ਜ਼ਿਲ੍ਹਾ ਜੱਜ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

District Judges ਜ਼ਿਲ੍ਹਾ ਜੱਜ: ਕਿਸੇ ਵੀ ਰਾਜ ਵਿਚ ਜ਼ਿਲ੍ਹਾ ਜੱਜਾਂ ਦੀਆਂ ਨਿਯੁਕਤੀਆਂ ਅਤੇ ਉਨ੍ਹਾਂ ਦੀ ਤਰੱਕੀ ਰਾਜ ਦੇ ਹਾਈਕੋਰਟ ਦੀ ਸਲਾਹ ਨਾਲ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ। ਕੋਈ ਅਜਿਹਾ ਵਿਅਕਤੀ ਜੋ ਪਹਿਲਾਂ ਸੰਘ ਜਾਂ ਰਾਜ ਦੀ ਸੇਵਾ ਵਿਚ ਨਾ ਹੋਵੇ, ਤਾਂ ਹੀ ਜ਼ਿਲ੍ਹਾ ਜੱਜ ਵਜੋਂ ਨਿਯੁਕਤੀ ਦਾ ਪਾਤਰ ਹੋਵੇਗਾ ਜੇ ਉਸਨੇ ਘੱਟੋ-ਘੱਟ ਸਤ ਸਾਲਾਂ ਲਈ ਐਡਵੋਕੇਟ ਵਜੋਂ ਕੰਮ ਕੀਤਾ ਹੋਇਆ ਹੋਵੇ ਅਤੇ ਹਾਈ ਕੋਰਟ ਨੇ ਉਸਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਹੋਵੇ। ਕਿਸੇ ਅਜਿਹੇ ਵਿਅਕਤੀ ਨੂੰ ਜ਼ਿਲ੍ਹਾ ਜੱਜ ਨਿਯੁਕਤ ਨਹੀਂ ਕੀਤਾ ਜਾਵੇਗਾ ਜੋ ਪਹਿਲਾਂ ਹੀ ਰਾਜ ਦੀ ਜੁਡੀਸ਼ਲ ਸੇਵਾ ਵਿਚ ਨਾ ਹੋਵੇ ਜਾਂ ਜਿਸਨੇ ਘੱਟੋ-ਘੱਟ ਸਤ ਸਾਲਾਂ ਲਈ ਐਡਵੋਕੇਟ ਵਜੋਂ ਕੰਮ ਨਾ ਕੀਤਾ ਹੋਵੇ।

    ਕਿਸੇ ਰਾਜ ਦੀ ਜੁਡੀਸ਼ਨ ਸੇਵਾ ਵਿਚ ਜ਼ਿਲ੍ਹਾ ਜੱਜਾਂ ਤੋਂ ਬਿਨ੍ਹਾਂ ਹੋਰ ਵਿਅਕਤੀਆਂ ਦੀ ਨਿਯੁਕਤੀ ਰਾਜ ਲੋਕ ਸੇਵਾ ਕਮਿਸ਼ਨ ਦੀ ਸਲਾਹ ਨਾਲ ਅਤੇ ਉਸ ਰਾਜ ਨਾਲ ਸਬੰਧਤ ਹਾਈ ਕੋਰਟ ਦੀ ਸਲਾਹ ਨਾਲ ਰਾਜਪਾਲ ਦੁਆਰਾ ਉਸ ਦੁਆਰਾ ਬਣਾਏ ਨਿਯਮਾਂ ਅਨੁਸਾਰ ਕੀਤੀ ਜਾਵੇਗੀ।

      ਜ਼ਿਲ੍ਹਾ ਅਦਾਲਤਾਂ ਅਤੇ ਉਸਦੇ ਅਧੀਨ ਅਦਾਲਤਾਂ ਤੇ ਰਾਜ ਦੀ ਜੁਡੀਸ਼ਲ ਸੇਵਾ ਨਾਲ ਸਬੰਧਤ ਵਿਅਕਤੀਆਂ ਦੀ ਤੈਨਾਤੀ, ਤਰੱਕੀ ਅਤੇ ਛੁੱਟੀ ਪਰਵਾਨ ਕਰਨ ਦੇ ਅਧਿਕਾਰ ਹਾਈ ਕੋਰਟ ਨੂੰ ਪ੍ਰਾਪਤ ਹੋਣਗੇ।

      ਜ਼ਿਲ੍ਹਾ ਜੱਜ ਵਿਚ ਸਿੱਟੀ ਸਿਵਲ ਕੋਰਟ ਦੇ ਜੱਜ , ਅਤਿਰਿਕਤ ਜ਼ਿਲ੍ਹਾ ਜੱਜ, ਸੰਯੁਕਤ ਜ਼ਿਲ੍ਹਾ ਜੱਜ, ਸਹਾਇਕ ਜ਼ਿਲ੍ਹਾ ਜੱਜ, ਸਮਾਨ ਰਾਜ਼ ਕੋਰਟ ਦੇ ਮੁੱਖ ਜੱਜ, ਚੀਫ਼ ਪ੍ਰੈਜ਼ੀਡੈਂਸੀ ਮੈਜਿਸਟ੍ਰੇਟ , ਅਤਿਰਿਕਤ ਚੀਫ਼ ਪ੍ਰੈਜ਼ੀਡੈਂਸੀ ਮੈਜਿਸਟ੍ਰੇਟ, ਸੈਸ਼ਨ ਜੱਜ, ਅਤਿਰਿਕਤ ਸੈਸਨ ਜੱਜ ਅਤੇ ਸਹਾਇਕ ਸੈਸ਼ਨ ਜੱਜ ਵੀ ਸ਼ਾਮਲ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਜ਼ਿਲ੍ਹਾ ਜੱਜ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

District Judge_ਜ਼ਿਲ੍ਹਾ ਜੱਜ: ਸਾਧਾਰਨ ਖੰਡ ਐਕਟ 1897 ਦੀ ਧਾਰਾ 3 (17) ਵਿਚ ਪਰਿਭਾਸ਼ਤ ਅਨੁਸਾਰ ‘ਜ਼ਿਲ੍ਹਾ ਜੱਜ’ ਦਾ ਮਤਲਬ ਹੋਵੇਗਾ ਅਰੰਭਕ ਅਧਿਕਾਰਤਾ ਵਾਲੀ ਮੁੱਖ ਦੀਵਾਨੀ ਅਦਾਲਤ ਦਾ ਜੱਜ , ਪਰ ਇਸ ਵਿਚ ਆਪਣੀ ਸਾਧਾਰਨ ਜਾਂ ਅਸਾਧਾਰਨ ਅਰੰਭਕ ਅਧਿਕਾਰਤਾ ਦੀ ਵਰਤੋਂ ਕਰਦਿਆਂ ਹੋਇਆ ਉੱਚ ਅਦਾਲਤ ਸ਼ਾਮਲ ਨਹੀਂ ਹੋਵੇਗੀ।

       ਇਸੇ ਤਰ੍ਹਾਂ ਤਲਾਕ ਐਕਟ, 1869 ਦੀ ਧਾਰਾ 3(2) ਅਤੇ ਭਾਰਤੀ ਉੱਤਮਅਧਿਕਾਰ ਐਕਟ, 1925 ਦੀ ਧਾਰਾ 2(ਅਅ) ਅਨੁਸਾਰ ‘‘ਜ਼ਿਲ੍ਹਾ ਜੱਜ ਦਾ ਮਤਲਬ ਹੈ ਅਰੰਭਕ ਅਧਿਕਾਰਤਾ ਵਾਲੀ ਮੁੱਖ ਦੀਵਾਨੀ ਅਦਾਲਤ ਦਾ ਜੱਜ, ਭਾਵੇਂ ਉਸ ਦਾ ਪਦਨਾਮ ਕੁਝ ਵੀ ਹੋਵੇ।’’

       ਭਾਰਤ ਦੇ ਸੰਵਿਧਾਨ ਦੇ ਅਧਿਆਏ IV ਭਾਗ VI ਵਿਚ ਉਸ ਅਧਿਆਏ ਦੇ ਅਨੁਛੇਦ 236 (ੳ) ਅਨੁਸਾਰ ‘‘ਪਦ ਜ਼ਿਲ੍ਹਾ ਜੱਜ ਵਿਚ ਸ਼ਾਮਲ ਹੈ ਕਿਸੇ ਨਗਰ ਦੀਵਾਨੀ ਅਦਾਲਤ ਦਾ ਜੱਜ, ਅਤਿਰਿਕਤ ਜ਼ਿਲ੍ਹਾ ਜੱਜ, ਸੰਯੁਕਤ ਜ਼ਿਲ੍ਹਾ ਜੱਜ, ਸਹਾਇਕ ਜ਼ਿਲ੍ਹਾ ਜੱਜ, ਛੋਟਾ ਮੁਕੱਦਮਾ ਅਦਾਲਤ ਦਾ ਮੁੱਖ ਜੱਜ, ਮੁੱਖ ਪ੍ਰੈਜ਼ੀਡੈਂਸੀ ਮੈਜਿਸਟਰੇਟ , ਅਤਿਰਿਕਤ ਮੁੱਖ ਪ੍ਰੈਜ਼ੀਡੈਂਸੀ ਮੈਜਿਸਟਰੇਟ, ਸੈਸ਼ਨ ਜੱਜ, ਅਤਿਰਿਕਤ ਸੈਸ਼ਨ ਜੱਜ ਅਤੇ ਸਹਾਇਕ ਸੈਸ਼ਨ ਜੱਜ। ਪਛਮੀ ਬੰਗਾਲ ਰਾਜ ਬਨਾਮ ਨ੍ਰਿਪੇਂਦਰ ਨਾਥ ਬਾਗਚੀ (ਏ ਆਈ ਆਰ 1966 ਐਸ ਸੀ 447) ਅਨੁਸਾਰ ‘ਜ਼ਿਲ੍ਹਾ ਜੱਜ’ ਪਦ ਅਨੁਛੇਦ 236(ੳ) ਵਿਚ ਪਰਿਭਾਸ਼ਤ ਕੀਤਾ ਗਿਆ ਹੈ ਅਤੇ ਹੋਰਨਾਂ ਦੇ ਨਾਲ , ਉਸ ਵਿਚ ਅਤਿਰਿਕਤ ਜ਼ਿਲ੍ਹਾ ਜੱਜ ਸ਼ਾਮਲ ਹੈ।

       ਦ ਇੰਡਸਟਰੀਅਲ ਡਿਸਪਿਊਟਸ ਐਕਟ, 1947 ਦੀ ਧਾਰਾ 7(3) ਵਿਚ ਵਰਤੇ ਗਏ ਸ਼ਬਦ ਇਸ ਦ੍ਰਿਸ਼ਟੀਕੋਨ ਦਾ ਸਮਰਥਨ ਕਰਦੇ ਹਨ ਕਿ ਉਸ ਉਪਬੰਧ ਦੇ ਪ੍ਰਯੋਜਨਾ ਲਈ ‘‘ਜ਼ਿਲ੍ਹਾ ਜੱਜ’’ ਸ਼ਬਦ ਵਿਚ ਅਤਿਰਿਕਤ ਜ਼ਿਲ੍ਹਾ ਜੱਜ ਸ਼ਾਮਲ ਨਹੀਂ ਹੈ।

       ਇਹ ਗੱਲ ਸਪਸ਼ਟ ਹੈ ਕਿ ਜ਼ਿਲ੍ਹਾ ਜੱਜ ਦਾ ਅਹੁਦਾ ਅਤਿਰਿਕਤ ਜ਼ਿਲ੍ਹਾ ਜੱਜ ਦੇ ਅਹੁਦੇ ਤੋਂ ਬਿਲਕੁਲ ਵਖਰਾ ਹੈ। ਰਾਜ ਵਿਚ ਜ਼ਿਲ੍ਹਿਆਂ ਦੀ ਗਿਣਤੀ ਤੋਂ ਵੱਧ ਜ਼ਿਲ੍ਹਾ ਜੱਜ ਨਹੀਂ ਹੋ ਸਕਦੇ ਅਤੇ ਉਹ ਵਿਅਕਤੀ ਜਿਸ ਨੇ ਸਬਸਟੈਟਿਵ ਤੌਰ ਤੇ ਜ਼ਿਲ੍ਹਾ ਜੰਜ ਦਾ ਰੈਂਕ ਧਾਰਨ ਕੀਤਾ ਹੋਇਆ ਹੋਵੇ ਉਹ ਅਤਿਰਿਕਤ ਜ਼ਿਲ੍ਹਾ ਜੱਜ ਕਦੇ ਵੀ ਨਿਯੁਕਿਤ ਨਹੀਂ ਕੀਤਾ ਜਾਂਦਾ। ਜ਼ਿਲ੍ਹਾ ਜੱਜ ਤੋਂ ਰੈਂਕ ਅਤੇ ਗ੍ਰੇਡ ਵਿਚ ਅਤਿਰਿਕਤ ਜ਼ਿਲ੍ਹਾ ਜੱਜ ਅਦਨਾ ਅਤੇ ਮਾਤਹਿਤ ਹੁੰਦਾ ਹੈ। [ਮੰਘਾ ਰਾਮ ਐਂਡ ਕੰ. ਬਨਾਮ ਕੇ.ਬੀ. ਖੇਰ-ਏ ਆਈ ਆਰ 1956 ਐਮ. ਬੀ 183]।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.