ਖ਼ੁਦਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖ਼ੁਦਾ [ਨਾਂਪੁ] ਰੱਬ , ਈਸ਼ਵਰ , ਪਰਮਾਤਮਾ , ਅੱਲਾਹ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਖ਼ੁਦਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	ਖ਼ੁਦਾ ਫ਼ਾ
 ਸੰਗ੍ਯਾ—ਖ਼ੁਦ ਹੋਣ ਵਾਲਾ. ਸ੍ਵਯੰਭਵ, ਕਰਤਾਰ. “ਕੋਈ ਬੋਲੈ ਰਾਮ ਰਾਮ ਕੋਈ ਖੁਦਾਇ.” (ਰਾਮ ਮ: ੫)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
      
      
   
   
      ਖ਼ੁਦਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਖ਼ੁਦਾ, (ਫ਼ਾਰਸੀ : ਖ਼ੁਦਾ 
) \ ਪੁਲਿੰਗ : ਰੱਬ, ਅੱਲ੍ਹਾ, ਈਸ਼ਵਰ, ਪਰਮਾਤਮਾ
	–ਖ਼ੁਦਾ ਉਹ ਦਿਨ ਕਰੇ, ਖੁਦਾ ਉਹ ਦਿਨ ਲਿਆਵੇ, ਅਵਯ : ਇੱਛਾ ਪੂਰੀ ਹੋਵੇ, (ਇੱਛਾ ਪਰਗਟ ਕਰਨ ਲਈ ਕਹਿੰਦੇ ਹਨ)
	
	–ਖ਼ੁਦਾ ਉੱਤੇ ਨਜ਼ਰ ਰੱਖੇ, ਅਵਯ : ਰੱਬ ਤੇ ਡੋਰੀ ਰੱਖੋ, ਤਸੱਲੀ ਰੱਖੋ, (ਹੌਸਲਾ ਦੇਣ ਲਈ ਆਖਦੇ ਹਨ)
	
	–ਖ਼ੁਦਾ ਉਮਰ ਲੰਮੀ ਕਰੇ, ਅਵਯ : ਇੱਕ ਅਸੀਸ, ਭਾਵ ਰੱਬ ਉਮਰ ਲੰਮੀ ਬਖ਼ਸ਼ੇ
	
	–ਖ਼ੁਦਾ ਸ਼ੱਕਰ ਖੋਰੇ ਨੂੰ ਸ਼ੱਕਰ ਦੇ ਹੀ ਦਿੰਦਾ ਹੈ, ਅਖੌਤ : ਰੱਬ ਹਰ ਆਦਮੀ ਦੀਆਂ ਲੋੜਾਂ ਪੂਰੀਆਂ ਕਰਦਾ ਹੈ
	
	–ਖ਼ੁਦ ਸ਼ਨਾਸ, ਵਿਸ਼ੇਸ਼ਣ : ਰੱਬ ਨੂੰ ਪਛਾਣਨ ਵਾਲਾ, ਨੇਕ, ਪਾਰਸਾ
	
	–ਖ਼ੁਦਾ ਸ਼ਨਾਸੀ, ਇਸਤਰੀ ਲਿੰਗ : ੧. ਰੱਬ ਨੂੰ ਜਾਣਨ ਦਾ ਭਾਵ; ੨. ਨੇਕੀ, ਪਾਰਸਾਈ
	
	–ਖ਼ੁਦਾ ਸਲਾਮਤ ਰੱਖੇ, ਇੱਕ ਅਸੀਸ, ਰੱਬ ਰਾਜ਼ੀ ਰੱਖੇ
	
	–ਖ਼ੁਦਾ ਹਾਫ਼ਜ਼, ਅਵਯ : ਰੱਬ ਰਾਖਾ, ਰੱਬ ਨਿਗ੍ਹਾਬਾਨ, (ਵਿਦਾ ਹੋਣ ਲੱਗੇ ਆਖਦੇ ਹਨ)
	
