ਖ਼ਾਲਸਾ ਮਹਿਮਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਖ਼ਾਲਸਾ ਮਹਿਮਾ: ‘ਦਸਮ ਗ੍ਰੰਥ ’ ਵਿਚ ਸੰਕਲਿਤ ਇਸ ਪ੍ਰਸੰਗ ਅਧੀਨ ਕੁਲ ੪ ਛੰਦ ਹਨ। ਇਸ ਵਿਚ ਇਕ ਬ੍ਰਾਹਮਣ ਨੂੰ ਧਨ-ਦੱਛਣਾ ਅਤੇ ਭੋਜਨ ਦਿੱਤੇ ਜਾਣ ਦਾ ਵਿਸ਼ਵਾਸ ਦਿੱਤਾ ਗਿਆ ਹੈ ਅਤੇ ਖ਼ਾਲਸੇ ਦੀ ਮਹਾਨਤਾ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਸੰਪ੍ਰਦਾਈ ਵਿਦਵਾਨਾਂ ਅਨੁਸਾਰ ਇਨ੍ਹਾਂ ਸਵੈਯਾਂ ਦੀ ਰਚਨਾ ਗੁਰੂ ਜੀ ਵਲੋਂ ਉਦੋਂ ਹੋਈ ਸੀ ਜਦੋਂ ਨੈਨਾ ਦੇਵੀ ਦੇ ਯੱਗ ਉਪਰੰਤ ਹਰ ਪ੍ਰਕਾਰ ਦਾ ਦਾਨ ਸਿੱਖਾਂ ਨੂੰ ਦਿੱਤਾ ਗਿਆ ਅਤੇ ਪੰਡਿਤ ਕੇਸੋ ਦੱਤ ਨੂੰ ਵਾਂਝਿਆ ਰਖਿਆ ਗਿਆ ਜਿਸ ਨੇ ਉਸ ਯੱਗ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਗੁਰੂਜੀ ਨੇ ਪੰਡਿਤ ਨੂੰ ਕਿਹਾ ਕਿ ਹੁਣ ਸੋਗ ਖ਼ਤਮ ਕਰੋ ਕਿਉਂਕਿ ਇਸ ਵਿਚ ਮੇਰਾ ਕੋਈ ਕਸੂਰ ਨਹੀਂ। ਤੁਹਾਨੂੰ ਦਿੱਤਾ ਜਾਣ ਵਾਲਾ ਦਾਨ ਅਤੇ ਸਾਮਾਨ ਅਜ ਹੀ ਭਿਜਵਾ ਦਿੱਤਾ ਜਾਏਗਾ। (੧)।
ਸਿੱਖਾਂ ਨੂੰ ਪਹਿਲ ਮੈਂ ਇਸ ਲਈ ਦਿੱਤੀ ਹੈ ਕਿਉਂਕਿ ਇਨ੍ਹਾਂ ਦੀ ਕ੍ਰਿਪਾ ਨਾਲ ਮੈਂ ਯੁੱਧ ਜਿਤੇ ਹਨ। ਇਨ੍ਹਾਂ ਦੀ ਕ੍ਰਿਪਾ ਕਰਕੇ ਦੁਖ-ਕਲੇਸ਼ ਖ਼ਤਮ ਹੋਏ ਹਨ ਅਤੇ ਹਰ ਪ੍ਰਕਾਰ ਦੀਆਂ ਵਸਤੂਆਂ ਨਾਲ ਘਰ ਭਰੇ ਪਏ ਹਨ। ਇਨ੍ਹਾਂ ਦੀ ਕ੍ਰਿਪਾ ਨਾਲ ਮੈਂ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਕ੍ਰਿਪਾ ਨਾਲ ਸਾਰੇ ਵੈਰੀ ਨਸ਼ਟ ਹੋ ਗਏ ਹਨ। ਇਨ੍ਹਾਂ ਦੀ ਕ੍ਰਿਪਾ ਕਰਕੇ ਮੈਂ ਸੁਸ਼ੋਭਿਤ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗ਼ਰੀਬ ਰੁਲਦੇ ਪਏ ਹਨ। (੨)।
ਇਸ ਤੋਂ ਅਗੇ ਗੁਰੂ ਜੀ ਨੇ ਪੰਡਿਤ ਨੂੰ ਵਾਸਤਵਿਕਤਾ ਸਮਝਾਉਂਦੇ ਹੋਇਆਂ ਦਸਿਆ ਹੈ ਕਿ ਅਜਿਹੇ ਉਪਕਾਰੀ ਸਿੱਖਾਂ ਦੀ ਕੀਤੀ ਸੇਵਾ ਮੈਨੂੰ ਚੰਗੀ ਲਗਦੀ ਹੈ, ਇਨ੍ਹਾਂ ਨੂੰ ਦਿੱਤਾ ਦਾਨ ਹੀ ਉਤਮ ਹੈ ਕਿਉਂਕਿ ਅਜਿਹਾ ਦਾਨ ਹੀ ਅਗੇ ਫਲੀਭੂਤ ਹੁੰਦਾ ਹੈ। ਇਨ੍ਹਾਂ ਤੋਂ ਭਿੰਨ ਕਿਸੇ ਹੋਰ ਦੀ ਕੀਤੀ ਸੇਵਾ ਜਾਂ ਦਿੱਤਾ ਦਾਨ ਮੈਨੂੰ ਚੰਗਾ ਨਹੀਂ ਲਗਦਾ। ਇਸ ਲਈ ਤਨ, ਮਨ ਅਤੇ ਧਨ ਤੋਂ ਲੈ ਕੇ ਸਿਰ ਤਕ ਸਭ ਇਨ੍ਹਾਂ ਨੂੰ ਅਰਪਿਤ ਹੈ। (੩)। ਅਜਿਹਾ ਸੁਣ ਕੇ ਪੰਡਿਤ ਆਪਣੇ ਮਨ ਵਿਚ ਵਟ ਖਾਂਦਾ ਰਿਹਾ ਅਤੇ ਆਪਣੀ ਰੋਜ਼ੀ ਦੇ ਸਾਧਨ ਨੂੰ ਖੁਸਦਿਆਂ ਵੇਖ ਕੇ ਰੋ ਪਿਆ।(੪)।
ਬ੍ਰਜ ਭਾਸ਼ਾ ਵਿਚ ਲਿਖੇ ਇਨ੍ਹਾਂ ਤਿੰਨ ਸਵੈਯਾਂ ਅਤੇ ਇਕ ਦੋਹਰੇ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਸਾਰੀ ਭਾਰਤੀ ਅਧਿਆਤਮਿਕ ਪਰੰਪਰਾ ਵਿਚ ਕੇਵਲ ਇਹੀ ਕਥਨ ਅਜਿਹੇ ਹਨ ਜਿਨ੍ਹਾਂ ਵਿਚ ਕੋਈ ਧਰਮ-ਸੰਸਥਾਪਕ ਆਪਣੇ ਸ਼ਿਸ਼ਾਂ ਨੂੰ ਇਤਨਾ ਅਧਿਕ ਮਹੱਤਵ ਦਿੰਦਿਆਂ ਪੁਰਾਣੀਆਂ ਅਤੇ ਰੂੜ੍ਹ ਪਰੰਪਰਾਵਾਂ ਦੀ ਨਿਖੇਧੀ ਕਰਦਾ ਹੈ। ਅਸਲ ਵਿਚ, ਇਨ੍ਹਾਂ ਛੰਦਾਂ ਵਿਚ ਪੁਰਾਣੀਆਂ ਸਥਾਪਨਾਵਾਂ ਦੇ ਤਿਆਗ ਅਤੇ ਨਵੇਂ ਸਿਰਜੇ ਗਏ ਭਾਈਚਾਰੇ ਵਲ ਲੋਕਾਂ ਨੂੰ ਰੁਚਿਤ ਕੀਤਾ ਗਿਆ ਹੈ।
ਖ਼ਾਲਸੇ ਦੀ ਮਹਿਮਾ ਬਾਰੇ ਕਈ ਪਦ ‘ਸਰਬਲੋਹ ਗ੍ਰੰਥ ’ ਅਤੇ ਰਹਿਤਨਾਮਿਆਂ ਵਿਚ ਵੀ ਦਰਜ ਹਨ। ਜਿਵੇਂ ‘ਸਰਬਲੋਹ ਗ੍ਰੰਥ ’ ਵਿਚੋਂ :
ਖ਼ਾਲਸਾ ਮੇਰੇ ਰੂਪ ਹੈ ਖ਼ਾਸ। ਖ਼ਾਲਸੇ ਮਹਿ ਹਉ ਕਰਉ ਨਿਵਾਸ।
ਖ਼ਾਲਸਾ ਮੇਰੋ ਮੁਖ ਹੈ ਅੰਗ। ਖ਼ਾਲਸੇ ਕੇ ਹਉ ਬਸਤ ਸਦ ਸੰਗ।
ਖ਼ਾਲਸਾ ਮੇਰੋ ਇਸ਼ਟ ਸੁਹਿਰਦ। ਖ਼ਾਲਸਾ ਮੇਰੋ ਕਹੀਅਤ ਬਿਰਦ।
ਖ਼ਾਲਸਾ ਮੇਰੋ ਪਛ ਅਰੁ ਪਾਦ। ਖ਼ਾਲਸਾ ਮੇਰੋ ਸੁਖ ਅਹਿਲਾਦ।
ਖ਼ਾਲਸਾ ਮੇਰੋ ਮਿਤ੍ਰ ਸਖਾਈ। ਖ਼ਾਲਸਾ ਮਾਤ ਪਿਤਾ ਸੁਖਦਾਈ।
ਖ਼ਾਲਸਾ ਮੇਰੀ ਸੋਭਾ ਸੀਲ। ਖ਼ਾਲਸਾ ਬੰਧੁ ਸਖਾ ਸਦ ਡੀਲ।
ਖ਼ਾਲਸਾ ਮੇਰੀ ਜਤ ਅਰ ਪਤ। ਖ਼ਾਲਸਾ ਸੋ ਮਾ ਕੋ ਉਤਪਤ।
ਖ਼ਾਲਸਾ ਮੇਰੋ ਭਵਨ ਭੰਡਾਰ। ਖ਼ਾਲਸੇ ਕਰਿ ਮੇਰੋ ਸਦਕਾਰ।
ਖ਼ਾਲਸਾ ਮੇਰੋ ਸਜਨ ਪ੍ਰਵਾਰ। ਖ਼ਾਲਸਾ ਮੇਰੋ ਕਰਤ ਉਧਾਰ।
ਖ਼ਾਲਸਾ ਮੇਰੋ ਪਿੰਡ ਪ੍ਰਾਨ। ਖ਼ਾਲਸਾ ਮੇਰੀ ਜਾਨ ਕੀ ਜਾਨ।
ਮਾਨ ਮਹਤ ਮੇਰੀ ਖ਼ਾਲਸਾ ਸਹੀ। ਖ਼ਾਲਸਾ ਮੇਰੋ ਸ੍ਵਾਰਥ ਸਹੀ।
ਖ਼ਾਲਸਾ ਮੇਰੋ ਕਰੇ ਨਿਰਬਾਹ। ਖ਼ਾਲਸਾ ਮੇਰੋ ਦੇਹ ਅਰ ਸਾਹ।
ਖ਼ਾਲਸਾ ਮੇਰੋ ਧਰਮ ਅਰ ਕਰਮ। ਖ਼ਾਲਸਾ ਮੇਰੋ ਭੇਦ ਨਿਜ ਮਰਮ।
