ਫ਼ਰਦ ਫ਼ਕੀਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ਰਦ ਫ਼ਕੀਰ: ਅਠਾਰਵੀਂ ਸਦੀ ਦਾ ਫ਼ਰਦ ਫ਼ਕੀਰ ਉੱਘਾ ਪੰਜਾਬੀ ਸੂਫ਼ੀ ਸ਼ਾਇਰ ਹੈ। ਉਸ ਦੇ ਨਾਂ ਨਾਲ ਜੁੜੇ ਫ਼ਕੀਰ ਸ਼ਬਦ ਤੋਂ ਪਤਾ ਚਲਦਾ ਹੈ ਕਿ ਉਹ ਦਰਵੇਸ਼ੀ ਜੀਵਨ-ਜਾਚ ਦਾ ਧਾਰਣੀ ਸੀ। ਉਸ ਦੇ ਜੀਵਨ ਬਾਰੇ ਬਹੁਤ ਜਾਣਕਾਰੀ ਨਹੀਂ ਮਿਲਦੀ। ਸਿਰਫ਼ ਉਸ ਦੀਆਂ ਰਚਨਾਵਾਂ ਵਿੱਚ ਹੀ ਉਸ ਦੇ ਜੀਵਨ ਸੰਬੰਧੀ ਕੁਝ ਵੇਰਵੇ ਮਿਲਦੇ ਹਨ। ਮਿਸਾਲ ਵਜੋਂ ਉਸ ਨੇ ਆਪਣੀ ਇੱਕ ਰਚਨਾ ਕਸਬਨਾਮਾ ਬਫ਼ਿੰਦਗਾਨ ਵਿੱਚ ਲਿਖਿਆ ਹੈ:
ਯਾਰਾਂ ਸੈ ਤਰੈਸਠ ਬਰਸ, ਸਮਨ ਨਬੀ ਦੇ ਆਇਆ।
ਇਹ ਰਿਸਾਲਾ ਕਾਮਲ ਹੋਇਆ, ਹੁਕਮ ਧੁਰਾਂ ਦਾ ਹੋਇਆ।
ਇਥੋਂ ਪਤਾ ਚਲਦਾ ਹੈ ਕਿ ਉਸ ਨੇ ਇਹ ਰਚਨਾ 1751 ਵਿੱਚ ਮੁਕੰਮਲ ਕੀਤੀ। ਇਸ ਦੇ ਆਧਾਰ `ਤੇ ਹੀ ਵਿਦਵਾਨਾਂ ਨੇ ਉਸ ਦਾ ਜਨਮ 1720 ਦੇ ਨੇੜੇ-ਤੇੜੇ ਨਿਰਧਾਰਿਤ ਕੀਤਾ ਹੈ। ਇਸੇ ਤਰ੍ਹਾਂ ਉਸ ਦੀ ਇੱਕ ਹੋਰ ਰਚਨਾ ਬਾਰਾਂਮਾਹ ਵਿੱਚ ਸੰਕੇਤ ਮਿਲਦਾ ਹੈ ਕਿ ਉਹ ਪੱਛਮੀ ਪੰਜਾਬੀ ਦੇ ਜ਼ਿਲ੍ਹਾ ਗੁਜਰਾਤ ਦਾ ਜੰਮ-ਪਲ ਸੀ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਆਪ ਨੂੰ ਜੁਲਾਹਿਆਂ ਤੇ ਨਾਈਆਂ (ਅਰਥਾਤ ਨਿਮਨ ਜਾਤੀਆਂ) ਦਾ ਪੀਰ ਆਖਿਆ ਹੈ। ਇਹ ਉਸ ਦੇ ਮਿਹਨਤਕਸ਼ ਸਧਾਰਨ ਲੋਕਾਂ ਵਿੱਚ ਹਰਮਨਪਿਆਰਾ ਹੋਣ ਦਾ ਪ੍ਰਮਾਣ ਹੈ। ਭਾਵੇਂ ਉਹ ਫ਼ਾਰਸੀ ਭਾਸ਼ਾ ਤੋਂ ਵੀ ਭਲੀ-ਭਾਂਤ ਜਾਣੂ ਸੀ ਪਰ ਉਸ ਨੇ ਸੁਚੇਤ ਤੌਰ `ਤੇ ਪੰਜਾਬੀ ਭਾਸ਼ਾ ਨੂੰ ਕਾਵਿਕ ਪ੍ਰਗਟਾਵੇ ਦਾ ਮਾਧਿਅਮ ਬਣਾਇਆ। ਇਸ ਗੱਲ ਦਾ ਪ੍ਰਮਾਣ ਉਸ ਦੇ ਨਿਮਨ-ਅੰਕਿਤ ਕਾਵਿ-ਕਥਨ ਵਿੱਚੋਂ ਸਹਿਜੇ ਹੀ ਮਿਲ ਜਾਂਦਾ ਹੈ :
ਨਸਰ ਫ਼ਾਰਸੀ ਨੂੰ ਛੱਡ ਅਸਾਂ ਨੇ ਹਿੰਦੀ ਨਜ਼ਮ ਬਣਾਇਆ।
ਇਥੇ ‘ਹਿੰਦੀ` ਤੋਂ ਭਾਵ ਅਸਲ ਵਿੱਚ ਪੰਜਾਬ ਦੇ ਵਸਨੀਕਾਂ ਦੀ ਭਾਸ਼ਾ ਅਰਥਾਤ ਪੰਜਾਬੀ ਭਾਸ਼ਾ ਹੀ ਹੈ ਜਿਸ ਨੂੰ ਸਮੂਹ ਸੂਫ਼ੀ ਸ਼ਾਇਰਾਂ ਨੇ ਕਾਵਿਕ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਸੀ। ਫ਼ਰਦ ਫ਼ਕੀਰ ਦੀਆਂ ਰਚਨਾਵਾਂ ਵਿੱਚ ਮੁੱਖ ਤੌਰ `ਤੇ ਕਸਬਨਾਮਾ ਬਫ਼ਿੰਦਗਾਨ, ਬਾਰਾਂਮਾਹ ਅਤੇ ਸੀਹਰਫੀ ਸ਼ਾਮਲ ਹਨ। ਇਹਨਾਂ ਰਚਨਾਵਾਂ ਵਿੱਚ ਉਸ ਦੇ ਸੂਫ਼ੀ ਅਨੁਭਵ ਅਤੇ ਉਸ ਦੀ ਲੋਕ-ਪੱਖੀ ਵਿਚਾਰਧਾਰਾ ਦਾ ਪ੍ਰਮਾਣ ਮਿਲਦਾ ਹੈ। ਇਹਨਾਂ ਤੋਂ ਇਲਾਵਾ ਉਸ ਦੇ ਨਾਂ ਨਾਲ ਇੱਕ ਹੋਰ ਰਚਨਾ ਰੌਸ਼ਨ ਦਿਲ ਵੀ ਸੰਬੰਧਿਤ ਹੈ ਜੋ ਵਿਵਾਦਪੂਰਨ ਹੈ। ਇਹ ਰਚਨਾ ਸ਼ਰ੍ਹਾ ਅਤੇ ਸ਼ਰ੍ਹੀਅਤ ਦੇ ਨੇਮਾਂ ਦੀ ਵਿਆਖਿਆ ਕਰਦੀ ਹੈ ਅਤੇ ਆਮ ਲੋਕਾਂ ਨਾਲੋਂ ਮੁਲਾਣਿਆਂ ਵਿੱਚ ਵਧੇਰੇ ਹਰਮਨਪਿਆਰੀ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਇਹ ਸਮਾਂ ਰਾਜਨੀਤਿਕ ਉਥਲ-ਪੁਥਲ ਦਾ ਸੀ ਅਤੇ ਇਸ ਵੇਲੇ ਦੇ ਸੂਫ਼ੀ ਕੁਝ ਹੱਦ ਤਕ ਕੱਟੜ ਹੋ ਗਏ ਸਨ। ਹੋ ਸਕਦਾ ਹੈ ਕਿ ਉਹ ਵੀ ਚੇਤ-ਅਚੇਤੀ ਇਸ ਵਹਿਣ ਵਿੱਚ ਵਹਿ ਗਿਆ ਹੋਵੇਗਾ। ਪਰ ਦਿਲਚਸਪ ਗੱਲ ਇਹ ਹੈ ਕਿ ਫ਼ਰਦ ਫ਼ਕੀਰ ਨੇ ਆਪਣੇ ਕਲਾਮ ਵਿੱਚ ਮੁਲਾਣਿਆਂ ਦੀ ਕੱਟੜ ਮਜ਼੍ਹਬੀ ਨੀਤੀ ਬਾਰੇ ਇੱਕ ਥਾਂ ਉੱਤੇ ਸਪਸ਼ਟ ਕਥਨ ਵੀ ਕੀਤਾ ਹੈ ਜੋ ਉਸ ਦੀ ਵਿਚਾਰਧਾਰਾਈ ਚੇਤਨਾ ਦਾ ਲਖਾਇਕ ਹੈ:
ਮੈਂ ਡਰਦਾ ਗੱਲ ਨਾ ਆਖਦਾ ਮਤ ਮਾਰਨ ਮੁਲਾਂ,
ਇਸੇ ਕਾਰਣ ਰੱਖਿਆ ਫ਼ਰਦਾ ਭੇਦ ਛੁਪਾ।
ਸੱਚ ਤਾਂ ਇਹ ਹੈ ਕਿ ਫ਼ਰਦ ਫ਼ਕੀਰ ਨੇ ਆਪਣੀਆਂ ਰਚਨਾਵਾਂ ਵਿੱਚ ਸੂਫ਼ੀ ਕਾਵਿ-ਪਰੰਪਰਾ ਅਨੁਸਾਰ ਦਿਖਾਵੇ ਦੀ ਧਾਰਮਿਕਤਾ ਦਾ ਤਿੱਖਾ ਵਿਰੋਧ ਕੀਤਾ ਹੈ। ਉਹ ਫ਼ਕੀਰੀ ਬਾਣੇ ਰਾਹੀਂ ਲੋਕਾਂ ਨੂੰ ਗੁੰਮ-ਰਾਹ ਕਰਨ ਵਾਲੇ ਨਕਲੀ ਸੂਫ਼ੀਆਂ ਉੱਤੇ ਕਰਾਰਾ ਵਿਅੰਗ ਕਸਦਿਆਂ ਆਖਦਾ ਹੈ: ਬਾਹਰ ਬਾਣਾ ਸੂਫ਼ੀਆਂ, ਅੰਦਰ ਦਗ਼ਾ ਕਮਾਏ ਇਸੇ ਤਰ੍ਹਾਂ ਉਹ ਅਸਲੀ ਫ਼ਕੀਰੀ ਨੂੰ
ਮੀਮ ਮੀਮੋਂ ਮੁੱਲ ਵਿਕੇਂਦੀ ਅੱਜ ਫ਼ਕੀਰੀ ਹੱਟ।
ਇੱਕ ਪੈਸੇ ਦੀ ਉੱਨ ਲਾਈ ਗਲ ਨੂੰ ਸੇਲ੍ਹੀ ਵੱਟ।
ਗੇਰੀ ਰੰਗ ਲਾਈ ਕਪੜੇ ਖੋਲ੍ਹ ਸਿਰੇ ਦੇ ਵਾਲ।
ਫ਼ਰਦਾ ਲੇਖਾ ਲੈਸੀਆ ਰੱਬ ਕਾਦਰ ਜੁਲ ਜਲਾਲ।
ਇਸ ਤੋਂ ਇਲਾਵਾ ਫ਼ਰਦ ਫ਼ਕੀਰ ਨੇ ਆਪਣੀ ਸ਼ਾਇਰੀ ਵਿੱਚ ਸੂਫ਼ੀ-ਅਨੁਭਵ ਦਾ ਪ੍ਰਗਟਾਵਾ ਕਰਨ ਲਈ ਬਿਰਹੁੰ- ਕੁਠੀ ਕਾਮਨੀ ਦਾ ਬਿੰਬ ਵਰਤਿਆ ਹੈ ਜੋ ਉਸ ਦੀ ਕਾਵਿ-ਕਲਾ ਦਾ ਬਹੁਤ ਪ੍ਰਭਾਵਸ਼ਾਲੀ ਪ੍ਰਮਾਣ ਪੇਸ਼ ਕਰਦਾ ਹੈ :
ਚੜ੍ਹਿਆ ਮਾਹ ਵਿਸਾਖ ਸੁਹਾਵਨਾ,
ਅਸਾਂ ਨਿਤ ਤੇਰਾ ਗ਼ਮ ਖਾਵਨਾ।
ਮੈਂ ਸਾਵੀ ਪੀਲੀ ਹੋ ਰਹੀ, ਮੇਰੀ ਦੇਹੀ ਜ਼ਰਦ ਵਿਸਾਰ ਦੀ।
ਨਿਤ ਤਿੱਤਰ ਮੋਰ ਉਡਾਂਵਦੀ, ਮੈਂ ਰੋ ਰੋ ਔਸੀਆਂ ਪਾਂਵਦੀ।
ਕੋਈ ਭੇਜ ਸੁਨੇਹਾ ਸੁਖ ਦਾ, ਕੋਈ ਲਿਆਵੇ ਤੇਰੇ ਮੁਖ ਦਾ।