	–ਖ਼ੁਦਾ ਹਾਫ਼ਜ਼ ਕਹਿਣਾ, ਮੁਹਾਵਰਾ : ਵਿਦਾ ਵਰਨਾ, ਛੱਡ ਦੇਣਾ, ਤਰਕ ਕਰ ਦੇਣਾ
	
	–ਖ਼ੁਦਾ ਕਰੇ, ਅਵਯ : ਰੱਬ ਕਰੇ, ਮੇਰੀ ਚਾਹ ਹੈ ਕਿ
	
	–ਖ਼ੁਦਾ ਖ਼ੁਦਾ ਕਰ, ਅਵਯ : ੧. ਰੱਬ ਰੱਬ ਕਹਿ, ਰੱਬ ਦਾ ਨਾਂ ਲੈ; ੨. ਤੋਬਾ ਕਰ
	
	–ਖ਼ੁਦਾ ਖ਼ੁਦਾ ਕਰ ਕੇ, ਕਿਰਿਆ ਵਿਸ਼ੇਸ਼ਣ : ਔਖੀ ਤਰ੍ਹਾਂ, ਬੜੀ ਮੁਸ਼ਕਲ ਨਾਲ, ਰੱਬ ਨੂੰ ਧਿਆ ਕੇ, ਸ਼ੁਕਰ ਸ਼ੁਕਰ ਕਰ ਕੇ
	
	–ਖ਼ੁਦਾ ਖ਼ੁਦਾ ਕਰਨਾ, ਕਿਰਿਆ ਸਮਾਸੀ : ਰੱਬ ਨੂੰ ਯਾਦ ਕਰਨਾ, ਬੰਦਗੀ ਕਰਨਾ
	
	–ਖ਼ੁਦਾ ਖ਼ੈਰ ਕਰੇ, ਖ਼ਤਰੇ ਦੇ ਮੌਕੇ ਤੇ ਬੋਲਦੇ ਹਨ, ਪਰਮਾਤਮਾ ਸੁੱਖ ਰੱਖੇ
	–ਖ਼ੁਦਾ ਖੈਰ ਰੱਖੇ, ਰੱਬ ਮਿਹਰ ਕਰੇ, ਈਸ਼ਵਰ ਭਲਾ ਕਰੇ
	
	–ਖ਼ੁਦਾ ਗੰਜੇ ਨੂੰ ਨਹੁੰ ਨਾ ਦੇਵੇ, ਅਖੌਤ : ਰੱਬ ਕਮੀਨੇ ਨੂੰ ਅਖ਼ਤਿਆਰ ਨਾ ਦੇਵੇ
	
	–ਖ਼ੁਦਾ ਗਵਾਹ ਹੈ, ਖੁਦਾ ਸ਼ਾਹਦ ਹੈ, ਰੱਬ ਨੂੰ ਹਾਜ਼ਰ ਜਾਣ ਕੇ ਸੱਚ ਆਖਦਾ ਹਾਂ, (ਅਦਾਲਤ ਵਿੱਚ ਨੇਮ ਚੁੱਕਣ ਵੇਲੇ ਆਖਦੇ ਹਨ)
	
	–ਖ਼ੁਦਾ ਗਾਰਤ ਕਰੇ, ਰੱਬ ਤਬਾਹ ਕਰੇ
	
	–ਖ਼ੁਦਾ ਚੱਕੇ, (ਇੱਕ ਬਦਦੁਆ), ਮਰ ਜਾਵੇ, ਜੀਊਂਦਾ ਨਾ ਰਹੇ
	
	–ਖ਼ੁਦਾ ਚਾਹੇ, ਜੇ ਪਰਮੇਸ਼ਰ ਦੀ ਮਰਜ਼ੀ ਹੋਵੇ
	
	–ਖ਼ੁਦਾ ਜਦ ਦੇਂਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਅਖੌਤ : ਜਦ ਰੱਬ ਨੇ ਦੇਣਾ ਹੁੰਦਾ ਹੈ ਤਾਂ ਕੋਈ ਨਾ ਕੋਈ ਹੀਲਾ ਬਣਾ ਹੀ ਲੈਂਦਾ ਹੈ
	
