ਖ਼ਾਲਸਾ ਦੀਵਾਨ ਅੰਮ੍ਰਿਤਸਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਾਲਸਾ ਦੀਵਾਨ ਅੰਮ੍ਰਿਤਸਰ: ਸਿੰਘ ਸਭਾ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਅਤੇ ਉਨਾਂ ਨੂੰ ਦਿਸ਼ਾ ਪ੍ਰਦਾਨ ਕਰਨ ਹਿਤ ਅੰਮ੍ਰਿਤਸਰ ਵਿਖੇ 11 ਅਪ੍ਰੈਲ 1883 ਨੂੰ ਸਥਾਪਿਤ ਕੀਤੀ ਗਈ ਇਹ ਇਕ ਸੰਸਥਾ ਸੀ। ਇਸ ਸੁਧਾਰਵਾਦੀ ਲਹਿਰ ਦਾ ਜਨਮ ਅੰਮ੍ਰਿਤਸਰ ਵਿਖੇ 1 ਅਕਤੂਬਰ 1873 ਨੂੰ ਪਹਿਲੀ ਸਿੰਘ ਸਭਾ ਦੀ ਸਥਾਪਨਾ ਨਾਲ ਹੋਇਆ। ਹੋਰਨਾਂ ਥਾਵਾਂ ਵਿਖੇ ਵੀ ਸਿੰਘ ਸਭਾਵਾਂ ਹੋਂਦ ਵਿਚ ਆਉਣ ਲੱਗੀਆਂ: ਲਾਹੌਰ ਵਿਖੇ ਸਿੰਘ ਸਭਾ ਦੀ ਸਥਾਪਨਾ 2 ਨਵੰਬਰ 1879 ਨੂੰ ਹੋਈ। ਅੰਮ੍ਰਿਤਸਰ ਅਤੇ ਲਾਹੌਰ ਸਿੰਘ ਸਭਾਵਾਂ ਨੇ ਇਕ ਦੂਜੇ ਨਾਲ ਮਿਲ ਕੇ 11 ਅਪ੍ਰੈਲ 1880 ਨੂੰ ਅੰਮ੍ਰਿਤਸਰ ਵਿਖੇ ਜਨਰਲ ਸਭਾ ਦੇ ਨਾਂ ਹੇਠ ਇਕ ਸਾਂਝਾ ਪਲੇਟਫ਼ਾਰਮ ਸਥਾਪਿਤ ਕਰ ਲਿਆ। 11 ਅਪ੍ਰੈਲ 1883 ਨੂੰ ਜਨਰਲ ਸਭਾ ਨੇ ਆਪਣੇ ਆਪ ਨੂੰ ਖ਼ਾਲਸਾ ਦੀਵਾਨ ਵਿਚ ਤਬਦੀਲ ਕਰ ਲਿਆ ਸੀ। ਸ਼ੁਰੂ ਵਿਚ ਇਸ ਕੇਂਦਰੀ ਸੰਸਥਾ ਨਾਲ 36 ਸਿੰਘ ਸਭਾਵਾਂ ਸੰਬੰਧਿਤ ਹੋਈਆਂ ਸਨ। ਪੰਜਾਬ ਦੇ ਲੈਫਟੀਨੈਂਟ-ਗਵਰਨਰ ਅਤੇ ਫ਼ਰੀਦਕੋਟ ਦੇ ਰਾਜਾ ਬਿਕਰਮ ਸਿੰਘ ਇਸ ਦੇ ਸਰਪ੍ਰਸਤ ਸਨ; ਬਾਬਾ ਖੇਮ ਸਿੰਘ ਬੇਦੀ ਇਸ ਦੇ ਪ੍ਰਧਾਨ ਅਤੇ ਭਾਈ ਗੁਰਮੁਖ ਸਿੰਘ ਮੁੱਖ ਸਕੱਤਰ ਦੇ ਤੌਰ ਤੇ ਲਏ ਗਏ। ਦੀਵਾਨ ਨੇ ਆਪਣੇ ਆਪ ਨੂੰ ਧਾਰਮਿਕ ਅਤੇ ਸਮਾਜ-ਸੁਧਾਰਕ ਕੰਮਾਂ ਅਤੇ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਸਮਰਪਿਤ ਕਰ ਦਿੱਤਾ। ਇਹ ਸਿੱਖਾਂ ਦੀ ਪਹਿਲੀ ਪ੍ਰਤਿਨਿਧ ਸੰਸਥਾ ਸੀ। 11 ਅਪ੍ਰੈਲ 1885 ਨੂੰ ਗਵਰਨਰ- ਜਨਰਲ, ਲਾਰਡ ਡੱਫਰਿਨ, ਦੀ ਅੰਮ੍ਰਿਤਸਰ ਫੇਰੀ ਸਮੇਂ ਇਸ ਸੰਸਥਾ ਨੇ ਉਸ ਨੂੰ ਇਕ ਮਾਨ-ਪੱਤਰ ਦਿੱਤਾ ਜਿਸ ਵਿਚ ਸਿੱਖ ਕੌਮ ਅੰਦਰ ਵਿੱਦਿਆ ਦੀ ਘਾਟ ਅਤੇ ਇਸ ਘਾਟ ਨੂੰ ਦੂਰ ਕਰਨ ਦੇ ਸਾਧਨ ਪ੍ਰਦਾਨ ਕਰਨ ਦੀ ਮੰਗ ਉੱਪਰ ਜ਼ੋਰ ਦਿੱਤਾ ਗਿਆ ਸੀ। ਲਾਹੌਰ ਅਤੇ ਅੰਮ੍ਰਿਤਸਰ ਸਿੰਘ ਸਭਾਵਾਂ ਵਿਚਕਾਰ ਦੁਫੇੜ ਪੈਣ ਕਰਕੇ ਦੀਵਾਨ ਨੂੰ ਧੱਕਾ ਲੱਗਾ। ਬਾਬਾ ਖੇਮ ਸਿੰਘ ਬੇਦੀ, ਨੂੰ ਗੁਰੂ ਨਾਨਕ ਦੇ ਵੰਸ਼ਜ ਹੋਣ ਕਰਕੇ ਉਹਨਾਂ ਦੇ ਪੈਰੋਕਾਰ ਉਹਨਾਂ ਨੂੰ ਦੈਵੀ ਪੁਰਸ਼ ਸਮਝਦੇ ਸਨ, ਪਰੰਤੂ ਸੰਗਤ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵਿਸ਼ੇਸ਼ ਸੀਟ: ਗਦੈਲੇ ਉੱਪਰ ਉਹਨਾਂ ਦੇ ਬੈਠਣ ‘ਤੇ ਲਾਹੌਰ ਸਭਾ ਨੂੰ ਇਤਰਾਜ ਸੀ। ਇਸੇ ਕਰਕੇ ਅੰਮ੍ਰਿਤਸਰ ਸਭਾ ਨੂੰ ਘਟੀਆ ਮੰਨਦੇ ਹੋਏ ਗਦੈਲਾ ਪਾਰਟੀ ਵੀ ਕਿਹਾ ਜਾਂਦਾ ਸੀ। ਖ਼ਾਲਸਾ ਦੀਵਾਨ ਦੀ ਅਪ੍ਰੈਲ 1884 ਵਿਚ ਹੋਈ ਸਲਾਨਾ ਮੀਟਿੰਗ ਵਿਚ ਵੱਡੀ ਪੱਧਰ ਤੇ ਵਿਚਾਰਧਾਰਕ ਵਿਰੋਧ ਉਸ ਸਮੇਂ ਸਾਮ੍ਹਣੇ ਆਇਆ ਜਦੋਂ ਰਾਵਲਪਿੰਡੀ ਸਿੰਘ ਸਭਾ ਨੇ ਬਾਬਾ ਖੇਮ ਸਿੰਘ ਬੇਦੀ ਦੇ ਪ੍ਰ੍ਰਭਾਵ ਹੇਠ ਇਹ ਤਜਵੀਜ਼ ਰੱਖੀ ਕਿ ਸਿੰਘ ਸਭਾ ਦਾ ਨਾਂ ਬਦਲਕੇ ਸਿੱਖ ਸਿੰਘ ਸਭਾ ਰੱਖਿਆ ਜਾਵੇ ਤਾਂ ਕਿ ਗ਼ੈਰ-ਅੰਮ੍ਰਿਤਧਾਰੀ ਸਿੱਖ ਵੀ ਇਸ ਦੇ ਮੈਂਬਰ ਬਣ ਸਕਣ। ਇਸ ਤਜਵੀਜ਼ ਦਾ ਲਾਹੌਰ ਸਿੰਘ ਸਭਾ ਦੇ ਪ੍ਰਵਕਤਾ, ਭਾਈ ਗੁਰਮੁਖ ਸਿੰਘ, ਨੇ ਡੱਟ ਕੇ ਵਿਰੋਧ ਕੀਤਾ, ਅਤੇ ਮੀਟਿੰਗ ਇਸੇ ਹਫੜਾ-ਦਫੜੀ ਵਿਚ ਸਮਾਪਤ ਹੋ ਗਈ।

      ਮਈ 1885 ਵਿਚ, ਬਾਵਾ ਨਿਹਾਲ ਸਿੰਘ ਦੁਆਰਾ ਉਰਦੂ ਵਿਚ ਰਚਿਤ ਇਕ ਪੁਸਤਕ ਖੁਰਸ਼ੀਦ ਖ਼ਾਲਸਾ ਸਿਰਲੇਖ ਅਧੀਨ ਪ੍ਰਕਾਸ਼ਿਤ ਹੋਈ ਸੀ। ਇਸ ਪ੍ਰਕਾਸ਼ਨਾ ਨੇ ਦੋਵਾਂ ਸਭਾਵਾਂ ਦੇ ਪਰਸਪਰ ਵਿਰੋਧ ਨੂੰ ਹੋਰ ਤਿੱਖਾ ਕਰ ਦਿੱਤਾ ਸੀ। ਪੁਸਤਕ ਵਿਚ ਸਰਕਾਰ ਦੇ ਵਿਰੁੱਧ ਅਤੇ ਮਹਾਰਾਜਾ ਦਲੀਪ ਸਿੰਘ ਦੇ ਪੱਖ ਵਿਚ ਕੁਝ ਪੈਰ੍ਹੇ ਸਨ। ਉਸ ਸਮੇਂ ਤਕ ਦਲੀਪ ਸਿੰਘ ਬਾਗ਼ੀ ਹੋ ਗਿਆ ਸੀ। ਇਸ ਦਾ ਲਾਹੌਰ ਪਾਰਟੀ ਨੇ ਇਤਰਾਜ ਕੀਤਾ ਅਤੇ ਲੇਖਕ ਨੂੰ ਕਿਤਾਬ ਵਾਪਸ ਲੈਣ ਲਈ ਕਿਹਾ। ਗੁਰਮੁਖ ਸਿੰਘ ਨੇ ਖ਼ਾਲਸਾ ਦੀਵਾਨ ਦੇ ਸਕੱਤਰ ਦੇ ਤੌਰ ਤੇ ਅਕਤੂਬਰ 1885 ਵਿਚ ਇਕ ਪੱਤਰ ਜਾਰੀ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਦੀਵਾਨ ਦਾ ਇਸ ਪ੍ਰਕਾਸ਼ਨਾ ਨਾਲ ਕੋਈ ਸੰਬੰਧ ਨਹੀਂ ਅਤੇ ਉਸ ਨੇ ਸਾਰਾ ਇਲਜ਼ਾਮ ਲੇਖਕ ਸਿਰ ਮੜ੍ਹ ਦਿੱਤਾ ਜਿਸਨੂੰ ਕਿ ਅੰਮ੍ਰਿਤਸਰ ਧੜੇ ਦੀ ਹਿਮਾਇਤ ਹਾਸਲ ਸੀ। ਜਦੋਂ ਇਹ ਵਿਰੋਧ ਸਿਖਰ ਤੇ ਪੁੱਜ ਗਿਆ ਤਾਂ ਲਾਹੌਰ ਸਭਾ ਨੇ ਮੋਢੀ ਸੰਸਥਾ ਤੋਂ ਅਲੱਗ ਹੋ ਕੇ 11 ਅਪ੍ਰੈਲ 1886 ਨੂੰ ਖ਼ਾਲਸਾ ਦੀਵਾਨ ਲਾਹੌਰ ਦੇ ਨਾਂ ਹੇਠ ਇਕ ਵੱਖਰੀ ਸੰਸਥਾ ਸਥਾਪਿਤ ਕਰ ਲਈ। ਬਾਕੀ ਬਚੇ ਅੰਮ੍ਰਿਤਸਰ ਦੀਵਾਨ ਨਾਲ 10 ਤੋਂ ਵੀ ਘੱਟ ਸਿੰਘ ਸਭਾਵਾਂ ਦੀ ਸੰਬੰਧਿਤਾ ਰਹਿ ਗਈ ਉਹਨਾਂ ਵਿਚੋਂ ਤਿੰਨ-ਅੰਮ੍ਰਿਤਸਰ, ਰਾਵਲਪਿੰਡੀ ਅਤੇ ਫ਼ਰੀਦਕੋਟ, ਵਧੇਰੇ ਮਹੱਤਵਪੂਰਨ ਸਨ। ਸਤੰਬਰ 1887 ਵਿਚ ਦੀਵਾਨ ਦਾ ਨਵਾਂ ਅਪਣਾਇਆ ਸੰਵਿਧਾਨ ਵੀ ਦੀਵਾਨ ਦੇ ਪਤਨ ਨੂੰ ਰੋਕਣ ਵਿਚ ਅਸਫ਼ਲ ਰਿਹਾ। ਨਵੀਂ ਸਕੀਮ ਹੇਠ ਇਹ ਦੀਵਾਨ ਦੋ ਭਾਗਾਂ ਵਿਚ ਵੰਡਿਆ ਗਿਆ-ਕੁਲੀਨ ਵਰਗ ਦੀ ਪ੍ਰਤਿਨਿਧਤਾ ਕਰਦੇ ਉੱਚ ਸਦਨ ਨੂੰ ਮਹਾਨ ਖੰਡ ਅਤੇ ਆਮ ਲੋਕਾਂ ਦੀ ਪ੍ਰਤਿਨਿਧਤਾ ਕਰਦੇ ਹੇਠਲੇ ਸਦਨ ਨੂੰ ਸਮਾਨ ਖੰਡ ਕਿਹਾ ਗਿਆ। ਰਾਜਾ ਬਿਕਰਮ ਸਿੰਘ ਸਮੁੱਚੇ ਤੌਰ ਤੇ ਇਸ ਦੀਵਾਨ ਦੇ ਸਰਪ੍ਰਸਤ ਬਣੇ ਰਹੇ ਜਦੋਂ ਕਿ ਬਾਬਾ ਖੇਮ ਸਿੰਘ ਮਹਾਨ ਖੰਡ ਦੇ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮਨੇਜਰ , ਮਾਨ ਸਿੰਘ ਸਮਾਨ ਖੰਡ ਦੇ ਪ੍ਰਧਾਨ ਬਣ ਗਏ। 1902 ਵਿਚ, ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਨਾਲ ਇਸ ਦੀਵਾਨ ਦੀ ਹੋਂਦ ਖ਼ਤਮ ਹੋ ਗਈ ਸੀ।


ਲੇਖਕ : ਜ.ਜ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.