ਖ਼ਾਲਸਾ ਮੇਰੋ ਸਤਿਗੁਰ ਪੂਰਾ। ਖ਼ਾਲਸਾ ਮੇਰੋ ਸ੍ਵਜਨ ਸੂਰਾ।
ਖ਼ਾਲਸਾ ਮੇਰੋ ਬੁਧ ਅਰੁ ਗਿਆਨ। ਖ਼ਾਲਸੇ ਕਾ ਹਉਂ ਧਰਉਂ ਧਿਆਨ।
ਉਪਮਾ ਖ਼ਾਲਸੇ ਜਾਤ ਨ ਕਹੀ। ਜਿਹਵਾ ਏਕ ਪਾਰ ਨਹਿ ਲਹੀ।
ਸੇਸ ਰਸਨ ਸਾਰਦ ਸੀ ਬੁਧ। ਤਦਪਿ ਨ ਉਪਮਾ ਬਰਨਤ ਸੁਧ।
ਯਾ ਮੈ ਰੰਚ ਨ ਮਿਥਿਆ ਭਾਖੀ। ਪਾਰਬ੍ਰਹਮ ਗੁਰ ਨਾਨਕ ਸਾਖੀ।
ਰੋਮ ਰੋਮ ਜੋ ਰਸਨਾ ਪਾਂਵਹੁੰ। ਤਦਪਿ ਨ ਖ਼ਾਲਸਾ ਜਸ ਤਹਿ ਗਾਵਹੁੰ।
ਹੌ ਖ਼ਾਲਸੇ ਕੋ ਖ਼ਾਲਸਾ ਮੇਰੋ। ਓਤ ਪੋਤਿ ਸਾਗਰ ਬੂੰਦੇਰੋ।
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ।
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।
ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਉ ਮੈ ਸਾਰਾ।
ਜਬ ਇਹ ਗਏ ਬਿਪਰਨ ਕੀ ਰੀਤ। ਮੈ ਨ ਕਰੋਂ ਇਨ ਕੀ ਪ੍ਰਤੀਤ।
ਭਾਈ ਨੰਦ ਲਾਲ ਦੇ ਕਥਨ ਅਨੁਸਾਰ :
ਖ਼ਾਲਸਾ ਸੋਇ ਜੋ ਨਿੰਦਾ ਤਿਆਗੈ।
ਖ਼ਾਲਸਾ ਸੋਇ ਲੜੇ ਹੋਇ ਆਗੈ।
ਖ਼ਾਲਸਾ ਸੋਇ ਜੋ ਪੰਚ ਕੋ ਮਾਰੈ।
ਖ਼ਾਲਸਾ ਸੋਇ ਭਰਮ ਕੋ ਸਾੜੈ।
ਖ਼ਾਲਸਾ ਸੋਇ ਮਾਨ ਜੋ ਤਿਆਗੈ।
ਖ਼ਾਲਸਾ ਸੋਇ ਜੋ ਪਰਤ੍ਰਿਆ ਤੇ ਭਾਗੈ॥
ਖ਼ਾਲਸਾ ਸੋਇ ਪਰਦ੍ਰਿਸ਼ਟਿ ਕੋ ਤਿਆਗੈ।
ਖ਼ਾਲਸਾ ਸੋਇ ਨਾਮ ਰਤ ਲਾਗੈ।
ਖ਼ਾਲਸਾ ਸੋਇ ਗੁਰਬਾਣੀ ਹਿਤ ਲਾਇ।
ਖ਼ਾਲਸਾ ਸੋਇ ਸਾਰ ਮੁੰਹਿ ਖਾਇ। ...