	–ਖ਼ੁਦਾ ਜਾਣਦਾ ਏ, ਰੱਬ ਤੋਂ ਕੋਈ ਚੀਜ਼ ਲੁਕੀ ਨਹੀਂ, ਰੱਬ ਸਾਖੀ ਏ
	
	–ਖ਼ੁਦਾ ਜਾਣੇ, ਅਵਯ : ਮੈਨੂੰ ਪਤਾ ਨਹੀਂ
	
	–ਖ਼ੁਦਾ ਜਿਸ ਨੂੰ ਬਦਾਵੇ ਉਸਨੂੰ ਆਫ਼ਤ ਕਿਵੇਂ ਆਵੇਂ, ਅਖੌਤ : ਜਿਸ ਉੱਤੇ ਰੱਬ ਮਿਹਰਬਾਨ ਹੋਵੇ ਉਸ ਉੱਤੇ ਬਿਪਤਾ ਨਹੀਂ ਆ ਸਕਦੀ
	
	–ਖ਼ੁਦਾ ਤਰਸ, ਵਿਸ਼ੇਸ਼ਣ : ਰੱਬ ਤੋਂ ਡਰਨ ਵਾਲਾ
	
	–ਖ਼ੁਦਾ ਤਰਸੀ, ਇਸਤਰੀ ਲਿੰਗ : ਰੱਬ ਤੋਂ ਡਰਨ ਦਾ ਭਾਵ, ਖ਼ੁਦਾ-ਖ਼ੋਫ਼ੀ
	
	–ਖ਼ੁਦਾ ਤਾਂ ਹੈ, ਰੱਬ ਮਦਦਗਾਰ ਹੈ,  (ਜਦ ਕਿਸੇ ਨੂੰ ਇਨਸਾਫ਼ ਨਾ ਮਿਲੇ ਤਦ ਉਹ ਆਖਦਾ ਹੈ)
	
	–ਖ਼ੁਦਾ ਤਾਲਾ, ਪੁਲਿੰਗ : ਕਰਤਾਰ ਜੋ ਸਭ ਤੋਂ ਵੱਡਾ ਹੈ
	
	–ਖ਼ੁਦਾ ਤੇ ਛੱਡ ਦੇਣਾ, ਮੁਹਾਵਰਾ : ਕੰਮ ਕਰ ਕੇ ਨਤੀਜਾ ਕੁਦਰਤ ਉਤੇ ਛੱਡ ਦੇਣਾ, ਰੱਬ ਉੱਤੇ ਡੋਰੀ ਰੱਖਣਾ
	
	–ਖ਼ੁਦਾ ਤੇ ਡੋਰੀ ਸੁੱਟਣਾ, ਮੁਹਾਵਰਾ : ਰੱਬ ਤੇ ਭਰੋਸਾ ਕਰਨਾ, ਕੰਮ ਰੱਬ ਆਸਰੇ ਛੱਡ ਦੇਣਾ
	
	–ਖ਼ੁਦਾ ਤੋਂ ਖ਼ੈਰ ਮੰਗਣਾ, ਕਿਰਿਆ ਸਕਰਮਕ : ਰੱਬ ਤੋਂ ਸਲਾਮਤੀ ਮੰਗਣਾ, ਰੱਬ ਅੱਗੇ ਸਲਾਮਤੀ ਲਈ ਦੁਆ ਕਰਨਾ
	
	–ਖ਼ੁਦਾ ਤੋਂ ਚੋਰੀ ਨਹੀਂ ਤਾਂ ਬੰਦੇ ਦੀ ਕੀ ਚੋਰੀ, ਅਖੌਤ : ਜੇ ਕੋਈ ਬੁਰਾ ਕੰਮ ਖੁੱਲਮਖੁੱਲ੍ਹਾ ਕਰੇ ਤਾਂ ਆਖਦੇ ਹਨ
	
