ਖ਼ਾਲਸੇ ਨੂੰ ਗੁਰੁਤਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਖ਼ਾਲਸੇ ਨੂੰ ਗੁਰੁਤਾ: ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਹਾਪ੍ਰਸਥਾਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ-ਰੂਪ ਗੁਰੂ ਮੰਨਣ ਲਈ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਸੀ। ਪਰ ਖ਼ਾਲਸੇ ਨੂੰ ਵੀ ਗੁਰੁਤਾ ਸੌਂਪਣ ਦਾ ਉਲੇਖ ਪੁਰਾਤਨ ਗ੍ਰੰਥਾਂ ਵਿਚ ਮਿਲਦਾ ਹੈ, ਜਿਵੇਂ ਗੁਰੁ ਪ੍ਰਤਾਪ ਸੂਰਜ (ਰੁਤ 6, ਅਧਿ. 41) ਵਿਚ ਅੰਕਿਤ ਹੈ— ਦਯਾ ਸਿੰਘ ਅਰ ਧਰਮ ਸਿੰਘ ਜੀ, ਮਾਨ ਸਿੰਘ ਤੀਜੋ ਬਲਬੀਰ। ਸੰਗਤ ਸਿੰਘ ਸੰਤ ਸਿੰਘ ਪੰਚਮ ਤਿਨਹੁੰ ਬਿਠਾਯੋ ਦੇ ਕਰ ਧੀਰ। ਗੁਰੁਤਾ ਅਰਪਨ ਲਗੇ ਖ਼ਾਲਸੇ ਪੰਚ ਸਿੰਘ ਤਹਿ ਸੋਹਿੰ ਸਰੀਰ। ਪੰਚਹੁੰ ਮੈ ਨਿਤ ਵਰਤਤ ਹੋਂ ਪੰਚ ਮਿਲਹਿੰ ਸੇ ਪੀਰਨ ਪੀਰ।
‘ਸਰਬਲੋਹ ਗ੍ਰੰਥ ’ ਵਿਚ ਅੰਕਿਤ ਹੈ — ਪਾਵਨ ਖ਼ਾਲਸਾ ਪ੍ਰਗਟੑਯੋ ਚਾਰ ਵਰਣ ਆਸ਼੍ਰਮ ਸੁਭ ਪੰਥ। ਇਨ ਕੋ ਦਰਸਨ ਗੁਰੁ ਕੋ ਦਰਸਨ ਬੋਲਨ ਗੁਰੂ ਸਬਦ ਗੁਰੁ ਗ੍ਰੰਥਾਂ।
ਇਥੇ ਇਹ ਗੱਲ ਭਲੀ-ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ‘ਸ਼ਬਦ ਰੂਪ ’ ਗੁਰੂ ਸਰੂਪ ਹੈ। ਇਸ ਨੂੰ ਅਸੀਂ ਗੁਰੂ ਦੀ ਆਤਮਾ ਕਹਿ ਸਕਦੇ ਹਾਂ। ਪੰਚ ਖ਼ਾਲਸਾ ਗੁਰੂ ਦਾ ਦੇਹ-ਸਰੂਪ ਹੈ। ਅਰਥਾਤ ਜਦੋਂ ਕੋਈ ਪੰਥਕ ਕਾਰਜ ਕਰਨ ਲਈ ਸ਼ਬਦ ਤੋਂ ਹਟ ਕੇ ਦੇਹ ਦੀ ਕ੍ਰਿਆਤਮਕ ਲੋੜ ਹੋਵੇ, ਉਦੋਂ ਪੰਚ ਪ੍ਰਧਾਨੀ ਖ਼ਾਲਸਾ ਗੁਰੂ ਰੂਪ ਹੈ। ਧਿਆਨ ਰਹੇ ਕਿ ਆਤਮਾ ਤੋਂ ਬਿਨਾ ਦੇਹ ਨਿਸ਼-ਕ੍ਰਿਯ (ਕ੍ਰਿਆਹੀਨ) ਹੈ। ਇਸ ਲਈ ਬਾਣੀ ਤੋਂ ਬਿਨਾ ਪੰਚ ਖ਼ਾਲਸਾ ਦੀ ਕੋਈ ਸੁਤੰਤਰ ਸੱਤਾ ਨਹੀਂ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First