ਖ਼ਾਲਸਾ ਦਰਬਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖ਼ਾਲਸਾ ਦਰਬਾਰ: ਸੈਂਟ੍ਰਲ ਸਿੱਖ ਲੀਗ ਦੇ ਉੱਦਮ ਨਾਲ ਵਖ ਵਖ ਸਿੱਖ ਸੰਸਥਾਵਾਂ ਜਾਂ ਪਾਰਟੀਆਂ ਦੀ ਇਕ ਰਲੀ- ਮਿਲੀ ਮੀਟਿੰਗ ਅਥਵਾ ਕਾਨਫ੍ਰੰਸ 27 ਸਤੰਬਰ 1932 ਈ. ਨੂੰ ਲਾਹੌਰ ਵਿਚ ਕੀਤੀ ਗਈ ਜਿਸ ਦਾ ਮੁੱਖ ਉਦੇਸ਼ ਅੰਗ੍ਰੇਜ਼ ਸਰਕਾਰ ਵਲੋਂ 16 ਅਗਸਤ 1932 ਈ. ਨੂੰ ਪਾਸ ਕੀਤੇ ਕਮਿਊਨਲ ਐਵਾਰਡ ਦਾ ਵਿਰੋਧ ਕਰਨਾ ਸੀ। ਇਸ ਕਾਨਫ੍ਰੰਸ ਦੀ ਪ੍ਰਧਾਨਗੀ ਸ. ਅਮਰ ਸਿੰਘ ਸ਼ੇਰੇ-ਪੰਜਾਬ ਨੇ ਕੀਤੀ। ਇਸ ਵਿਚ ਪਾਸ ਹੋਇਆ ਕਿ ‘ਖ਼ਾਲਸਾ ਦਰਬਾਰ’ ਨਾਂ ਦੀ ਇਕ ਨਵੀਂ ਸੰਸਥਾ ਦੀ ਸਥਾਪਨਾ ਕੀਤੀ ਜਾਵੇ, ਜਿਸ ਦੇ ਕੁਲ 250 ਮੈਂਬਰ ਹੋਣ , ਦੋ ਸੌ ਪੰਜਾਬ ਵਿਚੋਂ ਅਤੇ ਬਾਕੀ ਪੰਜਾਹ ਸਾਰੇ ਹਿੰਦੁਸਤਾਨ ਵਿਚੋਂ ਚੁਣੇ ਜਾਣ। ਇਸ ਮੀਟਿੰਗ ਦੇ ਸੁਝਾਉ’ਤੇ ਸ. ਉਜਲ ਸਿੰਘ ਅਤੇ ਸ. ਸੰਪੂਰਨ ਸਿੰਘ ਲਾਇਲਪੁਰੀ ਨੇ ਰਾਊਂਡ ਟੇਬਲ ਕਾਨਫ੍ਰੰਸ ਦੀ ਕਨਸਲਟੇਟਿਵ ਕਮੇਟੀ ਤੋਂ ਅਸਤੀਫ਼ੇ ਦਿੱਤੇ। ਇਹ ਵੀ ਪਾਸ ਹੋਇਆ ਕਿ ਸੈਂਟ੍ਰਲ ਅਤੇ ਪ੍ਰਾਂਤਿਕ ਲੈਜਿਸਲੇਟਰ ਆਪਣੇ ਅਸਤੀਫ਼ੇ ‘ਖ਼ਾਲਸਾ ਦਰਬਾਰ’ ਨੂੰ ਭੇਜ ਦੇਣ ਤਾਂ ਜੋ ਲੋੜ ਪੈਣ ਤੇ ਉਨ੍ਹਾਂ ਨੂੰ ਸਰਕਾਰ ਪਾਸ ਭੇਜਿਆ ਜਾ ਸਕੇ। ਪਰ ਚੂੰਕਿ ਇਹ ਸੰਸਥਾ ਵਖ ਵਖ ਵਿਚਾਰਾਂ ਵਾਲੇ ਲੋਕਾਂ ਦਾ ਮਿਲਗੋਭਾ ਸੀ, ਇਸ ਵਾਸਤੇ ਅੰਦਰਲੇ ਵਿਰੋਧ ਸਿਰ ਚੁਕਣ ਲਗੇ। ਅੰਤ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਖ਼ਾਲਸਾ ਦਰਬਾਰ ਅਤੇ ਸੈਂਟ੍ਰਲ ਸਿੱਖ ਲੀਗ ਦੋਹਾਂ ਦੇ ਉਦੇਸ਼ ਚੂੰਕਿ ਸਮਾਨ ਹਨ, ਇਸ ਲਈ ਖ਼ਾਲਸਾ ਦਰਬਾਰ ਨੂੰ ਸੈਂਟ੍ਰਲ ਸਿੱਖ ਲੀਗ ਵਿਚ ਸਮੋ ਲਿਆ ਜਾਏ। ਪਰ ਹੋਰਨਾਂ ਸਿੱਖ ਸੰਸਥਾਵਾਂ ਨੇ ਇਸ ਦਾ ਵਿਰੋਧ ਕੀਤਾ। ਇਕ ਇਸ ਕਰਕੇ ਕਿ ‘ਖ਼ਾਲਸਾ ਦਰਬਾਰ’ ਦੀ ਸਥਾਪਨਾ ਦਾ ਉਦੇਸ਼ ਕੇਵਲ ਕਮਿਊਨਲ ਐਵਾਰਡ ਦਾ ਵਿਰੋਧ ਕਰਨਾ ਸੀ ਅਤੇ ਦੂਜਾ ਇਸ ਕਰਕੇ ਕਿ ਸੈਂਟ੍ਰਲ ਸਿੱਖ ਲੀਗ ਇਕ ਰਾਜਨੈਤਿਕ ਪਾਰਟੀ ਹੈ ਅਤੇ ਕਾਂਗ੍ਰਸ ਪਾਰਟੀ ਨਾਲ ਸੰਬੰਧਿਤ ਹੈ। ਅੰਤ ਵਿਚ ਬਹੁਤ ਸਾਰੀਆਂ ਸਿੱਖ ਪਾਰਟੀਆਂ ਦੀ ਸਾਂਝੀ ਕਾਨਫ੍ਰੰਸ ਬੁਲਾ ਕੇ ਇਹ ਫ਼ੈਸਲਾ ਲਿਆ ਗਿਆ ਕਿ ‘ਖ਼ਾਲਸਾ ਦਰਬਾਰ’ ਸਿੱਖਾਂ ਦੀ ਪ੍ਰਮੁਖ ਰਾਜਨੈਤਿਕ ਪਾਰਟੀ ਹੈ, ਇਸ ਲਈ ਕੋਈ ਵੀ ਰਾਜਨੈਤਿਕ ਪੱਧਰ ਦਾ ਫ਼ੈਸਲਾ ‘ਖ਼ਾਲਸਾ ਦਰਬਾਰ’ ਦੀ ਪ੍ਰਵਾਨਗੀ ਤੋਂ ਬਿਨਾ ਨਹੀਂ ਲਿਆ ਜਾ ਸਕੇਗਾ। ਇਸ ਨਾਲ ‘ਖ਼ਾਲਸਾ ਦਰਬਾਰ’ ਦੇ ਕਾਰਜ-ਖੇਤਰ ਦੀਆਂ ਸੀਮਾਵਾਂ ਦਾ ਵਿਸਤਾਰ ਹੋ ਗਿਆ, ਜਿਸ ਦੇ ਫਲਸਰੂਪ ਬਹੁਤ ਸਾਰੀਆਂ ਸਿੱਖ ਰਾਜਨੈਤਿਕ ਸੰਸਥਾਵਾਂ ਜਾਂ ਪਾਰਟੀਆਂ ਨੂੰ ਆਪਣੀ ਹੋਂਦ ਖਤਰੇ ਵਿਚ ਦਿਸਣ ਲਗੀ। ਇਸ ਕਰਕੇ ਉਨ੍ਹਾਂ ਦੀ ਰੁਚੀ ਇਸ ਵਲੋਂ ਘਟਦੀ ਗਈ। ਸੰਨ 1947 ਈ. ਤਕ ਇਸ ਦਰਬਾਰ ਦੀ ਗੱਲ ਕਦੀ ਕਦਾਈਂ ਅਖ਼ਬਾਰਾਂ ਵੀ ਛਪ ਜਾਂਦੀ ਰਹੀ ਹੈ, ਪਰ ਪੰਜਾਬ ਦੇ ਬਟਵਾਰੇ ਤੋਂ ਬਾਦ ‘ਖ਼ਾਲਸਾ ਦਰਬਾਰ’ ਦਾ ਭੋਗ ਪੈ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਖ਼ਾਲਸਾ ਦਰਬਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਾਲਸਾ ਦਰਬਾਰ: ਅੰਗਰੇਜ਼ ਸਰਕਾਰ ਦੁਆਰਾ 16 ਅਗਸਤ 1932 ਨੂੰ ਕਮਿਊਨਲ ਅਵਾਰਡ ਵਜੋਂ ਜਾਣੀਆਂ ਜਾਂਦੀਆਂ ਤਜਵੀਜ਼ਾਂ ਦੇ ਲਾਗੂ ਕਰਨ ਦਾ ਵਿਰੋਧ ਕਰਨ ਲਈ ਵੱਖ-ਵੱਖ ਸਿੱਖ ਪਾਰਟੀਆਂ ਦੀ ਪ੍ਰਤਿਨਿਧਤਾ ਕਰਦੀ ਇਕ ਸੰਸਥਾ ਸੀ ਜਿਹੜੀ ਕਿ 27 ਸਤੰਬਰ 1932 ਨੂੰ ਲਾਹੌਰ ਵਿਖੇ ਸਥਾਪਿਤ ਕੀਤੀ ਗਈ ਸੀ। ਇਹਨਾਂ ਤਜਵੀਜ਼ਾਂ ਦੇ ਪੂਰਵ-ਅਨੁਮਾਨ ਵਜੋਂ, ਸੈਂਟਰਲ ਸਿੱਖ ਲੀਗ ਦੇ ਮੀਤ-ਪ੍ਰਧਾਨ ਗਿਆਨੀ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ 28 ਜੁਲਾਈ 1932 ਨੂੰ ਇਕ ਸਰਬ-ਪਾਰਟੀ ਸਿੱਖ ਕਾਨਫ਼ਰੰਸ ਹੋਈ ਜਿਸ ਵਿਚ ਸਿੱਖਾਂ ਨੂੰ ਕੋਈ ਪ੍ਰਭਾਵਸ਼ਾਲੀ ਸੁਰੱਖਿਆ ਦਿੱਤੇ ਬਗ਼ੈਰ ਪੰਜਾਬ ਵਿਧਾਨ ਸਭਾ ਵਿਚ ਮੁਸਲਮਾਨਾਂ ਦੀ ਪੱਕੀ ਬਹੁ-ਗਿਣਤੀ ਨੂੰ ਯਕੀਨੀ ਬਣਾਉਂਦੇ ਇਸ ਅਵਾਰਡ ਨੂੰ ਰੱਦ ਕਰ ਦਿੱਤਾ ਗਿਆ। ਕਾਨਫ਼ਰੰਸ ਨੇ 17 ਮੈਂਬਰੀ ਐਕਸ਼ਨ ਕਮੇਟੀ ਨਾਮਜ਼ਦ ਕੀਤੀ ਜਿਸ ਵਿਚ ਮਾਸਟਰ ਤਾਰਾ ਸਿੰਘ , ਗਿਆਨੀ ਸ਼ੇਰ ਸਿੰਘ, ਗਿਆਨੀ ਕਰਤਾਰ ਸਿੰਘ, ਉੱਜਲ ਸਿੰਘ, ਸਰ ਸੁੰਦਰ ਸਿੰਘ ਅਤੇ ਬਾਬਾ ਖੜਕ ਸਿੰਘ ਸ਼ਾਮਲ ਸਨ। ਇਸ ਕਮੇਟੀ ਨੇ ਸਿੱਖਾਂ ਦੇ ਮਾਣ ਅਤੇ ਹਿਤਾਂ ਲਈ ਲੜਨ ਹਿਤ ਇਕ ਲੱਖ ਮਰਜੀਵੜਿਆਂ ਦਾ ਸ਼ਹੀਦੀ ਜਥਾ ਤਿਆਰ ਕਰਨਾ ਸੀ। 