ਜ਼ਫ਼ਰਨਾਮਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜ਼ਫ਼ਰਨਾਮਾ (ਪੱਤਰ): ਗੁਰੂ ਗੋਬਿੰਦ ਸਿੰਘ ਜੀ ਵਲੋਂ ਔਰੰਗਜ਼ੇਬ ਬਾਦਸ਼ਾਹ ਨੂੰ ਲਿਖਿਆ ਇਕ ਇਤਿਹਾਸਿਕ ਪੱਤਰ ਜੋਦਸਮ ਗ੍ਰੰਥ ’ ਦੇ ਆਖ਼ੀਰ’ਤੇ ਸੰਕਲਿਤ ਹੋਇਆ ਹੈ। ਕਈ ਪੁਰਾਤਨ ਬੀੜਾਂ ਵਿਚ ਇਸ ਦਾ ਨਾਂ ‘ਜੰਗਨਾਮਾ ’ ਵੀ ਲਿਖਿਆ ਹੈ। ਇਹ ਪੱਤਰ ਸੰ. 1763 ਬਿ. (1706 ਈ.) ਵਿਚ ਮਾਲਵੇ ਦੇ ਕਾਂਗੜ ਪਿੰਡ ਤੋਂ ਲਿਖਿਆ ਗਿਆ ਸੀ ਅਤੇ ਇਸ ਨੂੰ ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਹੱਥੀਂ ਬਾਦਸ਼ਾਹ ਨੂੰ ਭੇਜਿਆ ਗਿਆ ਸੀ। ਇਸ ਵਿਚ ਮੁੱਖ ਤੌਰ ’ਤੇ ਬਾਦਸ਼ਾਹ ਦੇ ਅਯੋਗ ਕੰਮਾਂ ਅਤੇ ਅਨਿਆਇ ਦਾ ਜ਼ਿਕਰ ਕਰਕੇ ਫਿਰ ਹਿਤ-ਭਰੀ ਸਿਖਿਆ ਦਿੱਤੀ ਗਈ ਹੈ। ਇਸ ਜ਼ਫ਼ਰਨਾਮੇ ਦੇ ਨਾਲਦਸਮ-ਗ੍ਰੰਥ ’ ਵਿਚ 11 ਹਿਕਾਇਤਾਂ ਵੀ ਦਰਜ ਹਨ। ਕੁਝ ਵਿਦਵਾਨ ਇਨ੍ਹਾਂ ਹਿਕਾਇਤਾਂ ਨੂੰ ਜ਼ਫ਼ਰਨਾਮੇ ਦੀ ਅੰਤਿਕਾ ਜਾਂ ਪਰਿਸ਼ਿਸ਼ਟ ਮੰਨਦੇ ਹਨ ਅਤੇ ਕੁਝ ਦੀ ਧਾਰਣਾ ਹੈ ਕਿ ਇਹ ਸੁਤੰਤਰ ਰਚਨਾ ਹੈ।

            ਜ਼ਫ਼ਰਨਾਮੇ ਤੋਂ ਭਾਵ ਹੈ ਵਿਜੈ-ਪੱਤਰ ਜਾਂ ਜਿਤ ਦੀ ਚਿੱਠੀ। ਇਸ ਦੇ ਹੁਣ ਕੇਵਲ 111 ਛੰਦ ਉਪਲਬਧ ਹਨ। ਪਰ ਅੰਤ ਉਤੇ ਕਿਸੇ ਪ੍ਰਕਾਰ ਦੀ ਸਮਾਪਤੀ ਸੂਚਕ ਉਕਤੀ ਦੇ ਨ ਲਿਖੇ ਹੋਣ ਕਾਰਣ ਇੰਜ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਅੰਤ ਵਿਚ ਕੁਝ ਛੰਦ ਰਹਿ ਗਏ ਹੋਣ। ਇਸ ਲਈ ਇਸ ਦੇ ਆਕਾਰ ਬਾਰੇ ਸਹੀ ਸਥਿਤੀ ਦਸ ਸਕਣਾ ਹੁਣ ਸੰਭਵ ਨਹੀਂ , ਕੇਵਲ ਉਪਲਬਧ 111 ਛੰਦਾਂ ਨੂੰ ਹੀ ਵਿਚਾਰਨ ਦਾ ਆਧਾਰ ਬਣਾਇਆ ਜਾ ਸਕਦਾ ਹੈ। ਇਸ ਦੇ ਦੋ ਭਾਗ ਹਨ। ਪਹਿਲਾ ਹਿੱਸਾ ਮੰਗਲਾਚਰਣ ਦਾ ਹੈ ਜਿਸ ਵਿਚ ਪਰਮਾਤਮਾ ਦਾ ਗੁਣਗਾਨ ਕੀਤਾ ਗਿਆ ਹੈ। ਉਸ ਦੀ ਸਰਬ-ਵਿਆਪਕਤਾ ਉਤੇ ਅਧਿਕ ਬਲ ਦਿੱਤਾ ਗਿਆ ਹੈ।

            ਇਸ ਦੇ ਦੂਜੇ ਭਾਗ ਵਿਚ 99 ਛੰਦ ਹਨ। ਇਸ ਨੂੰ ‘ਦਾਸਤਾਨ’ ਸਿਰਲੇਖ ਦਿੱਤਾ ਗਿਆ ਹੈ। ਇਸ ਵਿਚ ਬਾਦਸ਼ਾਹ ਦੇ ਸੈਨਾ-ਨਾਇਕਾਂ ਅਤੇ ਹਾਕਮਾਂ ਵਲੋਂ ਵਿਸ਼ਵਾਸਘਾਤ ਕਰਕੇ ਗੁਰੂ ਸਾਹਿਬ ਦੀ ਆਨੰਦਪੁਰ ਤੋਂ ਨਿਕਲਦੀ ਸੈਨਾ ਉਤੇ ਕੀਤੇ ਅਚਾਨਕ ਹਮਲੇ ਅਤੇ ਗੁਰੂ ਸਾਹਿਬ ਦੇ ਹੋਏ ਬੇਹਿਸਾਬੇ ਨੁਕਸਾਨ ਦਾ ਉੱਲੇਖ ਕੀਤਾ ਗਿਆ ਹੈ। ਇਸ ਵਿਚ ਔਰੰਗਜ਼ੇਬ ਦੀ ਵੀਰਤਾ ਅਤੇ ਨਾਲ ਨਾਲ ਧਾਰਮਿਕ ਕਟੜਤਾ ਦਾ ਜ਼ਿਕਰ ਕਰਕੇ ਗੁਰੂ ਜੀ ਨੇ ਬਾਦਸ਼ਾਹ ਨੂੰ ਲਾਅਨਤ ਪਾਈ ਕਿ ਉਸ ਦੇ ਅਧਿਕਾਰੀਆਂ ਨੇ ਕਸਮਾਂ ਤੋੜ ਕੇ ਅਧਰਮ ਦਾ ਕਾਰਜ ਕੀਤਾ ਜਿਸ ਦਾ ਅਸਲ ਜ਼ਿੰਮੇਵਾਰ ਬਾਦਸ਼ਾਹ ਖ਼ੁਦ ਹੈ। ਚਿੱਠੀ ਵਿਚ ਬਾਦਸ਼ਾਹ ਨੂੰ ਦਸਿਆ ਗਿਆ ਹੈ ਕਿ ਉਸ ਦਾ ਨ ਤਾਂ ਖ਼ੁਦਾ ਵਿਚ ਯਕੀਨ ਹੈ ਅਤੇ ਨ ਹੀ ਹਜ਼ਰਤ ਮੁਹੰਮਦ ਪ੍ਰਤਿ ਵਿਸ਼ਵਾਸ ਹੈ। ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਦੀ ਹਤਿਆ ਕੀਤੀ ਸੀ ਅਤੇ ਹਿੰਦੂਆਂ ਨੂੰ ਵਧ ਚੜ੍ਹ ਕੇ ਮੁਸਲਮਾਨ ਬਣਾਇਆ ਸੀ। ਗੁਰੂ ਜੀ ਨੇ ਉਸ ਨੂੰ ਅਗੇ ਲਿਖਿਆ ਕਿ ਤੂੰ ਆਪਣੀ ਪ੍ਰਜਾ ਨਾਲ ਅਨਿਆਂ ਕੀਤਾ ਹੈ। ਪਰ ਹੁਣ ਤੈਨੂੰ ਨਿਆਂ ਪੂਰਵਕ ਵਿਹਾਰ ਕਰਨਾ ਚਾਹੀਦਾ ਹੈ। ਤੂੰ ਮੇਰੇ ਚਾਰ ਪੁੱਤਰ ਮਾਰ ਦਿੱਤੇ ਪਰ ਕੋਈ ਗੱਲ ਨਹੀਂ ਅਜੇ ਤਾਂ ਮੈਂ ਤੇਰੇ ਮਾਰਨ ਲਈ ਜੀਉਂਦਾ ਹਾਂ। ਤੈਨੂੰ ਚਾਹੀਦਾ ਹੈ ਕਿ ਹੰਕਾਰ ਅਤੇ ਅਭਿਮਾਨ ਨੂੰ ਛਡ ਕੇ ਪ੍ਰਜਾ ਦੀ ਸੇਵਾ ਕਰ ਅਤੇ ਪਰਮਾਤਮਾ ਨੂੰ ਸਭ ਤੋਂ ਸ੍ਰੇਸ਼ਠ ਮੰਨ ਕਿਉਂਕਿ ਉਹੀ ਤੇਰੀ ਰਖਿਆ ਕਰਨ ਵਾਲਾ ਹੈ।

            ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਖ਼ਸੀਅਤ ਦਾ ਹੋਣ ਬੋਧ ਇਸ ਚਿੱਠੀ ਤੋਂ ਬੜੇ ਸੁੰਦਰ ਢੰਗ ਨਾਲ ਹੋ ਜਾਂਦਾ ਹੈ। ਉਨ੍ਹਾਂ ਦੇ ਮਨ ਵਿਚ ਅਪਾਰ ਅਤੇ ਕਦੇ ਨ ਦਬਾਇਆ ਜਾ ਸਕਣ ਵਾਲਾ ਉਤਸਾਹ ਹੈ। ਉਹ ਜੋ ਗੱਲ ਕਹਿਣਾ ਚਾਹੁੰਦੇ ਹਨ, ਨਿਝਕ ਹੋ ਕੇ ਕਹਿੰਦੇ ਹਨ। ਉਨ੍ਹਾਂ ਦੇ ਮਨ ਵਿਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਉਹ ਨੇਕੀ ਅਤੇ ਨਿਆਇਸ਼ੀਲਤਾ ਵਿਚ ਵਿਸ਼ਵਾਸ ਰਖਣ ਵਾਲੇ ਸਚੇ ਲੋਕ-ਨਾਇਕ ਹਨ ਜੋ ਲੜਾਈ ਉਦੋਂ ਤਕ ਹੀ ਚਾਹੁੰਦੇ ਹਨ ਜਦੋਂ ਤਕ ਉਸ ਤੋਂ ਬਿਨਾ ਸਮਸਿਆ ਦਾ ਹਲ ਨ ਹੋ ਸਕੇ