	–ਖ਼ੁਦਾ ਤੋਂ ਡਰੋ, ੧. ਜਦ ਕੋਈ ਜ਼ੁਲਮ ਕਰੇ ਤਦ ਆਖਦੇ; ੨. ਝੂਠੇ ਨੂੰ ਵੀ ਆਖਦੇ ਹਨ
	
	–ਖ਼ੁਦਾ ਤੋਂ ਫਿਰਨਾ, ਮੁਹਾਵਰਾ : ਕਾਫ਼ਰ ਹੋ ਜਾਣਾ, ਰੱਬ ਨੂੰ ਨਾ ਮੰਨਣਾ, ਨਾਸਤਕ ਹੋਣਾ
	
	–ਖ਼ੁਦਾ ਦਾ ਕਹਿਰ, ਪੁਲਿੰਗ: ਅਸਮਾਨੀ ਮੁਸੀਬਤ, ਰੱਬੀ ਆਫ਼ਤ, ਰੱਬ ਦੀ ਕ੍ਰੋਪੀ
	
	–ਖ਼ੁਦਾ ਦਾ ਕਹਿਰ ਟੁੱਟੇ, ਮੁਸੀਬਤ ਪਵੇ, ਆਫ਼ਤ ਆਵੇ, ਰੱਬੀ ਕਹਿਰ ਨਾਜ਼ਲ ਹੋਵੇ (ਇੱਕ ਦੁਰਅਸੀਸ)
	
	–ਖ਼ੁਦਾ ਦਾ ਕਾਰਖਾਨਾ, ਪੁਲਿੰਗ : ਦੁਨੀਆ, ਸੰਸਾਰ, ਰਚਨਾ
	
	–ਖ਼ੁਦਾ ਦਾ ਗ਼ਜ਼ਬ, ਪੁਲਿੰਗ : ਮੁਸੀਬਤ, ਆਫ਼ਤ, ਰੱਬ ਦਾ ਕਹਿਰ, ਕਹਿਰ ਸਾਈਂ ਦਾ
	
	–ਖ਼ੁਦਾ ਦਾ ਘਰ, ਪੁਲਿੰਗ : ੧. ਖ਼ੁਦਾ ਦੇ ਰਹਿਣ ਦੀ ਥਾਂ, ਅਸਮਾਨ, ਅਰਸ਼; ੨. ਪੂਜਣ ਦੀ ਥਾਂ, ਮਸੀਤ; ੩. ਕਾਬਾ
	
	–ਖ਼ੁਦਾ ਦਾ ਦਰਵਾਜ਼ਾ ਸਦਾ ਖੁੱਲ੍ਹਾ ਰਹਿੰਦਾ ਹੈ, ਅਖੌਤ : ਰੱਬ ਹਰ ਵੇਲੇ ਦਿਆਲ ਰਹਿੰਦਾ ਹੈ, ਰੱਬ ਦੀ ਦਰਗਾਹ ਵਿੱਚ ਕਿਸੇ ਨੂੰ ਕੋਈ ਰੋਕ ਨਹੀਂ
	
	–ਖ਼ੁਦਾ ਦਾ ਦਿੱਤਾ ਸਿਰ ਤੇ, ਅਖੌਤ :  ਰੱਬ ਦੀ ਰਜ਼ਾ ਪਰਵਾਨ
	
	–ਖ਼ੁਦਾ ਦਾ ਨਾਂ ਘੱਤਣਾ, ਮੁਹਾਵਰਾ : ਰੱਬ ਦਾ ਵਾਸਤਾ ਪਾਉਣਾ (ਪਾ ਕੇ ਹੋੜਨਾ) ‘ਜੇ ਮੈਨੂੰ ਪਤਾ ਹੁੰਦਾ ਬੱਚਾ ਮੇਰਾ ਮਾਝੇ ਜਾ ਕੇ ਘਾਟੇ ਝਲੇਗਾ ਘਰੋਂ ਟੁਰਦੇ ਨੂੰ ਨਾ ਖੁਦਾ ਦਾ ਘਤਦੀ’ (ਬਾਰ ਦੇ ਢੋਲੇ)
	