ਖ਼ਾਲਸਾ ਸੋਇ ਨਿਰਧਨ ਕੋ ਪਾਲੈ।
ਖ਼ਾਲਸਾ ਸੋਇ ਦੁਸ਼ਟ ਕੋ ਗਾਲੈ।
ਖ਼ਾਲਸਾ ਸੋਇ ਨਾਮ ਜਪ ਕਰੈ।
ਖ਼ਾਲਸਾ ਸੋਇ ਮਲੇਛ ਪਰ ਚੜ੍ਹੈ।
ਖ਼ਾਲਸਾ ਸੋਇ ਨਾਮ ਸਿਉਂ ਜੋੜੈ।
ਖ਼ਾਲਸਾ ਸੋਇ ਬੰਧਨ ਕੋ ਤੋੜੈ।
ਖ਼ਾਲਸਾ ਸੋਇ ਜੋ ਚੜ੍ਹੈ ਤੁਰੰਗ।
ਖ਼ਾਲਸਾ ਸੋਇ ਜੋ ਕਰੇ ਨਿਤ ਜੰਗ।
ਖ਼ਾਲਸਾ ਸੋਇ ਸ਼ਸਤ੍ਰ ਕੋ ਧਾਰੈ।
ਖ਼ਾਲਸਾ ਸੋਇ ਦੁਸ਼ਟ ਕੋ ਮਾਰ॥
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਖ਼ਾਲਸਾ ਮਹਿਮਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਲਸਾ ਮਹਿਮਾ: ਇਸ ਦਾ ਸ਼ਾਬਦਿਕ ਅਰਥ ਖ਼ਾਲਸੇ ਦੀ ਵਡਿਆਈ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਛੋਟੀ ਜਿਹੀ ਰਚਨਾ ਹੈ ਜੋ ਦਸਮ ਗ੍ਰੰਥ ਵਿਚ 33 ਸਵੱਯਾਂ ਦੇ ਅਖੀਰ ਵਿਚ ਦਰਜ ਹੈ। ਇਸ ਦੀ ਭਾਸ਼ਾ ਮਥੁਰਾ-ਆਗਰਾ ਖੇਤਰ ਦੀ ਮੱਧਕਾਲੀਨ ਹਿੰਦੀ ਕਹੀ ਜਾਂਦੀ ਬ੍ਰਜ-ਭਾਸ਼ਾ ਹੈ। ਇਸ ਰਚਨਾ ਵਿਚ ਇਕ ਘਟਨਾ ਦਾ ਵਰਨਨ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿਵਾਲੀ ਮੌਕੇ ਅਨੰਦਪੁਰ ਵਿਖੇ ਦਿੱਤੇ ਪ੍ਰੀਤੀ-ਭੋਜ ਸਮੇਂ ਵਾਪਰੀ ਸੀ। ਉਸ ਮੌਕੇ ਤੇ ਇਕ ਉੱਚ-ਜਾਤੀ ਪੰਡਤ ਕੇਸ਼ੋ ਨੂੰ ਖ਼ਾਲਸੇ ਦੁਆਰਾ ਭੋਜਨ ਛਕਣ ਤੋਂ ਬਾਅਦ ਭੋਜਨ ਛਕਣ ਲਈ ਬੁਲਾਇਆ ਗਿਆ। ਕੇਸ਼ੋ ਨੇ ਇਸ ਵਿਚ ਆਪਣੀ ਹੇਠੀ ਮਹਿਸੂਸ ਕੀਤੀ ਕਿਉਂਕਿ ਉਸ ਅਨੁਸਾਰ ਬ੍ਰਾਹਮਣ ਹੋਣ ਕਰਕੇ ਉਸ ਨੂੰ ਸਾਰਿਆਂ ਤੋਂ ਪਹਿਲਾਂ ਭੋਜਨ ਦਿੱਤਾ ਜਾਣਾ ਚਾਹੀਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਖ਼ਾਲਸੇ ਦੀ ਵਡਿਆਈ ਵਿਚ ਉਚਾਰਿਆ:
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ ।
ਅਘ ਅਉਬ ਟਰੈ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ ।
ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ ।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਪਰੇ ।....
ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨ ਹੀ ਕੋ।
ਹੁਕਮਨਾਮਿਆਂ ਦੀ ਤਰ੍ਹਾਂ ਇਸ ਰਚਨਾ ਵਿਚੋਂ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਅਤੇ ਖ਼ਾਲਸੇ ਵਿਚਕਾਰ ਗਹਿਰੀ ਭਾਈਚਾਰਿਕ ਸਾਂਝ ਦਾ ਪਤਾ ਲੱਗਦਾ ਹੈ।
ਲੇਖਕ : ਸੀ.ਐਚ.ਲ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First