            ਇਹ ਪੱਤਰ ਇਤਨੀ ਈਮਾਨਦਾਰੀ ਅਤੇ ਅਦੁੱਤੀ ਸਾਹਸ ਨਾਲ ਲਿਖਿਆ ਗਿਆ ਸੀ ਕਿ ਇਸ ਦੇ ਸੁਣਨ ਨਾਲ ਬਿਰਧ ਔਰੰਗਜ਼ੇਬ ਦਾ ਕਠੋਰ ਮਨ ਪਸੀਜ ਗਿਆ। ਇਤਿਹਾਸਕਾਰਾਂ ਦਾ ਮਤ ਹੈ ਕਿ ਉਸ ਨੇ ਸੂਬਾ ਲਾਹੌਰ ਅਤੇ ਸੂਬਾ ਸਰਹਿੰਦ ਨੂੰ ਹਦਾਇਤਾਂ ਭੇਜੀਆਂ ਕਿ ਗੁਰੂ ਸਾਹਿਬ ਨਾਲ ਚੰਗਾ ਅਤੇ ਆਦਰ ਭਰਿਆ ਵਿਵਹਾਰ ਕੀਤਾ ਜਾਏ। ਕੁਝ ਇਤਿਹਾਸਕਾਰ ਤਾਂ ਇਥੋਂ ਤਕ ਮੰਨਦੇ ਹਨ ਕਿ ਔਰੰਗਜ਼ੇਬ ਨੂੰ ਆਪਣੀਆਂ ਕਮਜ਼ੋਰੀਆਂ ਅਤੇ ਅਨਿਆਂਕਾਰੀਆਂ ਦਾ ਇਤਨਾ ਡੂੰਘਾ ਅਹਿਸਾਸ ਹੋਇਆ ਕਿ ਇਸ ਨਮੋਸ਼ੀ ਕਾਰਣ ਹੀ ਉਹ ਦਿਲ ਛਡ ਬੈਠਾ ਅਤੇ ਮਰ ਗਿਆ।

            ਇਸ ਜ਼ਫ਼ਰਨਾਮੇ ਦੀ ਭਾਸ਼ਾ ਫ਼ਾਰਸੀ ਹੈ, ਪਰ ਲੋੜ ਅਨੁਸਾਰ ਕਿਤੇ ਕਿਤੇ ਦੇਸੀ ਭਾਸ਼ਾਵਾਂ ਦੇ ਸ਼ਬਦ ਵੀ ਵਰਤ ਲਏ ਗਏ ਹਨ। ਇਸ ਵਿਚ ਫ਼ਾਰਸੀ ਮੁਹਾਵਰੇ ਨੂੰ ਇਤਨੀ ਖ਼ੂਬਸੂਰਤੀ ਨਾਲ ਸੰਜੋਇਆ ਗਿਆ ਹੈ ਕਿ ਇਹ ਕਵੀ ਦੇ ਫ਼ਾਰਸੀ ਗਿਆਨ ਅਤੇ ਉਸ ਵਿਚਲੇ ਸਾਹਿਤਿਕ ਸੋਹਜ ਦਾ ਨਮੂਨਾ ਬਣ ਕੇ ਰਹਿ ਗਿਆ ਹੈ। ਇਸ ਵਿਚ ਵਰਤੇ ਛੰਦ ਦਾ ਤੋਲ ਫ਼ਾਰਸੀ ਮਸਨਵੀਆਂ ਵਿਚ ਵਰਤੇ ਬਹਿਰ ਨਾਲ ਮੇਲ ਖਾਂਦਾ ਹੈ। ਇਸ ਵਿਚ ਕਥਨ-ਸ਼ਕਤੀ ਅਤੇ ਗੱਲ ਨੂੰ ਤੋਰਨ ਦੀ ਪ੍ਰਭਾਵਸ਼ਾਲਤਾ ਇਤਨੀ ਅਧਿਕ ਹੈ ਕਿ ਇਸ ਦੇ ਬਹੁਤੇ ਛੰਦ ਸੁਭਾਸ਼ਿਤ ਬਣ ਗਏ ਹਨ ਅਤੇ ਪੜ੍ਹਨ ਸੁਣਨ ਵਾਲੇ ਉਤੇ ਅਸਰ ਪਾਉਂਦੇ ਹਨ। ਇਹੀ ਕਾਰਣ ਹੈ ਕਿ ਔਰੰਗਜ਼ੇਬ ਵਰਗੇ ਕਠੋਰ ਸ਼ਾਸਕ ਵੀ ਇਸ ਵਿਚਲੇ ਵਿਅੰਗ ਅਤੇ ਡਾਂਟ ਦੀ ਤਾਬ ਨ ਲਾ ਸਕੇ ਅਤੇ ਇਕ ਦਰਵੇਸ਼ ਗੁਰੂ ਨੂੰ ਸਤਾਉਣ ਦੀ ਗੱਲ ਤੋਂ ਪੈਦਾ ਹੋਣ ਵਾਲੀ ਬੇਇਜ਼ਤੀ ਨੂੰ ਸਹਿਣ ਦੀ ਥਾਂ ਤੇ ਸੰਸਾਰ ਨੂੰ ਤਿਆਗਣਾ ਉਚਿਤ ਸਮਝਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜ਼ਫ਼ਰਨਾਮਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜ਼ਫ਼ਰਨਾਮਾ : ਜ਼ਫ਼ਰਨਾਮਾ ਫ਼ਾਰਸੀ ਜ਼ਬਾਨ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੂੰ 1705 ਈ: ਵਿਚ ਲਿਖੀ ਹੋਈ ਜਿੱਤ-ਚਿੱਠੀ ਹੈ। ਫ਼ਾਰਸੀ ਉਸ ਸਮੇਂ ਸਰਕਾਰੀ ਜ਼ਬਾਨ ਸੀ ਅਤੇ ਬਾਦਸ਼ਾਹ ਨਾਲ ਚਿੱਠੀ-ਪੱਤਰ ਇਸੇ ਭਾਸ਼ਾ ਵਿਚ ਹੁੰਦਾ ਸੀ।

          ਗੁਰੂ ਜੀ ਵੱਲੋਂ ਲਿਖੇ ਪੱਤਰ ਦਾ ਇਕ ਇਕ ਸ਼ੇਅਰ ਅਣਖ, ਸਵੈਮਾਨ ਤੇ ਪ੍ਰਭੂ-ਵਿਸ਼ਵਾਸ ਨੂੰ ਜਗਾਉਂਦਾ ਹੈ। ਇਸੇ ਕਲਾਮਈ ਬਾਣੀ ਦਾ ਪ੍ਰਭਾਵ ਸੀ ਕਿ ਭਾਰਤ ਦੇ ਕਿਰਤੀ ਕਿਸਾਨ, ਮੁਗ਼ਲ ਸਾਮਰਾਜ ਦੇ ਖਿਲਾਫ਼ ਉੱਠ ਖਲੋਤੇ ਅਤੇ ਸਦੀਆਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿਚ ਸਫ਼ਲ ਹੋਏ।

          ਜ਼ਫ਼ਰਨਾਮੇ ਦੇ ਬੈਂਤਾਂ ਵਿਚ 111 ਸ਼ੇਅਰ ਹਨ। ਇਸ ਦੇ ਦੋ ਭਾਗ ਹਨ––ਮੰਗਲ ਅਤੇ ਦਾਸਤਾਨੀ। ਇਹ ਚਿੱਠੀ ਦਿੱਲੀ ਦੇ ਸ਼ਹਿਨਾਸ਼ਾਹ ਨੂੰ ਇਕ ਕਰੜੀ ਵੰਗਾਰ ਵਜੋਂ ਲਿਖੀ ਗਈ ਸੀ। ਸੰਨ 1705 ਵਿਚ ਜਦੋਂ ਇਹ ਚਿੱਠੀ ਲਿਖੀ ਗਈ ਸੀ, ਉਦੋਂ ਅਨੰਦਪੁਰ ਦੀ ਸ਼ਾਨ-ਸ਼ੌਕਤ ਖ਼ਤਮ ਹੋ ਚੁੱਕੀ ਸੀ। ਗੁਰੂ ਸਾਹਿਬ ਦਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ ਸੀ, ਖਾਲਸਾਈ ਫ਼ੌਜਾਂ ਤਿੱਤਰ ਬਿੱਤਰ ਹੋ ਗਈਆਂ ਸਨ ਅਤੇ ਦਸਮੇਸ਼ ਜੀ ਬੇ-ਸਰੋ ਸਾਮਾਨੀ ਦੀ ਹਾਲਤ ਵਿਚ ਸਨ। ਅਜਿਹੇ ਸਮੇਂ ਮਾਲਵੇ ਦੇ ਰੇਤਲੇ ਪਿੰਡ ਦੀਨਾ-ਕਾਂਗੜ ਤੋਂ ਆਪ ਜੀ ਦਾ ਫ਼ਤਹਿ ਦੇ ਸਿਰਲੇਖ ਹੇਠ ਪੱਤਰ ਲਿਖਣਾ, ਮਾਨਸਿਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਸ ਸਮੇਂ ਦੇ ਵਿਸ਼ਾਲ ਮੁਗ਼ਲ ਸਾਮਰਾਜ ਦੇ ਸਮਰਾਟ ਨੂੰ ਖਰੀਆਂ ਖਰੀਆਂ ਸੁਣਾਉਣਾ, ਉਸ ਦੇ ਅਤਿਆਚਾਰੀ ਕਾਰਨਾਮਿਆਂ ਦਾ ਵਰਣਨ ਕਰਨਾ ਅਤੇ ਅਹਿਲਕਾਰਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਫ਼ਾਸ਼ ਕਰਨਾ ਨਿਰਭੈ ਅਤੇ ਨਿਡਰਤਾ ਦੀ ਮੂੰਹ ਬੋਲਦੀ ਮਿਸਾਲ ਹੈ।

          ਚਿੱਠੀ ਦਾ ਆਰੰਭ ਮਰਿਆਦਾ ਮੁਤਾਬਕ ਅਕਾਲਪੁਰਖ ਦੀ ਅਰਾਧਨਾ ਨਾਲ ਕੀਤਾ ਗਿਆ ਹੈ। ਪਹਿਲੇ 12 ਸ਼ੇਅਰਾਂ ਵਿਚ ਰੱਬ ਨੂੰ ਕਰੀਮ, ਰਾਜ਼ਕ ਤੇ ਰਹੀਮ ਜਿਹੀਆਂ ਸਿਫ਼ਤਾਂ ਦੁਆਰਾ ਨਮਸਕਾਰਿਆ ਗਿਆ ਹੈ। ਫਿਰ ਔਰੰਗਜ਼ੇਬ ਦੇ ਅਹਿਲਕਾਰਾਂ ਦੀ ਦਗ਼ੇਬਾਜ਼ੀ, ਫ਼ਰੇਬ ਅਤੇ ਬੇਜ਼ੁਬਾਨੀ ਨੂੰ ਨੰਗਿਆਂ ਕੀਤਾ ਗਿਆ ਹੈ। ਚਮਕੌਰ ਦੀ ਜੰਗ ਬਾਰੇ ਜ਼ਿਕਰ ਕਰਦਿਆਂ ਗੁਰੂ ਸਾਹਿਬ ਨੇ ਲਿਖਿਆ ਹੈ, ਇਹ ਕੋਈ ਜੰਗ ਹੈ ਕਿ ਚਾਲ੍ਹੀ ਭੁੱਖੇ ਸਿੱਖਾਂ ਉੱਤੇ ਲੱਖਾਂ ਦੀ ਗਿਣਤੀ ਵਿਚ ਮੁਲਖਈਆ ਟੁੱਟ ਕੇ ਪੈ ਜਾਏ :

          ਗੁਰਸਨਾ : ਚਿ : ਕਾਰੇ ਕੁਨਦ ਚਿਹਲ ਠਰ।

          ਕਿ ਦਹ ਲਕ ਬਰਾਯਦ ਬਰੂ ਬੇਖ਼ਬਰ। ੧੯ (ਜ਼ਫ਼ਰਨਾਮਾ)