	–ਖ਼ੁਦਾ ਦਾ ਨਾਂ ਲਵੇ, ੧. ਤੋਬਾ ਕਰੋ ; ੨. ਸੱਚ ਬੋਲੋ, ਇਨਸਾਫ਼ ਕਰੋ, ਰੱਬ ਰੱਬ ਕਰੋ
	
	–ਖ਼ੁਦਾ ਦਾ ਨਾਂ ਲੈ ਕੇ,  ਕਿਰਿਆ ਵਿਸ਼ੇਸ਼ਣ : ਰੱਬ ਉੱਤੇ ਭਰੋਸਾ ਕਰ ਕੇ, ਰੱਬ ਦਾ ਨਾਂ ਲੈ ਕੇ, ਰੱਬ ਨੂੰ ਧਿਆ ਕੇ, (ਕਿਸੇ ਕੰਮ ਨੂੰ ਸ਼ੁਰੂ ਕਰਨ ਵੇਲੇ ਕਹਿੰਦੇ ਹਨ)
	
	–ਖ਼ੁਦਾ ਦਾ ਫਜ਼ਲ ਹੋਣਾ, ਕਿਰਿਆ ਸਮਾਸੀ : ਰੱਬ ਦੀ ਬਖ਼ਸ਼ਿਸ਼ ਹੋਣਾ : ‘ਹੋਇਆ ਫ਼ਜਲ ਖੁਦਾਇ ਦਾ ਆਸ਼ਕਾਂ ਤੇ’ (ਸੋਹਣੀ, ਸੱਯਦ ਫ਼ਜ਼ਲ ਸ਼ਾਹ)
	
	–ਖ਼ੁਦਾ ਦਾ ਮਾਰਿਆ, ਵਿਸ਼ੇਸ਼ਣ : ਮੁਸੀਬਤ-ਜ਼ਦਾ, ਮਜ਼ਲੂਮ
	
	–ਖ਼ੁਦਾ ਦਾ ਮਾਰਿਆ ਹਰਾਮ ਤੇ ਆਪਣਾ ਮਾਰਿਆ ਹਲਾਲ , ਅਖੌਤ : ਮੋਏ ਹੋਏ ਪਸੂ ਨੂੰ ਖਾਣ ਦੇ ਹਕ ਵਿੱਚ ਦਲੀਲ ਦੇਂਦੇ ਹੋਏ ਚੂੜ੍ਹੇ ਕਹਿੰਦੇ ਹਨ ਕਿ ਮੁਸਲਮਾਨ ਆਪਣੇ ਹੱਥੀਂ ਕੋਹੇ ਪਸ਼ੂ ਨੂੰ ਤਾਂ ਹਲਾਲ ਸਮਝਦੇ ਹਨ ਤੇ ਰੱਬ ਦੇ ਮਾਰੇ ਹੋਏ ਨੂੰ ਹਰਾਮ ਕਹਿੰਦੇ ਹਨ
	
	–ਖ਼ੁਦਾ ਵਿਖਾਲੀ ਦੇਣਾ, ਮੁਹਾਵਰਾ :  ਖ਼ਤਰੇ ਜਾਂ ਮੁਸੀਬਤ ਵੇਲੇ ਰੱਬ ਦਾ ਯਾਦ ਆਉਣਾ, ਰੱਬ ਚੇਤੇ ਆਉਣਾ
	
	–ਖ਼ੁਦਾ ਦੀਆਂ ਗੱਲਾਂ ਖ਼ੁਦਾ ਹੀ ਜਾਣੇ, ਅਖੌਤ : ਰੱਬ ਦੇ ਭੇਦ ਰੱਬ ਹੀ ਜਾਣਦਾ ਹੈ, ਕਿਸੇ ਨੂੰ ਪਤਾ ਨਹੀਂ ਕਿ ਰੱਬ ਕੀ ਕਰੇਗਾ, ਰੱਬ ਦੀਆਂ ਰੱਬ ਜਾਣੇ
	
	–ਖ਼ੁਦਾ ਦੀ ਸ਼ਾਨ,  ਜਦ ਕੋਈ ਆਪਣੀ ਹੈਸੀਅਤ ਤੋਂ ਵੱਧ ਕੇ ਕਹੇ ਜਾਂ ਕਰੇ ਤਾਂ ਆਖਦੇ ਹਨ
	
	–ਖ਼ੁਦਾ ਦੀ ਖ਼ੁਦਾਈ, ਇਸਤਰੀ ਲਿੰਗ : ਰੱਬ ਦੀ ਮਖ਼ਲੂਕਾਤ, ਦੁਨੀਆ
	
	–ਖ਼ੁਦਾ ਦੀ ਖੁਦਾਈ ਵਿੱਚ ਕਿਸ ਨੂੰ ਦਖਲ, ਅਖੌਤ : ਰੱਬ ਜੋ ਚਾਹੇ ਸੋ ਕਰੇ, ਕੋਈ ਕੀ ਕਹਿ ਸਕਦਾ ਹੈ
	
	–ਖ਼ੁਦਾ ਦੀ ਦੇਣ, ਇਸਤਰੀ ਲਿੰਗ : ਰੱਬ ਦੀ ਬਖ਼ਸ਼ਸ਼, ਰੱਬ ਦਾ ਕਰਮ, ਰੱਬ ਦੀ ਦਾਤ
	
	–ਖ਼ੁਦਾ ਦੀ ਪਨਾਹ, ਰੱਬ ਬਚਾਵੇ, ਰੱਬ ਰੱਖੇ
	
	–ਖ਼ੁਦਾ ਦੀ ਮਰਜ਼ੀ, ਕਿਸੇ ਦੇ ਮਰਨ, ਕੰਮ ਵਿਗੜਨ ਜਾਂ ਦੁੱਖ ਪਹੁੰਚਣ ਸਮੇਂ ਆਖਦੇ ਹਨ
	
	–ਖ਼ੁਦਾ ਦੀ ਲਾਠੀ ਵਿੱਚ ਆਵਾਜ਼ ਨਹੀਂ, ਅਖੌਤ : ਜ਼ਾਲਮ ਆਦਮੀ ਨੂੰ ਰੱਬ ਅਜੇਹੀ ਸਜ਼ਾ ਦਿੰਦਾ ਹੈ ਜਿਸ ਦਾ ਉਸ ਨੂੰ ਖ਼ਿਆਲ ਤੱਕ ਵੀ ਨਹੀਂ ਹੁੰਦਾ
	
	–ਖ਼ੁਦਾ ਦੇ ਸਪੁਰਦ ਕਰਨਾ, ਮੁਹਾਵਰਾ : ਵਿਦਾ ਕਰਨਾ
	
	–ਖ਼ੁਦਾ ਦੇ ਹਜ਼ਾਰ ਹੱਥ, ਅਖੌਤ : ਰੱਬ ਬੜਾ ਸਖੀ ਅਤੇ ਜ਼ੋਰ ਵਾਲਾ ਹੈ, ਰੱਬ ਪਾਸ ਦੇਣ ਲਈ ਹਜ਼ਾਰਾਂ ਤਰੀਕੇ ਹਨ
	
	ਖ਼ੁਦਾ ਦੇ ਹਵਾਲੇ ਕਰਨਾ, ਮੁਹਾਵਰਾ : ਖ਼ੁਦਾ ਦੇ ਸਪੁਰਦ ਕਰਨਾ
	
	–ਖ਼ੁਦਾ ਦੇ ਕਹਿਰ ਤੋਂ ਡਰੀਏ, ਅਖੌਤ : ਰੱਬ ਤੋਂ ਹਰ ਵੇਲੇ ਡਰਦੇ ਰਹੀਏ (ਜਦ ਕੋਈ ਬੁਰਾ ਕੰਮ ਕਰੇ ਤਾਂ ਆਖਦੇ ਹਨ)
	
	–ਖ਼ੁਦਾ ਵੇਖਿਆ ਨਹੀਂ ਤਾਂ ਅਕਲ ਨਾਲ ਤਾਂ ਜਾਣਿਆ ਹੈ, ਅਖੌਤ : ਉਸ ਵੇਲੇ ਕਹਿੰਦੇ ਹਨ ਜਦ ਕਿਸੇ ਗੱਲ ਦੇ ਸਬੂਤ ਦੀ ਲੋੜ ਨਾ ਹੋਵੇ
	
