀ ਮੌਤ ਹੋ ਗਈ। ਮਹਾਂਭਾਰਤ ਅਨੁਸਾਰ ਆਪਣੇ ਭਰਾ ਦਿੰਭਾਕ ਦੇ ਕਤਲ ਹੋ ਜਾਣ ਬਾਰੇ ਸੁਣ ਕੇ ਇਸ ਨੇ ਜ਼ਮਨਾ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।

          ਪ੍ਰਾਚੀਨ ਚਰਿਤਰ ਕੋਸ਼ ਵਿਚ ਕਈ ਹੋਰ ‘ਹੰਸ’ ਵੀ ਹੋਏ ਦੱਸੇ ਗਏ ਹਨ।

                   ਹੁ. ਪੁ. ਪ੍ਰਾ. ਚਰਿ. ਕੋ. 1097 ; ਹਿੰ. ਮਿ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11616, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-10, ਹਵਾਲੇ/ਟਿੱਪਣੀਆਂ: no

ਹੰਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੰਸ, ਸੰਸਕ੍ਰਿਤ / ਪੁਲਿੰਗ : ੧. ਬੱਤਖ ਦੀ ਕਿਸਮ ਦਾ ਇੱਕ ਪੰਛੀ ਜੋ ਵੱਡੀਆਂ ਵੱਡੀਆਂ ਝੀਲਾਂ ਤੇ ਰਹਿੰਦਾ ਹੈ ਤੇ ਜਿਸ ਦਾ ਰੰਗ ਚਿੱਟਾ ਹੁੰਦਾ ਹੈ; ੨. ਜੀਵ-ਆਤਮਾ, ਰੂਹ

–ਹੰਸਗਤਿ, ਇਸਤਰੀ ਲਿੰਗ :ਹੰਸ ਦੀ ਚਾਲ

–ਹੰਸਗਾਮਨੀ, ਵਿਸ਼ੇਸ਼ਣ : ਹੰਸ ਜੇਹੀ ਚਾਲ ਵਾਲੀ

–ਹੰਸ ਚਾਲ, ਇਸਤਰੀ ਲਿੰਗ : ਹੰਸ ਵਾਲੀ ਚਾਲ, ਹੰਸ ਜੇਹੀ ਧੀਮੀ ਚਾਲ

–ਪਰਮਹੰਸ, ਪੁਲਿੰਗ : ੧. ਪਾਰਬ੍ਰਹਮ, ਨਿਰਗੁਣ ਬ੍ਰਹਮ; ੨. ਗਿਆਨ ਦੀ ਪਰਮ ਅਵਸਥਾ ਨੂੰ ਪਹੁੰਚਿਆ ਹੋਇਆ ਸਨਿਆਸੀ, ਸਨਿਆਸੀਆਂ ਦਾ ਇੱਕ ਭੇਦ, ੩. ਪੂਰਨ ਗਿਆਨ ਨੂੰ ਪਰਾਪਤ ਵਿਅਕਤੀ, ਸੰਤ, ਬ੍ਰਹਮ ਗਿਆਨੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-29-02-47-28, ਹਵਾਲੇ/ਟਿੱਪਣੀਆਂ:

ਹੰਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੰਸ, ਪੁਲਿੰਗ : ਹੱਸ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-29-02-47-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.