          ਤਲਵਾਰ ਫੜਨ ਦੀ ਮਜਬੂਰੀ ਦਾ ਜ਼ਿਕਰ ਕਰਦਿਆਂ ਦਸਮ ਪਾਤਸ਼ਾਹ ਫ਼ਰਮਾਉਂਦੇ ਹਨ ਕਿ ਜਦੋਂ ਕਸਮਾਂ ਨੂੰ ਤੋੜ ਕੇ ਤੇ ਬਚਨਾਂ ਨੂੰ ਭੰਗ ਕਰਕੇ ਹਮਲਾਵਰ ਢੀਠ ਤੇ ਅਤਿਆਚਾਰੀ ਬਣ ਜਾਏ, ਤਾਂ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿੰਦਾ।

          ਚੁ ਕਾਰ ਅਜ਼ ਹਮ : ਹੀਲਤੇ ਦਰਗੁਜ਼ਸ਼ਤ।

          ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ। ੨੨ (ਜ਼ਫ਼ਰਨਾਮਾ)

          ਆਪਣੇ ਬੱਚਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ‘ਮਾਸੂਮ ਬੱਚਿਆਂ ਦਾ ਕਤਲ ਕੀ ਕੋਈ ਮਰਦਾਨਗੀ ਹੈ ? ਆਪਣੇ ਵੱਲ ਇਸ਼ਾਰਾ ਕਰਕੇ ਫ਼ੁਰਮਾਉਂਦੇ ਹਨ ਕਿ ਪ੍ਰਭੂ ਦੀ ਕਿਰਪਾ ਨਾਲ ਅਸੀਂ ਅੱਗ ਦੀ ਭੱਠੀ ਵਾਂਗ ਦਹਿਕ ਰਹੇ ਹਾਂ ਜਿਸ ਵਿਚ ਜ਼ੁਲਮ ਸੜ ਕੇ ਸੁਆਹ ਹੋ ਜਾਵੇਗਾ।

          ਚਿ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ।

          ਕਿ ਆਤਿਸ਼ ਦਮਾਂ ਰਾ ਫ਼ਰੋਜ਼ਾਂ ਕੁਨੀ। ੧੬ (ਜ਼ਫ਼ਰਨਾਮਾ)

          ਬਾਦਸ਼ਾਹ ਨੂੰ ਤਾੜਨਾ ਦਿੰਦਿਆਂ ਆਪ ਲਿਖਦੇ ਹਨ, ‘ਮੈਂ ਇਹ ਨਹੀਂ ਜਾਣਦਾ ਸਾਂ ਕਿ ਤੁਸੀਂ ਇਕਰਾਰ ਤੋੜਨ ਵਾਲੇ ਹੋ, ਈਮਾਨ ਤੋਂ ਖਾਲੀ ਹੋ, ਰੱਬ ਤੇ ਰਸੂਲ ਉਤੇ ਯਕੀਨ ਨਹੀਂ ਰਖਦੇ’ ਅਤੇ ਨਾਲ ਹੀ ਪ੍ਰੇਰਨਾ ਵਜੋਂ ਕਹਿੰਦੇ ਹਨ ਕਿ ਜੋ ਆਦਮੀ ਈਮਾਨ ਵਾਲਾ ਹੁੰਦਾ ਹੈ ਉਹ ਕਦੇ ਕੀਤੇ ਵਾਅਦੇ ਤੋਂ ਨਹੀਂ ਫਿਰਦਾ।

          ਨਦਾਨਮ ਕਿ ਈਂ ਮਰਦਿ ਪੈਮਾਂ ਸ਼ਿਕਨ।

          ਕਿ ਦੌਲਤ ਪ੍ਰਸਤਸਤੋ ਈਮਾਂ ਫ਼ਿਗਨ। ੪੫ (ਜ਼ਫ਼ਰਨਾਮਾ)

          ਅੱਗੇ ਚੱਲ ਕੇ ਗੁਰੂ ਸਾਹਿਬ ਨੇਕ ਮਰਦ ਦੀ ਨਿਸ਼ਾਨੀ ਦੱਸਦਿਆਂ ਕਹਿੰਦੇ ਹਨ ਕਿ ਉਸ ਦੇ ਦਿਲ ਵਿਚ ਜੋ ਕੁਝ ਹੁੰਦਾ ਹੈ, ਉਹ ਜ਼ਬਾਨ ਉੱਤੇ ਆਉਂਦਾ ਹੈ ਅਤੇ ਉਹ ਆਪਣੇ ਕੰਮਾਂ ਵਿਚ ਕਦੇ ਕਾਹਲਾ ਨਹੀਂ ਪੈਂਦਾ ਕਿਉਂਕਿ ਉਤਾਵਲਾਪਨ ਤੇ ਤੇਜ਼ੀ ਸ਼ੈਤਾਨੀਅਤ ਦਾ ਦੂਜਾ ਨਾਂ ਹੈ। ਆਪਣੇ ਬਾਰੇ ਜ਼ਿਕਰ ਕਰਦਿਆਂ ਲਿਖਦੇ ਹਨ ਕਿ ਬਾਦਸ਼ਾਹ ਤੈਨੂੰ ਤਾਂ ਹਕੂਮਤ ਤੇ ਫ਼ੌਜਾਂ ਉੱਤੇ ਭਰੋਸਾ ਹੈ ਪਰ ਸਾਡਾ ਤਕੀਆ ਕੇਵਲ ਅਕਾਲ-ਪੁਰਖ ਹੈ ਅਤੇ ਇਸੇ ਸਦਕਾ ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ।