26-27 ਸਤੰਬਰ 1932 ਨੂੰ ਇਸ ਦੀ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸ਼ੇਰ-ੲ-ਪੰਜਾਬ ਦੇ ਸੰਪਾਦਕ ਅਮਰ ਸਿੰਘ ਨੇ ਕੀਤੀ। ਇਸ ਇਕੱਤਰਤਾ ਵਿਚ ਖ਼ਾਲਸਾ ਦਰਬਾਰ ਨਾਂ ਦੀ ਇਕ ਸੰਸਥਾ ਦੀ ਸਥਾਪਨਾ ਦਾ ਸੁਝਾਉ ਦਿੱਤਾ ਗਿਆ। ਖ਼ਾਲਸਾ ਦਰਬਾਰ ਦੇ ਕੁੱਲ 250 ਮੈਂਬਰਾਂ ਵਿਚੋਂ 200 ਮੈਂਬਰ ਪੰਜਾਬ ਵਿਚੋਂ ਅਤੇ ਬਾਕੀ ਦੇ 50 ਭਾਰਤ ਦੇ ਦੂਜੇ ਹਿੱਸਿਆਂ ਵਿਚ ਰਹਿੰਦੇ ਸਿੱਖਾਂ ਵਿਚੋਂ ਚੁਣੇ ਜਾਣੇ ਸਨ। ਉਪਰੋਕਤ ਕਮੇਟੀ ਦੇ ਮਤੇ ਦੇ ਮੱਦੇ-ਨਜ਼ਰ ਉੱਜਲ ਸਿੰਘ ਅਤੇ ਸੰਪੂਰਨ ਸਿੰਘ ਲਾਇਲਪੁਰੀ ਨੇ ਗੋਲਮੇਜ਼ ਕਾਨਫ਼ਰੰਸ ਦੀ ਸਲਾਹਕਾਰ ਕਮੇਟੀ ਤੋਂ ਅਸਤੀਫ਼ੇ ਦੇ ਦਿੱਤੇ ਸਨ। ਕਮੇਟੀ ਨੇ ਕੇਂਦਰੀ ਅਤੇ ਖੇਤਰੀ ਵਿਧਾਨਕਾਰਾਂ ਵਿਚੋਂ ਸਿੱਖ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਸਤੀਫ਼ੇ ਖ਼ਾਲਸਾ ਦਰਬਾਰ ਨੂੰ ਭੇਜਣ ਜਿਹੜਾ ਕਿ ਉਚਿਤ ਸਮੇਂ ‘ਤੇ ਇਨ੍ਹਾਂ ਨੂੰ ਸਰਕਾਰ ਕੋਲ ਭੇਜਣ ਦਾ ਅਧਿਕਾਰੀ ਹੈ।

      ਖ਼ਾਲਸਾ ਦਰਬਾਰ ਵਿਭਿੰਨ ਵਿਚਾਰਾਂ ਦੀ ਪ੍ਰਤਿਨਿਧਤਾ ਕਰਦਾ ਸੀ ਅਤੇ ਛੇਤੀ ਹੀ ਇਹ ਅੰਦਰੂਨੀ ਮੱਤ-ਭੇਦਾਂ ਦਾ ਸ਼ਿਕਾਰ ਹੋ ਗਿਆ। ਫਲਸਰੂਪ, ਇਸ ਦੇ ਇਕ ਪ੍ਰਮੁਖ ਅੰਗ ਕੇਂਦਰੀ ਸਿੱਖ ਲੀਗ ਨੇ ਖ਼ਾਲਸਾ ਦਰਬਾਰ ਨੂੰ ਆਪਣੇ ਵਿਚ ਮਿਲਾਉਣ ਦੀ ਤਜਵੀਜ਼ ਰੱਖੀ ਕਿਉਂਕਿ ਦੋਵੇਂ ਹੀ ਇਹ ਦਾਅਵਾ ਕਰਦੀਆਂ ਸਨ ਕਿ ਉਹਨਾਂ ਦੇ ਉਦੇਸ਼ ਇਕੋ ਜਿਹੇ ਹਨ। ਇਹਨਾਂ ਦਾ ਮਿਲਣਾ ਦੂਜੇ ਗਰੁੱਪਾਂ ਨੇ ਪਸੰਦ ਨਹੀਂ ਕੀਤਾ। ਉਹ ਇਸ ਦਾ ਵਿਰੋਧ ਕਰਨ ਲੱਗੇ ਕਿਉਂਕਿ ਲੀਗ ਇਕ ਰਾਜਨੀਤਿਕ ਪਾਰਟੀ ਸੀ ਅਤੇ ਰਾਜਨੀਤਿਕ ਉਦੇਸ਼ਾਂ ਦੀ ਪ੍ਰਾਪਤੀ ਲਈ ਇਸ ਦੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਨੇੜਲੇ ਸੰਬੰਧ ਸਨ ਜਦੋਂ ਕਿ ਖ਼ਾਲਸਾ ਦਰਬਾਰ ਦੀ ਸਥਾਪਨਾ ਪ੍ਰਮੁਖ ਤੌਰ ‘ਤੇ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇਹ ਕਮਿਊਨਲ ਅਵਾਰਡ ਦਾ ਵਿਰੋਧ ਕਰੇਗਾ। ਵੱਖ-ਵੱਖ ਸਿੱਖ ਪਾਰਟੀਆਂ ਦੀ ਇਕ ਸਾਂਝੀ ਕਾਨਫ਼ਰੰਸ ਇਸ ਦਾਅਵੇ ਨਾਲ ਸਾਮ੍ਹਣੇ ਆਈ ਕਿ ਖ਼ਾਲਸਾ ਦਰਬਾਰ ਸਿੱਖਾਂ ਦੀ ਇਕ ਪ੍ਰਮੁਖ ਰਾਜਨੀਤਿਕ ਸੰਸਥਾ ਹੈ ਅਤੇ ਇਸ ਦੁਆਰਾ ਤਸਲੀਮ ਕੀਤੇ ਬਗ਼ੈਰ, ਸਿੱਖਾਂ ਦੇ ਰਾਜਨੀਤਿਕ ਹੱਕਾਂ ਸੰਬੰਧੀ ਅਤੇ ਭਾਰਤ ਦੇ ਸੰਵਿਧਾਨ ਦੇ ਭਵਿਖ ਬਾਰੇ ਕੋਈ ਵੀ ਫ਼ੈਸਲਾ ਸਿੱਖਾਂ ਨੂੰ ਮੰਨਣਯੋਗ ਨਹੀਂ ਹੋਵੇਗਾ। ਇਸ ਨਾਲ ਦਰਬਾਰ ਦਾ ਮੁਢਲਾ ਸੰਕਲਪ ਹੀ ਬਦਲ ਗਿਆ। ਇਸ ਦੀ ਮੈਂਬਰਸ਼ਿਪ ਸਮੂਹ ਸਿੱਖਾਂ ਲਈ ਖੋਲ੍ਹ ਦਿੱਤੀ ਗਈ ਅਤੇ ਇਸ ਦੀਆਂ ਸ਼ਾਖ਼ਾਵਾਂ ਸਾਰੇ ਭਾਰਤ ਵਿਚ ਸਥਾਪਿਤ ਕੀਤੀਆਂ ਗਈਆਂ। ਪਰੰਤੂ ਇਸ ਸਹਿਯੋਗ ਦੇ ਬਾਵਜੂਦ ਵੀ ਇਹ ਕਦੇ ਵੀ ਸਿੱਖਾਂ ਦੀ ਇਕ ਮਜ਼ਬੂਤ ਅਤੇ ਸੰਯੁਕਤ ਰਾਜਨੀਤਿਕ ਪਾਰਟੀ ਨਾ ਬਣ ਸਕੀ। ਪੰਜਾਬ ਦੀ ਰਾਜਨੀਤੀ ਵਿਚ ਨਿਤਾਣੀ ਭੂਮਿਕਾ ਤੋਂ ਬਾਅਦ 1947 ਵਿਚ ਇਸ ਦਾ ਭੋਗ ਪੈ ਗਿਆ ਸੀ।


ਲੇਖਕ : ਕ.ਸੀ.ਗੁ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.