ਖ਼ਾਲਸਾ ਦੀਵਾਨ ਮਾਝਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਲਸਾ ਦੀਵਾਨ ਮਾਝਾ: ਲਾਹੌਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਦੀ ਪ੍ਰਤਿਨਿਧਤਾ ਕਰਦੀ ਸੁਧਾਰਵਾਦੀ ਸਿੱਖਾਂ ਦੀ ਇਹ ਇਕ ਸੰਸਥਾ ਸੀ। ਇਸ ਦੀ ਸਥਾਪਨਾ 1904 ਵਿਚ ਹੋਈ। ਸਿੰਘ ਸਭਾ ਲਹਿਰ ਨੇ ਸਿੱਖ ਕੌਮ ਅੰਦਰ ਉਸ ਦੀਆਂ ਧਾਰਮਿਕ ਅਤੇ ਸਮਾਜਿਕ ਰਸਮਾਂ ਦੇ ਸੁਧਾਰ ਦੀ ਲੋੜ ਲਈ ਇਕ ਨਵੀਂ ਚੇਤਨਾ ਜਗਾਈ। 1904 ਦੇ ਸ਼ੁਰੂ ਵਿਚ ਨੌਸ਼ਹਿਰਾ ਪੰਨੂਆਂ ਦੇ ਰਿਸਾਲਦਾਰ ਬਸੰਤ ਸਿੰਘ ਨੇ ਅੰਮ੍ਰਿਤਸਰ ਜ਼ਿਲੇ ਦੇ ਉਪਮੰਡਲ ਤਰਨ ਤਾਰਨ ਵਿਚ ਆਪਣੀ ਲੜਕੀ ਦਾ ਵਿਆਹ ਕੀਤਾ ਸੀ। ਭਾਵੇਂ ਕਿ ਵਿਆਹ ਦੀਆਂ ਅਸਲ ਰਸਮਾਂ ਸਿੰਘ ਸਭਾ ਦੁਆਰਾ ਪ੍ਰਚਲਿਤ ਅਤੇ ਪ੍ਰਵਾਨਿਤ ਸਿੱਖ ਅਨੰਦ-ਸੰਸਕਾਰ ਅਨੁਸਾਰ ਕੀਤੀਆਂ ਗਈਆਂ ਸਨ ਪਰ ਫਿਰ ਵੀ ਇਨ੍ਹਾਂ ਤੇ ਬਹੁਤ ਸਾਰਾ ਦਿਖਾਵਾ ਅਤੇ ਫ਼ਜ਼ੂਲ ਖ਼ਰਚੀ ਕੀਤੀ ਗਈ ਸੀ। ਉਸ ਦੇ ਸੁਧਾਰਵਾਦੀ ਮਿੱਤਰ , ਕੈਰੋਂ ਦੇ ਜ਼ੈਲਦਾਰ ਸ਼ਾਮ ਸਿੰਘ, ਨੇ ਇਸ ਗੱਲ ਨੂੰ ਪਸੰਦ ਨਾ ਕੀਤਾ। ਉਹਨਾਂ ਦੀ ਆਪਸੀ ਬਹਿਸ ਕਾਰਨ ਫ਼ਰਵਰੀ 1904 ਵਿਚ ਸ੍ਰੀ ਦਰਬਾਰ ਸਾਹਿਬ , ਤਰਨ ਤਾਰਨ, ਸਮੂਹ ਵਿਖੇ ਇਕ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਖ਼ਾਲਸਾ ਦੀਵਾਨ ਮਾਝਾ ਦੇ ਨਾਂ ਹੇਠ ਇਕ ਸੰਸਥਾ ਸਥਾਪਿਤ ਕੀਤੀ ਜਾਵੇ। ਬਸੰਤ ਸਿੰਘ ਨੇ ਸੰਵਿਧਾਨ ਦਾ ਇਕ ਖਰੜਾ ਤਿਆਰ ਕੀਤਾ ਜੋ ਵੱਖ-ਵੱਖ ਸਿੰਘ ਸਭਾਵਾਂ ਨੂੰ ਭੇਜਿਆ ਗਿਆ। ਇਸ ਖਰੜੇ ਦੀ ਪੜਤਾਲ ਦਾ ਕੰਮ ਵਿਸ਼ੇਸ਼ ਤੌਰ ਤੇ ਬਣਾਈ ਇਕ ਧਾਰਮਿਕ ਸਬ-ਕਮੇਟੀ ਨੂੰ ਸੋਂਪਿਆ ਗਿਆ। ਰਿਸਾਲਦਾਰ ਬਸੰਤ ਸਿੰਘ ਨੂੰ ਇਸ ਦਾ ਪ੍ਰਧਾਨ ਅਤੇ ਜ਼ੈਲਦਾਰ ਸ਼ਾਮ ਸਿੰਘ ਕੈਰੋਂ ਨੂੰ ਇਸ ਦਾ ਸਕੱਤਰ ਚੁਣਿਆ ਗਿਆ। ਕੈਰੋਂ ਨੇ ਸਦਰ ਮੁਕਾਮ ਦੇ ਤੌਰ ਤੇ ਕੰਮ ਕੀਤਾ ਪਰੰਤੂ ਮਾਸਿਕ ਇਕੱਤਰਤਾਵਾਂ ਆਲੇ-ਦੁਆਲੇ ਦੇ ਪਿੰਡਾਂ ਵਿਚ ਵਾਰੀ-ਵਾਰੀ ਕੀਤੀਆਂ ਜਾਂਦੀਆਂ ਸਨ ਤਾਂ ਕਿ ਸਥਾਨਿਕ ਸ਼ਮੂਲੀਅਤ ਵਿਚ ਵਾਧਾ ਹੋ ਸਕੇ ।
ਦੀਵਾਨ ਨੇ ਆਪਣੇ ਮੁਢਲੇ ਸਾਲਾਂ ਵਿਚ ਪਹਿਲਾਂ ਦੋ ਤਰ੍ਹਾਂ ਦੇ ਕੰਮਾਂ ਤੇ ਧਿਆਨ ਕੇਂਦਰਿਤ ਕੀਤਾ। ਪਹਿਲਾ, ਪ੍ਰਚਾਰਕਾਂ ਅਤੇ ਰਾਗੀਆਂ ਨੇ ਪਿੰਡਾਂ ਦਾ ਦੌਰਾ ਕਰਕੇ ਸਿੱਖ ਕਿਸਾਨਾਂ ਨੂੰ ਸਾਦੇ ਵਿਆਹ ਕਰਨ, ਦਾਜ ਤੋਂ ਛੁਟਕਾਰਾ ਪਾਉਣ ਅਤੇ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਛੱਡਣ ਉੱਪਰ ਜ਼ੋਰ ਦਿੱਤਾ ਸੀ। ਦੂਜਾ , ਦੀਵਾਨ ਨੇ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ, ਵਿਖੇ ਧਾਰਮਿਕ ਮੇਲਿਆਂ ਦੀ ਸ਼ੈਲੀ ਵਿਚ ਸੁਧਾਰ ਕਰਨ ਦਾ ਯਤਨ ਕੀਤਾ ਸੀ। ਤਰਨ ਤਾਰਨ ਵਿਖੇ ਧਾਰਮਿਕ ਮੰਨਿਆ ਜਾਣ ਵਾਲਾ ਮੱਸਿਆ ਦਾ ਮੇਲਾ ਅਨੈਤਿਕਤਾ ਅਤੇ ਦੁਰਵਿਵਹਾਰ ਕਾਰਨ ਬਦਨਾਮ ਹੋ ਗਿਆ ਸੀ। ਖ਼ਾਲਸਾ ਦੀਵਾਨ ਮਾਝਾ ਨੇ ਮੇਲੇ ਦੇ ਪ੍ਰਬੰਧ ਦੇ ਸੁਧਾਰ ਨੂੰ ਪ੍ਰਮੁਖ ਨਿਸ਼ਾਨਾ ਮਿਥਿਆ। ਮਾਸਕ ਇਕੱਠਾਂ ਅਤੇ ਦਿਨ-ਭਰ ਲੰਮੇ ਪ੍ਰਚਾਰਕ ਸੈਸ਼ਨਾਂ ਰਾਹੀਂ ਯਾਤਰੂਆਂ ਨੂੰ ਹੋਛੀਆਂ ਹਰਕਤਾਂ ਰਾਹੀਂ ਪ੍ਰਸੰਨ ਹੋਣ ਦੀ ਥਾਂ ਨਾਮ-ਸਿਮਰਨ ਕਰਨ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਸਨ। ਇਸ ਮੁਹਿੰਮ ਨੇ ਮੇਲੇ ਦੇ ਅੰਦਾਜ ਵਿਚ ਵਿਸ਼ੇਸ਼ ਵਰਨਨਯੋਗ ਸੁਧਾਰ ਕੀਤਾ ਸੀ। ਇਸੇ ਤਰ੍ਹਾਂ ਦੀਵਾਨ ਨੇ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ, ਵਿਚੋਂ ਮੂਰਤੀਆਂ ਹਟਾਉਣ ਅਤੇ ਇਸਦੇ ਪ੍ਰਬੰਧ ਵਿਚ ਸੁਧਾਰ ਲਈ ਮੁਹਿੰਮ ਅਰੰਭ ਕਰ ਦਿੱਤੀ ਸੀ। ਪੁਜਾਰੀਆਂ ਉੱਤੇ ਦਬਾਅ ਨੇ ਖ਼ਤਰਨਾਕ ਹਥਿਆਰਬੰਦ ਝੜਪਾਂ ਦਾ ਰੂਪ ਲੈ ਲਿਆ ਸੀ ਅਤੇ ਕਈ ਮੌਕਿਆਂ ਤੇ ਖ਼ੂਨ-ਖ਼ਰਾਬਾ ਵੀ ਹੋਇਆ। ਪਰ ਭਾਈ ਮੋਹਨ ਸਿੰਘ ਵੈਦ ਵਰਗੇ ਪ੍ਰਮੁਖ ਸਿੱਖਾਂ ਦੀ ਵਿਚੋਲਗੀ ਕਾਰਨ ਦਰਬਾਰ ਸਾਹਿਬ, ਤਰਨ ਤਾਰਨ, ਦੇ ਮਾਹੌਲ ਵਿਚ ਸੁਧਾਰ ਹੋਇਆ।
ਦੀਵਾਨ ਦੀ ਪਹਿਲੀ ਸਲਾਨਾ ਕਾਨਫ਼ਰੰਸ 17-19 ਫ਼ਰਵਰੀ 1905 ਨੂੰ ਤਰਨ ਤਾਰਨ ਵਿਖੇ ਹੋਈ। ਪ੍ਰਚਾਰ ਦੇ ਨਾਲ-ਨਾਲ ਇਕੱਠ ਨੇ ਵਿਸ਼ਾਲ ਸਮਾਜਿਕ ਮਸਲਿਆਂ ਤੇ ਇਕ ਮਤਾ ਪਾਸ ਕੀਤਾ। ਪੰਦਰਾਂ ਵਿਚੋਂ ਬਾਰ੍ਹਾਂ ਮਤੇ ਪ੍ਰਵਾਨ ਕੀਤੇ ਗਏ ਜੋ ਕਿ ਅਨੰਦ-ਸੰਸਕਾਰ ਦੇ ਵਿਸਤਾਰ ਨਾਲ ਸੰਬੰਧਿਤ ਸਨ। ਦਾਜ ਤੋਂ ਪ੍ਰਹੇਜ ਕਰਨ ਲਈ ਕਿਹਾ ਗਿਆ ਅਤੇ ਘੱਟ ਖ਼ਰਚੇ ਵਾਲੀਆਂ ਸਾਦੀਆਂ ਰਸਮਾਂ ਧਾਰਨ ਕਰਨ ਨੂੰ ਪਹਿਲ ਦਿੱਤੀ ਗਈ। ਇਕ ਹੋਰ ਮਤੇ ਵਿਚ ਸਰਕਾਰ ਨੂੰ ਸਕੂਲਾਂ ਵਿਚ ਪੰਜਾਬੀ ਨੂੰ ਸਿੱਖਿਆ ਦੇ ਮਾਧਿਅਮ ਦੇ ਤੌਰ ਤੇ ਅਪਨਾਉਣ ਲਈ ਕਿਹਾ ਗਿਆ। ਇਕ ਹੋਰ ਮਤੇ ਵਿਚ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਹੋਲੀ ਦੇ ਤਿਉਹਾਰ ਸਮੇਂ ਮਜ਼ਾਕ ਅਤੇ ਹੋਛੇਪਣ ਨੂੰ ਭਗਤੀ ਦੇ ਦਿਨ ਵਿਚ ਬਦਲ ਕੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਰੰਭ ਕੀਤੀਆਂ ਪੁਰਸ਼ ਖੇਡਾਂ ਨੂੰ ਉਤਸ਼ਾਹਿਤ ਕਰਦੇ ਹੋਏ, ਇਸ ਦਿਨ ਨੂੰ ਹੋਲੇ ਮੁਹੱਲੇ ਦਾ ਰੂਪ ਦਿੱਤਾ ਜਾਵੇ। ਆਖ਼ਰੀ ਮਤਾ ਸਮੂਹਿਕ ਤੌਰ ਤੇ ਸ਼ਰਾਬ ਅਤੇ ਨਸ਼ਿਆਂ ਨੂੰ ਰੋਕਣ ਦੀ ਲੋੜ ਤੇ ਜ਼ੋਰ ਦਿੰਦਾ ਸੀ।
1905 ਦੌਰਾਨ ਦੀਵਾਨ ਨੇ ਮੀਟਿੰਗਾਂ ਕੀਤੀਆਂ ਅਤੇ ਮਤਿਆਂ ਨੂੰ ਲਾਗੂ ਕਰਵਾਇਆ। ਅਪ੍ਰੈਲ 1906 ਵਿਚ ਹੋਈ ਦੂਜੀ ਸਲਾਨਾ ਕਾਨਫ਼ਰੰਸ ਦਾ ਕੇਂਦਰ ਪ੍ਰਮੁਖ ਤੌਰ ਤੇ ਜੱਟਾਂ ਦੇ ਦੋ ਪਰਵਾਰਾਂ, ਢਿੱਲੋਂ ਅਤੇ ਬੱਲ , ਵਿਚਕਾਰ ਭਾਈਚਾਰਿਕ ਦੁਫੇੜ ਸੀ। ਗ਼ਲਤ-ਫ਼ਹਿਮੀ ਕਰਕੇ ਪੰਦ੍ਹਰਵੀਂ ਸਦੀ ਤੋਂ ਲੈ ਕੇ ਹੁਣ ਤਕ ਦੋਵਾਂ ਪਰਵਾਰਾਂ ਵਿਚਕਾਰ ਕੋਈ ਸੰਬੰਧ ਨਹੀਂ ਸਨ। ਸਾਂਝੇ ਯਤਨਾਂ ਅਤੇ ਅਰਦਾਸ ਨੇ ਤਣਾਉ ਘੱਟ ਕਰਨ ਵਿਚ ਸਹਾਇਤਾ ਕੀਤੀ। ਸਿੱਟੇ ਵਜੋਂ ਪਰਵਾਰਾਂ ਨੇ ਆਪਣਾ ਪੁਰਾਤਨ ਵਿਰੋਧ ਛੱਡ ਦਿੱਤਾ ਅਤੇ ਆਪਸੀ ਸੰਬੰਧਾਂ ਤੇ ਰੋਕ ਖ਼ਤਮ ਕਰ ਕੇ ਖ਼ਾਲਸਾ ਭਾਈਚਾਰੇ ਵਿਚ ਸ਼ਾਮਲ ਹੋ ਗਏ ਸਨ। ਕਾਨਫ਼ਰੰਸ ਨੇ ਪ੍ਰਮਾਣਿਕ ਅਤੇ ਸੰਸਥਾਗਤ ਰੂਪ ਵਿਚ ਪ੍ਰਚਾਰ ਕਰਨ ਲਈ 8 ਕਿਲੋਮੀਟਰ ਘੇਰੇ ਵਿਚ ਆਉਂਦੇ ਹਰ ਪਿੰਡ ਵਿਚ ਮਿਸ਼ਨਰੀ ਸੈਂਟਰ ਸਥਾਪਿਤ ਕਰਨ ਦਾ ਫ਼ੈਸਲਾ ਕਰ ਲਿਆ। ਇਸ ਤਰ੍ਹਾਂ ਸਿੱਖਾਂ ਦੀ ਵੱਡੀ ਗਿਣਤੀ ਵਿਚ ਇਹ ਪ੍ਰਚਾਰ ਹੋ ਸਕਦਾ ਸੀ। ਪਰ ਯੋਗ ਪ੍ਰਚਾਰਕਾਂ ਦੀ ਘਾਟ ਇਕ ਰੁਕਾਵਟ ਸੀ। ਇਕ ਵਿਸ਼ੇਸ਼ ਕਮੇਟੀ ਨੇ ਇਸ ਸਮੱਸਿਆ ਦਾ ਅਧਿਐਨ ਕੀਤਾ ਅਤੇ ਇਕ ਸਿਖਲਾਈ ਸੰਸਥਾ, ਖ਼ਾਲਸਾ ਪ੍ਰਚਾਰਕ ਵਿਦਿਆਲਾ, ਤਰਨ ਤਾਰਨ, ਦੀ 6 ਨਵੰਬਰ 1906 ਨੂੰ ਸਥਾਪਨਾ ਕੀਤੀ ਗਈ। ਇਸ ਸੰਸਥਾ ਦੀ ਸਫ਼ਲਤਾ ਲਈ ਕੈਰੋਂ ਦੇ ਨਿਹਾਲ ਸਿੰਘ ਨੇ ਸਕੱਤਰ ਵਜੋਂ ਅਤੇ ਤਰਨ ਤਾਰਨ ਦੇ ਭਾਈ ਮੋਹਨ ਸਿੰਘ ਵੈਦ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸੀ।
ਦੀਵਾਨ ਦਾ ਤੀਜਾ ਸਲਾਨਾ ਸੈਸ਼ਨ 9-10 ਅਪ੍ਰੈਲ 1907 ਨੂੰ ਪੰਜਾਬ ਵਿਚ ਰਾਜਨੀਤਿਕ ਅਫਰਾ-ਤਫਰੀ ਦੇ ਸਮੇਂ ਆਯੋਜਿਤ ਕੀਤਾ ਗਿਆ। ਕਾਨਫ਼ਰੰਸ ਵਿਚ ਬਹੁਤ ਸ਼ਕਤੀਸ਼ਾਲੀ ਮਤੇ ਅਪਣਾਏ ਗਏ ਜਿਹਨਾਂ ਵਿਚ ਸਰਕਾਰ ਨੂੰ ਕਿਹਾ ਗਿਆ ਕਿ ਪਾਣੀ ਅਤੇ ਜ਼ਮੀਨੀ ਮਾਲੀਏ ਦੇ ਰੇਟ ਘਟਾਏ ਜਾਣ, ਖੇਤੀਬਾੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੇ ਨਵੇਂ ਬਸਤੀਵਾਦੀ ਪ੍ਰਬੰਧ ਵਿਚ ਸੁਧਾਰ ਕੀਤਾ ਜਾਵੇ; ਇਹ ਧੰਦਾ ਪ੍ਰਮੁਖ ਤੌਰ ਤੇ ਕੇਂਦਰੀ ਪੰਜਾਬ ਦੇ ਸਿੱਖਾਂ ਕੋਲ ਸੀ। ਕਾਨਫ਼ਰੰਸ ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਦੇ ਨਿਘਾਰ ਰਹੇ ਪ੍ਰਬੰਧ ‘ਤੇ ਵਿਚਾਰ ਕੀਤਾ ਗਿਆ ਅਤੇ ਸਰਕਾਰ ਨੂੰ ਇਸ ਵਿਚ ਦਖ਼ਲ ਦੇ ਕੇ ਸੁਧਾਰ ਕਰਨ ਦੀ ਬੇਨਤੀ ਕੀਤੀ ਗਈ। ਇਕ ਹੋਰ ਮਤੇ ਵਿਚ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਗੁਰਦੁਆਰਾ ਨਨਕਾਣਾ ਸਾਹਿਬ ਦੀ ਜ਼ਮੀਨੀ ਜਾਇਦਾਦ ਮਹੰਤ ਦੇ ਨਾਂ ਤੋਂ ਬਦਲ ਕੇ ਗੁਰਦੁਆਰੇ ਦੇ ਨਾਂ ਕੀਤੀ ਜਾਵੇ।
ਇਸ ਸਮੇਂ ਕੁਝ ਨਿੱਜੀ ਸਵਾਰਥਾਂ ਦੁਆਰਾ ਜਾਣ-ਬੁੱਝ ਕੇ ਇਹ ਯਤਨ ਕੀਤੇ ਗਏ ਕਿ ਮਾਝਾ , ਮਾਲਵਾ ਅਤੇ ਦੁਆਬਾ ਦੇ ਇਲਾਕਿਆਂ ਵਿਚ ਰਹਿੰਦੇ ਸਿੱਖਾਂ ਵਿਚਕਾਰ ਅਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਜਾਵੇ। ਨਤੀਜੇ ਵਜੋਂ ਇਹਨਾਂ ਵਿਭਿੰਨ ਇਲਾਕਿਆਂ ਦੇ ਖ਼ਾਲਸਾ ਦੀਵਾਨਾਂ ਵਿਚਕਾਰ ਗ਼ਲਤ-ਫ਼ਹਿਮੀਆਂ ਪੈਦਾ ਹੋ ਗਈਆਂ। ਅਖੀਰ ਚੀਫ਼ ਖ਼ਾਲਸਾ ਦੀਵਾਨ ਨੇ ਅਜਿਹੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਇਹ ਸਲਾਹ ਦਿੱਤੀ ਕਿ ਸਾਰੀਆਂ ਸੰਸਥਾਵਾਂ ਹੋਰ ਵਧੇਰੇ ਸੰਪੂਰਨਤਾ ਨਾਲ ਕੇਂਦਰੀ ਸੰਸਥਾ ਨਾਲ ਜੁੜ ਜਾਣ। ਅਟਾਰੀ ਦੇ ਸਰਦਾਰ ਹਰਬੰਸ ਸਿੰਘ ਅਤੇ ਪ੍ਰੋਫ਼ੈਸਰ ਜੋਧ ਸਿੰਘ ਵਿਸ਼ੇਸ਼ ਤੌਰ ਤੇ ਮਾਝਾ ਖ਼ਾਲਸਾ ਦੀਵਾਨ ਨੂੰ ਮਿਲੇ ਅਤੇ ਉਹਨਾਂ ਉੱਪਰ ਚੀਫ਼ ਖ਼ਾਲਸਾ ਦੀਵਾਨ ਵਿਚ ਸ਼ਾਮਲ ਹੋਣ ਲਈ ਜ਼ੋਰ ਪਾਇਆ ਤਾਂ ਜੋ ਕੌਮ ਅੰਦਰਲੇ ਦੁਫੇੜ ਨੂੰ ਖ਼ਤਮ ਕਰਨ ਹਿਤ ਇਕ ਮਿਸਾਲ ਪੈਦਾ ਕੀਤੀ ਜਾ ਸਕੇ। ਖ਼ਾਲਸਾ ਦੀਵਾਨ ਮਾਝਾ ਦੇ ਮੈਂਬਰਾਂ ਨੇ ਇਸ ਮਸਲੇ ਉੱਪਰ ਲਗ-ਪਗ ਇਕ ਸਾਲ ਵਿਚਾਰ ਕੀਤਾ ਅਤੇ 1908 ਦੇ ਸ਼ੁਰੂ ਵਿਚ ਇਸ ਨਤੀਜੇ ‘ਤੇ ਪਹੁੰਚੇ ਕਿ ਪੰਥ ਦੇ ਭਲੇ ਲਈ ਆਪਸੀ ਮੱਤ-ਭੇਦ ਭੁਲਾ ਦੇਣੇ ਚਾਹੀਦੇ ਹਨ। ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਕਾਰੀ ਕਮੇਟੀ ਨੇ 8 ਫ਼ਰਵਰੀ 1908 ਨੂੰ ਇਸ ਦੇ ਚੀਫ਼ ਖ਼ਾਲਸਾ ਦੀਵਾਨ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਅਤੇ ਖ਼ਾਲਸਾ ਦੀਵਾਨ ਮਾਝਾ ਨੂੰ ਮੁੜ-ਸਥਾਪਿਤ ਕਰਦੇ ਹੋਏ ਇਸ ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਮਾਝਾ ਪ੍ਰਚਾਰ ਸਬ-ਕਮੇਟੀ ਬਣਾ ਦਿੱਤਾ। ਰਸੂਲਪੁਰ ਦੇ ਸਰਦਾਰ ਸੰਤ ਸਿੰਘ ਨੂੰ ਇਸਦਾ ਚੇਅਰਮੈਨ ਬਣਾਇਆ ਗਿਆ। ਨਵੀਂ ਸੰਸਥਾ ਪਹਿਲੀ ਵਾਰ ਮਾਰਚ 1908 ਵਿਚ ਕੈਰੋਂ ਪਿੰਡ ਵਿਖੇ ਇਕੱਠੀ ਹੋਈ ਜਿਸ ਵਿਚ ਲਾਹੌਰ ਜ਼ਿਲੇ ਦੇ ਰਾਜਾ ਜੰਗ ਵਿਖੇ ਚੌਥੀ ਕਾਨਫ਼ਰੰਸ ਕਰਨ ਦੀ ਯੋਜਨਾ ਅਤੇ ਤਿਆਰੀ ਕੀਤੀ ਗਈ। ਇਸ ਸਥਾਨ ਨੂੰ ਪ੍ਰਮੁਖ ਤੌਰ ਤੇ ਇਸ ਕਾਰਨ ਚੁਣਿਆ ਗਿਆ ਕਿਉਂਕਿ ਸਥਾਨਿਕ ਸੰਗਤ ਅੰਦਰ ਨੀਵੀਂਆਂ ਅਤੇ ਉਚੀਆਂ ਜਾਤਾਂ ਦੇ ਮੈਂਬਰਾਂ ਵਿਚਕਾਰ ਤਿੱਖੇ ਮੱਤ-ਭੇਦ ਉੱਭਰ ਕੇ ਸਾਮ੍ਹਣੇ ਆ ਰਹੇ ਸਨ। ਅਗਲੇ ਸਾਲ ਕੈਰੋਂ ਵਿਖੇ ਇਕ ਨਵਾਂ ਸਕੂਲ ਖੋਲ੍ਹਿਆ ਗਿਆ ਜਿਸ ਨੇ ਔਰਤਾਂ ਵਿਚ ਸਿੱਖਿਆ ਦੇ ਪ੍ਰਸਾਰ ਲਈ ਸਹਾਇਤਾ ਕੀਤੀ। ਪਰੰਤੂ ਖ਼ਾਲਸਾ ਪ੍ਰਚਾਰਕ ਵਿਦਿਆਲਾ ਦੇ ਅਹੁਦੇਦਾਰ ਚੀਫ਼ ਖ਼ਾਲਸਾ ਦੀਵਾਨ ਵਿਚ ਚੱਲੇ ਜਾਣ ਕਾਰਨ ਅਤੇ ਮਾਝਾ ਪ੍ਰਚਾਰ ਸਬ-ਕਮੇਟੀ ਦਾ ਮਹੱਤਵ ਵਧ ਜਾਣ ਕਰਕੇ ਕੈਰੋਂ ਦੀ ਕਮੇਟੀ ਕਮਜ਼ੋਰ ਹੋ ਗਈ ਅਤੇ 1910 ਤਕ ਇਹ ਅਕਿਰਿਆਸ਼ੀਲ ਹੋ ਗਈ ਸੀ।
ਆਪਣੇ ਥੋੜ੍ਹੇ ਸਮੇਂ ਵਿਚ ਹੀ ਖ਼ਾਲਸਾ ਦੀਵਾਨ ਮਾਝਾ ਨੇ ਸੁਧਾਰਕ ਪ੍ਰੋਗਰਾਮਾਂ ਵਿਚ ਹਿੱਸਾ ਪਾਇਆ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਸ਼ਹਿਰੀ ਅਤੇ ਪੇਂਡੂ ਦੋਵਾਂ ਇਲਾਕਿਆਂ ਵਿਚ ਭਵਿਖ-ਮੁਖੀ ਕੰਮ ਲਈ ਆਧਾਰ ਤਿਆਰ ਕੀਤਾ। ਇਹ ਪਹਿਲੀ ਸੰਸਥਾ ਸੀ ਜਿਸ ਨੇ ਸਿੱਖਾਂ ਦਾ ਧਿਆਨ ਗੁਰਧਾਮਾਂ ਵਿਚਲੀਆਂ ਹਾਲਤਾਂ ਵੱਲ ਖਿੱਚਿਆ ਅਤੇ ਨਾਲ ਹੀ ਲੋਕਾਂ ਵਿਚ ਚੇਤਨਾ ਪੈਦਾ ਕਰਨ ਵਿਚ ਹਿੱਸਾ ਪਾਇਆ। ਇਹਨਾਂ ਸਾਰੇ ਯਤਨਾਂ ਨੇ ਅਖੀਰ ਨੂੰ 1920 ਦੀ ਗੁਰਦੁਆਰਾ ਸੁਧਾਰ ਲਹਿਰ ਨੂੰ ਜਨਮ ਦਿੱਤਾ। ਆਪਣੀਆਂ ਬਹੁਤੀਆਂ ਸਹਿਯੋਗੀ ਸੰਸਥਾਵਾਂ ਵਾਂਗ ਦੀਵਾਨ ਨੇ ਖੇਤਰੀ ਸਮੱਸਿਆਵਾਂ ਦਾ ਹੱਲ ਲੱਭਿਆ ਅਤੇ ਫਿਰ ਖੁੱਲ੍ਹੇ ਮਨ ਨਾਲ ਪੰਥ ਦੇ ਵਡੇਰੇ ਹਿਤਾਂ ਲਈ ਇਸ ਨੇ ਆਪਣੀਆਂ ਵੱਖਰੀਆਂ ਗਤੀਵਿਧੀਆਂ ਸਮਾਪਤ ਕਰ ਦਿੱਤੀਆਂ ਸਨ।
ਲੇਖਕ : ਜ.ਜ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First