          ਚਿ ਦੁਸ਼ਮਨ ਕੁਨਦ ਮਿਹਰਬਾਂ ਅਸਤ ਦੋਸਤ।

          ਕਿ ਬਖ਼ਸ਼ਿੰਦਗੀ ਕਾਰਿ ਬਖਸ਼ਿੰਦ : ਓਸਤ।      (ਜ਼ਫ਼ਰਨਾਮਾ)

          ਜ਼ਫ਼ਰਨਾਮੇ ਦੀ ਜ਼ੁਬਾਨ ਫ਼ਾਰਸੀ ਹੈ। ਬੋਲੀ ਬਹੁਤ ਠੇਠ, ਸਰਲ ਤੇ ਜ਼ੋਰਦਾਰ ਹੈ। ਚਿੱਠੀ ਦੀ ਵਡਿਆਈ ਇਸ ਗੱਲ ਤੋਂ ਜਾਣੀ ਜਾ ਸਕਦੀ ਹੈ ਕਿ ਜਦੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਇਹ ਔਰੰਗਜ਼ੇਬ ਨੂੰ ਦਿੱਤੀ ਤਾਂ ਉਹ ਪਸ਼ੇਮਾਨੀ ਤੇ ਪਛਤਾਵੇ ਦਾ ਸ਼ਿਕਾਰ ਹੋ ਗਿਆ। ਅਨੁਮਾਨ ਹੈ ਕਿ ਜੇ ਔਰੰਗਜ਼ੇਬ ਥੋੜ੍ਹੇ ਦਿਨਾਂ ਵਿਚ ਹੀ ਕਾਲਵਸ ਨਾ ਹੁੰਦਾ ਤਾਂ ਚਿੱਠੀ ਦੇ ਪ੍ਰਭਾਵ ਨੇ ਉਸ ਦੇ ਅਤਿਵਾਦੀ ਵਤੀਰੇ ਵਿਚ ਜ਼ਰੂਰ ਹੀ ਤਬਦੀਲੀ ਲਿਆ ਦੇਣੀ ਸੀ।

          ਹ. ਪੁ.––ਪੰ. ਸਾ. ਇਤਿ ––ਭਾ. ਵਿ. ਪੰ; ਦਸਮ ਗਰੰਧ ਰੂਪ ਤੇ ਰਸ––ਡਾ. ਤਾਰਨ ਸਿੰਘ ; ਜ਼ਫ਼ਰਨਾਮਾ –ਭਾ. ਵਿ. ਪੰ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 19029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜ਼ਫ਼ਰਨਾਮਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜ਼ਫ਼ਰਨਾਮਾ : ਜਫ਼ਰਨਾਮਾ ਫ਼ਾਰਸੀ ਜ਼ੁਬਾਨ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੂੰ 1705 ਈ. ਵਿਚ ਲਿਖੀ ਹੋਈ ਜਿੱਤ ਦੀ ਚਿੱਠੀ ਹੈ। ਉਸ ਸਮੇਂ ਫ਼ਾਰਸੀ ਸਰਕਾਰੀ ਜ਼ੁਬਾਨ ਸੀ ਅਤੇ ਬਾਦਸ਼ਾਹ ਨਾਲ ਚਿੱਠੀ-ਪੱਤਰ ਇਸੇ ਭਾਸ਼ਾ ਵਿਚ ਹੁੰਦਾ ਸੀ।

ਗੁਰੂ ਜੀ ਵੱਲੋਂ ਲਿਖੇ ਇਸ ਪੱਤਰ ਦਾ ਇਕ ਇਕ ਸ਼ਿਅਰ ਅਣਖ, ਸਵੈਮਾਨ ਅਤੇ ਪ੍ਰਭੂ-ਵਿਸ਼ਵਾਸ ਨੂੰ ਜਗਾਉਂਦਾ ਹੈ। ਇਸੇ ਕਲਾਮਈ ਬਾਣੀ ਦਾ ਪ੍ਰਭਾਵ ਸੀ ਕਿ ਭਾਰਤ ਦੇ ਕਿਰਤੀ ਕਿਸਾਨ, ਮੁਗ਼ਲ ਸਾਮਰਾਜ ਦੇ ਖਿਲਾਫ਼ ਉੱਠ ਖਲੋਤੇ ਅਤੇ ਸਦੀਆਂ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿਚ ਸਫ਼ਲ ਹੋਏ।

ਜ਼ਫ਼ਰਨਾਮੇ ਦੇ ਬੈਂਤਾਂ ਵਿਚ 111 ਸ਼ਿਅਰ ਹਨ। ਇਸ ਦੇ ਦੋ ਭਾਗ ਹਨ-ਮੰਗਲ ਅਤੇ ਦਾਸਤਾਨੀ । ਇਹ ਚਿੱਠੀ ਦਿੱਲੀ ਦੇ ਸ਼ਹਿਨਸ਼ਾਹ ਨੂੰ ਇਕ ਕਰੜੀ ਵੰਗਾਰ ਵੱਜੋਂ ਲਿਖੀ ਗਈ ਸੀ ਉਦੋਂ ਅਨੰਦਪੁਰ ਦੀ ਸ਼ਾਨ-ਸ਼ੌਕਤ ਖ਼ਤਮ ਹੋ ਚੁੱਕੀ ਸੀ। ਗੁਰੂ ਸਾਹਿਬ ਦਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ ਸੀ, ਖ਼ਾਲਸਈ ਫ਼ੌਜਾਂ ਤਿਤਰ ਬਿਤਰ ਹੋ ਗਈਆਂ ਸਨ ਅਤੇ ਦਸਮੇਸ਼ ਜੀ ਬੇ-ਸਰੋ ਸਾਮਾਨੀ ਦੀ ਹਾਲਤ ਵਿਚ ਸਨ। ਅਜਿਹੇ ਸਮੇਂ ਮਾਲਵੇ ਦੇ ਰੇਤਲੇ ਪਿੰਡ ਦੀਨਾ-ਕਾਂਗੜ ਤੋਂ ਆਪ ਜੀ ਦਾ ਫ਼ਤਹਿ ਦੇ ਸਿਰਲੇਖ ਹੇਠ ਪੱਤਰ ਲਿਖਣਾ ਮਾਨਸਿਕ ਚੜ੍ਹਦੀਕਲਾ ਦਾ ਪ੍ਰਤੀਕ ਹੈ। ਉਸ ਸਮੇਂ ਦੇ ਵਿਸ਼ਾਲ ਮੁਗ਼ਲ ਸਾਮਰਾਜ ਦੇ ਸਮਰਾਟ ਨੂੰ ਖਰੀਆਂ ਖਰੀਆਂ ਸੁਣਾਉਣਾ ਉਸ ਦੇ ਅਤਿਆਚਾਰੀ ਕਾਰਨਾਮਿਆਂ ਦਾ ਵਰਣਨ ਕਰਨਾ ਅਤੇ ਅਹਿਲਕਾਰਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਫ਼ਾਸ਼ ਕਰਨਾ ਨਿਰਭੈਤਾ ਅਤੇ ਨਿਡਰਤਾ ਦੀ ਮੂੰਹ ਬੋਲਦੀ ਮਿਸਾਲ ਹੈ।