	–ਖ਼ੁਦਾ ਦੇ ਘਰ ਸਭ ਕੁਝ ਹੈ, ਅਖੌਤ : ਰੱਬ ਸਾਰੀਆਂ ਦਾਤਾਂ ਦੇਣ ਦੀ ਸਮਰੱਥਾ ਰਖਦਾ ਹੈ
	
	–ਖ਼ੁਦਾ ਦੇ ਘਰ ਕੀ ਕਮੀ ਹੈ, ਅਵਯ : ਰੱਬ ਦੇ ਘਰ ਕੀ ਘਾਟਾ ਏ, ਰੱਬ ਸਭ ਕੁਝ ਦੇ ਸਕਦਾ ਹੈ
	
	–ਖ਼ੁਦਾ ਦੇ ਘਰ ਜਾਣਾ, ਮੁਹਾਵਰਾ : ਮਰ ਜਾਣਾ, ਫ਼ੌਤ ਹੋ ਜਾਣਾ, ਸੁਰਗਵਾਸ ਹੋ ਜਾਣਾ, ਰੱਬ ਨੂੰ ਪਿਆਰਾ ਹੋਣਾ
	
	–ਖ਼ੁਦਾ ਦੇ ਘਰੋਂ ਫਿਰ ਕੇ ਆਉਣਾ, ਮੁਹਾਵਰਾ : ਮਰਦੇ ਮਰਦੇ ਬਚਣਾ
	
	–ਖ਼ੁਦਾ ਦੇ ਪਾਸ ਜਾਣਾ,ਮੁਹਾਵਰਾ : ਮਰਨਾ, ਫ਼ੌਤ ਹੋ ਜਾਣਾ, ਸੁਰਗਵਾਸ ਹੋ ਜਾਣਾ, ਖ਼ੁਦਾ ਦੇ ਘਰ ਜਾਣਾ
	
	–ਖ਼ੁਦਾ ਦਾ ਮਾਰਿਆ, ਵਿਸ਼ੇਸ਼ਣ : ਬਦ ਕਿਸਮਤ, ਮੰਦ ਭਾਗਾ
	
	–ਖ਼ੁਦਾ ਨਖ਼ਾਸਤਾ, ਰੱਬ ਨਾ ਕਰੇ, ਵਾਹਿਗੁਰੂ ਐਸਾ ਨਾ ਕਰੇ, ਕਰਤਾਰ ਨੂੰ ਇਹ ਨਾ ਭਾਵੇ (ਕਿਸੇ ਕੰਮ ਦੇ ਨਾ ਹੋਣ ਦੀ ਖਾਹਸ਼ ਪਰਗਟ ਕਰਨ ਲਈ ਇਹ ਬੋਲਦੇ ਹਨ)
	
	–ਖ਼ੁਦਾ ਨਾਲ ਮਿਲਾਉਣਾ, ਮੁਹਾਵਰਾ : ਸਿੱਧੇ ਰਸਤੇ ਪਾਉਣਾ, ਨੇਕੀ ਦੀ ਰਾਹ ਵਿਖਾਉਣਾ
	
	–ਖ਼ੁਦਾ ਨਾਲ ਲੜਨਾ,ਮੁਹਾਵਰਾ : ਰੱਬ ਦੀ ਨਾਸ਼ੁਕਰੀ ਕਰਨਾ, ਰੱਬ ਤੋਂ ਫਿਰਨਾ, ਮੁਨਕਿਰ ਹੋਣਾ
	
	–ਖ਼ੁਦਾ ਨੂੰ ਸੌਂਪਣਾ, ਮੁਹਾਵਰਾ : ਰੱਬ ਦੇ ਹਵਾਲੇ ਕਰਨਾ, ਖੁਦਾ ਦੀ ਹਿਫਾਜ਼ਤ ਵਿੱਚ ਦੇਣਾ (ਸਫ਼ਰ ਨੂੰ ਜਾਂਦੇ ਹੋਏ ਕਹਿੰਦੇ ਹਨ)
	
	–ਖ਼ੁਦਾ ਨੂੰ ਮੰਨਣਾ,ਮੁਹਾਵਰਾ :ਰੱਬ ਉੱਤੇ ਭਰੋਸਾ ਰੱਖਣਾ, ਪਰਮਾਤਮਾਂ ਦੀ ਹੋਂਦ ਨੂੰ ਮੰਨਣਾ, ਰੱਬ ਤੋਂ ਡਰਨਾ
	