ਚਿੱਠੀ ਦਾ ਆਰੰਭ ਮਰਿਯਾਦਾ ਮੁਤਾਬਕ ਅਕਾਲਪੁਰਖ ਦੀ ਅਰਾਧਨਾ ਨਾਲ ਕੀਤਾ ਗਿਆ ਹੈ। ਪਹਿਲੇ 12 ਸ਼ਿਅਰਾਂ ਵਿਚ ਰੱਬ ਨੂੰ ਕਰੀਮ, ਰਾਜ਼ਕ ਤੇ ਰਹੀਮ ਜਿਹੀਆਂ ਸਿਫ਼ਤਾਂ ਦੁਆਰਾ ਨਮਸਕਾਰਿਆ ਗਿਆ ਹੈ। ਫ਼ਿਰ ਔਰੰਗਜ਼ੇਬ ਅਤੇ ਉਸ ਦੇ ਅਹਿਲਕਾਰਾਂ ਦੀ ਦਗ਼ੇਬਾਜ਼ੀ, ਫ਼ਰੇਬ ਅਤੇ ਬੇਜ਼ੁਬਾਨੀ ਨੂੰ ਨੰਗਿਆਂ ਕੀਤਾ ਗਿਆ ਹੈ। ਚਮਕੌਰ ਦੀ ਜੰਗ ਬਾਰੇ ਜ਼ਿਕਰ ਕਰਦਿਆਂ ਗੁਰੂ ਸਾਹਿਬ ਨੇ ਲਿਖਿਆ ਹੈ, ‘ਇਹ ਕੋਈ ਜੰਗ ਹੈ ਕਿ ਚਾਲੀ ਭੁੱਖੇ ਸਿੱਖਾਂ ਉੱਤੇ ਲੱਖਾਂ ਦੀ ਗਿਣਤੀ ਵਿਚ ਮੁਲਖ਼ਈਆ ਟੁੱਟ ਕੇ ਪੈ ਜਾਏ’

         ‘ਗੁਰਸਨਾ : ਚਿ ਕਾਰੇ ਕੁਨਦ ਚਿਹਲ ਨਰ।

         ਕਿ ਦਹ ਲਕ ਬਰਾਯਦ ਬਰੂ ਬੇਖ਼ਬਰ ।

                                            ੧੯ (ਜਫ਼ਰਨਾਮਾ)

 ਤਲਵਾਰ ਫੜਨ ਦੀ ਮਜਬੂਰੀ ਦਾ ਜ਼ਿਕਰ ਕਰਦਿਆਂ ਦਸਮ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਜਦੋਂ ਕਸਮਾਂ ਨੂੰ ਤੋੜ ਕੇ ਤੇ ਬਚਨਾਂ ਨੂੰ ਭੰਗ ਕਰ ਕੇ ਹਮਲਾਵਾਰ ਢੀਠ ਤੇ ਅਤਿਆਚਾਰੀ ਬਣ ਜਾਏ, ਤਾਂ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀ ਰਹਿੰਦਾ:

      ਚੁ ਕਾਰ ਅਜ਼ ਹਮ : ਹੀਲਤੇ ਦਰਗੁਜ਼ਸ਼ਤ ।

       ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ ।

                                             ੨੨ (ਜ਼ਫ਼ਰਨਾਮਾ)

  ਆਪਣੇ ਬੱਚਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਗੁਰੂ ਜੀ ਕਹਿੰਦੇ ਹਨ ਕਿ ਮਾਸੂਮ ਬੱਚਿਆਂ ਦਾ ਕਤਲ ਕੀ ਕੋਈ ਮਰਦਾਨਗੀ ਹੈ ? ਆਪਣੇ ਵੱਲ ਇਸ਼ਾਰਾ ਕਰ ਕੇ ਫ਼ੁਰਮਾਉਂਦੇ ਹਨ ਕਿ ਪ੍ਰਭੂ ਦੀ ਕਿਰਪਾ ਨਾਲ ਅਸੀਂ ਅੱਗ ਦੀ ਭੱਠੀ ਵਾਂਗ ਦਹਿਕ ਰਹੇ ਹਾਂ ਜਿਸ ਵਿਚ ਜ਼ੁਲਮ ਸੜ ਕੇ ਸਵਾਹ ਹੋ ਜਾਵੇਗਾ।

        ਚਿ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ ।

       ਕਿ ਆਤਿਸ਼ ਦਮਾਂ ਰਾ ਫ਼ਰੋਜ਼ਾਂ ਕੁਨੀ ।

                                           ੭੬ (ਜ਼ਫ਼ਰਨਾਮਾ) 

  ਬਾਦਸ਼ਾਹ ਨੂੰ ਤਾੜਨਾ ਦਿੰਦਿਆਂ ਆਪ ਲਿਖਦੇ ਹਨ, ‘ਮੈਂ ਇਹ ਨਹੀਂ ਜਾਣਦਾ ਸਾਂ ਕਿ ਤੁਸੀਂ ਇਕਰਾਰ ਤੋੜਨ ਵਾਲੇ ਹੋ, ਈਮਾਨ ਤੋਂ ਖਾਲੀ ਹੋ; ਰੱਬ ਤੇ ਰਸੂਲ ਉੱਤੇ ਯਕੀਨ ਨਹੀਂ ਰਖਦੇ’ ਅਤੇ ਨਾਲ ਹੀ ਪ੍ਰੇਰਨਾ ਵੱਜੋਂ ਕਹਿੰਦੇ ਹਨ ਕਿ ਜੋ ਆਦਮੀ ਈਮਾਨ ਵਾਲਾ ਹੁੰਦਾ ਹੈ ਉਹ ਕਦੇ ਕੀਤੇ ਵਾਅਦੇ ਤੋਂ ਨਹੀਂ ਫਿਰਦਾ :

          ਨਦਾਨਮ ਕਿ ਈਂ ਮਰਦਿ ਪੈਮਾਂ ਸ਼ਿਕਨ ।

         ਕਿ ਦੌਲਤ ਪ੍ਰਸਤਸਤੋ ਈਮਾਂ ਫ਼ਿਗਨ ।

                                         ੪ ੫ (ਜ਼ਫ਼ਰਨਾਮਾ)    

 ਅੱਗੇ ਚੱਲ ਕੇ ਗੁਰੂ ਸਾਹਿਬ ‘ਨੇਕ ਮਰਦ’ ਦੀ ਨਿਸ਼ਾਨੀ ਦੱਸਦਿਆਂ ਕਹਿੰਦੇ ਹਨ ਕਿ ਉਸ ਦੇ ਦਿਲ ਵਿਚ ਜੋ ਕੁਝ ਹੁੰਦਾ ਹੈ, ਉਹ ਜ਼ਬਾਨ ਉੱਤੇ ਆਉਂਦਾ ਹੈ ਅਤੇ ਉਹ ਆਪਣੇ ਕੰਮਾਂ ਵਿਚ ਕਦੇ ਕਾਹਲਾ ਨਹੀਂ ਪੈਂਦਾ ਕਿਉਂਕਿ ਉਤਾਵਲਾਪਣ ਤੇ ਤੇਜ਼ੀ ਸ਼ੈਤਾਨੀਅਤ ਦਾ ਦੂਜਾ ਨਾਂ ਹੈ। ਆਪਣੇ ਬਾਰੇ ਜ਼ਿਕਰ ਕਰਦਿਆਂ ਲਿਖਦੇ ਹਨ ਕਿ ਬਾਦਸ਼ਾਹ ਤੈਨੂੰ ਤਾਂ ਹਕੂਮਤ ਅਤੇ ਫ਼ੌਜਾਂ ਉੱਤੇ ਭਰੋਸਾ ਹੈ ਪਰ ਸਾਡਾ ਤਕੀਆ (ਆਸਰਾ) ਕੇਵਲ ਅਕਾਲ ਪੁਰਖ ਹੈ ਅਤੇ ਇਸ ਸਦਕਾ ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ: 

    ਚਿ ਦੁਸ਼ਮਨ ਕੁਨਦ ਮਿਹਰਬਾਂ ਅਸਤ ਦੋਸਤ ।

   ਕਿ ਬਖ਼ਸ਼ਿੰਦਗੀ ਕਾਰਿ ਬਖਸ਼ਿੰਦ  : ਓਸਤ ।

                                           ੯੫ (ਜ਼ਫ਼ਰਨਾਮਾ)

 ਜ਼ਫ਼ਰਨਾਮੇ ਦੀ ਜ਼ੁਬਾਨ ਫ਼ਾਰਸੀ ਹੈ। ਬੋਲੀ ਬਹੁਤ ਠੇਠ, ਸਰਲ ਤੇ ਜ਼ੋਰਦਾਰ ਹੈ। ਚਿੱਠੀ ਦੀ ਵਡਿਆਈ ਇਸ ਗੱਲ ਤੋਂ ਜਾਣੀ ਜਾ ਸਕਦੀ ਹੈ ਕਿ ਜਦੋਂ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੇ ਇਹ ਔਰੰਗਜ਼ੇਬ ਨੂੰ ਦਿੱਤੀ ਤਾਂ ਉਹ ਪਸ਼ੇਮਾਨੀ ਤੇ ਪਛਤਾਵੇ ਦਾ ਸ਼ਿਕਾਰ ਹੋ ਗਿਆ। ਅਨੁਮਾਨ ਹੈ ਕਿ ਜੇ ਔਰੰਗਜ਼ੇਬ ਥੋੜ੍ਹੇ ਦਿਨਾਂ ਵਿਚ ਹੀ ਕਾਲਵਸ ਨਾ ਹੁੰਦਾ ਤਾਂ ਚਿੱਠੀ ਦੇ ਪ੍ਰਭਾਵ ਨੇ ਉਸ ਦੇ ਅਤਿਵਾਦੀ ਵਤੀਰੇ ਵਿਚ ਜ਼ਰੂਰ ਹੀ ਤਬਦੀਲੀ ਲਿਆ ਦੇਣੀ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14464, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-12-09-52, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਸਾ. ਇ.-ਭਾ. ਵਿ. ਪੰ. ਦਸਮ ਗਰੰਥ ਰੂਪ ਤੇ ਰਸ-ਡਾ. ਤਾਰਨ ਸਿੰਘ; ਜ਼ਫਰਨਾਮਾ-ਡਾ. ਵਿ. ਪੰ.; ਪੰ.ਵਿ.ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.