	–ਖ਼ੁਦਾ ਨੂੰ ਯਾਦ ਕਰਨਾ, ਮੁਹਾਵਰਾ :ਰੱਬ ਦੀ ਭਗਤੀ ਕਰਨਾ, ਮੁਸੀਬਤ ਸਮੇਂ ਰੱਬ ਨੂੰ ਯਾਦ ਕਰਨਾ, ਰੱਬ ਤੋਂ ਡਰਨਾ
	
	–ਖ਼ੁਦਾ ਨੇੜੇ ਕਿ ਘਸੁੰਨ, ਅਖੌਤ : ਡਾਢੇ ਦਾ ਸੱਤੀ ਵੀਹੀਂ ਸੌ
	
	–ਖ਼ੁਦਾ ਪਰਸਤ, ਵਿਸ਼ੇਸ਼ਣ : ੧. ਰੱਬ ਨੂੰ ਪੁੱਜਣ ਵਾਲਾ, ਰੱਬ ਨੂੰ ਮੰਨਣ ਵਾਲਾ, ਆਸਤਕ; ੨. ਪਾਰਸਾ ਧਰਮੀ
	
	–ਖ਼ੁਦਾ ਪਰਸਤੀ, ਇਸਤਰੀ ਲਿੰਗ : ਰੱਬੀ ਪੂਜਾ, ਹੱਕ ਪਰਸਤੀ, ਪਰਮੇਸ਼ਰ ਭਗਤੀ, ਆਸਤਕਤਾ
	
	–ਖ਼ੁਦਾ ਮਾਲਕ ਹੈ, ਰੱਬ ਜੋ ਚਾਹੇ ਸੋ ਕਰੇ
	
	–ਖ਼ੁਦਾ ਮਾਲੂਮ, ਰੱਬ ਜਾਦੇ, ਕੁਝ ਪਤਾ ਨਹੀਂ
	
	–ਖ਼ੁਦਾ ਰਸੀਦਾ, ਵਿਸ਼ੇਸ਼ਣ : ੧. ਨੇਕ, ਪਰਹੇਜ਼ਗਾਰ; ੨. ਪਹੁੰਚਿਆ ਹੋਇਆ (ਆਦਮੀ), ਸਾਈਂ ਲੋਕ, ਫ਼ਕੀਰ
	
	–ਖ਼ੁਦਾ ਰਾ, ਕਿਰਿਆ ਵਿਸ਼ੇਸ਼ਣ : ਰੱਬ ਦੇ ਵਾਸਤੇ
	
	–ਖ਼ੁਦਾ ਲਾਠੀ ਨਾਲ ਨਹੀਂ ਮਾਰਦਾ, ਅਖੌਤ : ਰੱਬ ਦੀ ਮਾਰ ਦਾ ਭੇਤ ਨਹੀਂ, ਖੁਦਾ ਦੀ ਲਾਠੀ ਵਿੱਚ ਆਵਾਜ਼ ਨਹੀਂ
	
	–ਖ਼ੁਦਾ ਵਲੋਂ ਫਿਰਨਾ, ਰੱਬ ਦੀ ਹਸਤੀ ਨੂੰ ਨਾ ਮੰਨਣਾ, ਰੱਬ ਦੀ ਹੋਂਦ ਤੋਂ ਮੁਨਕਰ ਹੋਣਾ, ਨਾਸਤਕ ਬਣਨਾ
	
	–ਖ਼ੁਦਾ ਵਾਸਤੇ,  ਕਿਰਿਆ ਵਿਸ਼ੇਸ਼ਣ : ਰੱਬ ਦੇ ਵਾਸਤੇ, ਅੱਲ੍ਹਾ ਵਾਸਤੇ, ਪੁੰਨ ਦੇ ਤੌਰ ਤੇ, ਬਿਨਾਂ ਸਵਾਰਥ ਦੇ
	
	–ਖ਼ੁਦਾ ਵਿਚਾਲੇ ਹੋਣਾ, ਮੁਹਾਵਰਾ : ਰੱਬ ਨੂੰ ਸਾਖੀ ਮੰਨਣਾ, ਰੱਬ ਗਵਾਹ ਹੋਣਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-12-29-50, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First