ਫ਼ਰਦ ਫ਼ਕੀਰ ਅਸਲ ਵਿੱਚ ਲੋਕ-ਚੇਤਨਾ ਦਾ ਸ਼ਾਇਰ ਹੈ। ਉਸ ਦੀ ਸ਼ਾਇਰੀ ਵਿੱਚ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਦਾ ਯਥਾਰਥਿਕ ਬਿੰਬ ਪੇਸ਼ ਹੁੰਦਾ ਹੈ। ਇਹ ਉਸ ਦੀ ਵਿਚਾਰਧਾਰਾ ਦੇ ਲੋਕ-ਪੱਖੀ ਕਿਰਦਾਰ ਨੂੰ ਉਜਾਗਰ ਕਰਦਾ ਹੈ। ਮਿਸਾਲ ਵਜੋਂ ਕੁਝ ਪੰਗਤੀਆਂ ਪੇਸ਼ ਹਨ :
ਹਾਕਮ ਹੋ ਕੇ ਬਹਿਣ ਗ਼ਲੀਚੇ, ਬਹੁਤਾ ਜ਼ੁਲਮ ਕਮਾਂਦੇ।
ਮਿਹਨਤੀਆਂ ਨੂੰ ਕੰਮੀ ਆਖਣ, ਖ਼ੂਨ ਉਹਨਾਂ ਦਾ ਖਾਂਦੇ।
ਫੜ ਵਗਾਰੀ ਲੈ ਲੈ ਜਾਵਣ, ਖ਼ੌਫ਼ ਖ਼ੁਦਾ ਦਾ ਨਾਹੀਂ।
ਫ਼ਰਦ ਫ਼ਕੀਰਾ ਦਰਦਮੰਦਾਂ ਦੀਆਂ,
ਇੱਕ ਇੱਕ ਪੈਸਨ ਆਹੀਂ।
ਸਮੁੱਚੇ ਤੌਰ `ਤੇ ਆਖਿਆ ਜਾ ਸਕਦਾ ਹੈ ਕਿ ਅਠਾਰ੍ਹਵੀਂ ਸਦੀ ਦੇ ਇਸ ਸ਼ਾਇਰ ਨੇ ਪੰਜਾਬੀ ਸੂਫ਼ੀ ਸ਼ਾਇਰੀ ਦੀਆਂ ਉਦਾਰ ਮਾਨਵਵਾਦੀ ਅਤੇ ਲੋਕ-ਪੱਖੀ ਰਵਾਇਤਾਂ ਨੂੰ ਨਿਭਾਇਆ ਅਤੇ ਆਪਣੇ-ਆਪਣੇ ਅੰਦਾਜ਼ ਵਿੱਚ ਤਸੱਵੁਫ਼ ਦੀ ਬਾਤ ਪਾਈ।
ਲੇਖਕ : ਜਗਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਫ਼ਰਦ ਫ਼ਕੀਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਫ਼ਰਦ ਫ਼ਕੀਰ : ਪੰਜਾਬੀ ਦੇ ਇਸ ਸੂਫ਼ੀ ਸ਼ਾਇਰ ਦਾ ਜਨਮ 1720 ਈ. ਵਿਚ ਹੋਇਆ। ਇਸ ਨੇ ਆਪਣੀ ਡੂੰਘੇ ਅਨੁਭਵਾਂ ਨੂੰ ਕਵਿਤਾ ਵਿਚ ਅੰਕਿਤ ਕੀਤਾ। ਇਹ ਗੁਜਰਾਤ (ਪਾਕਿਸਤਾਨ) ਦਾ ਨਿਵਾਸੀ ਸੀ। ਇਸ ਦੇ ਜੀਵਨ ਬਾਰੇ ਬਹੁਤਾ ਵੇਰਵਾ ਨਹੀਂ ਮਿਲਦਾ।
ਇਸ ਦੇ ਜੀਵਨ ਕਾਲ ਵਿਚ ਪੰਜਾਬ ਵਿਚ ਲਗਭਗ ਅਸ਼ਾਂਤੀ ਫੈਲੀ ਰਹੀ। ਇਸ ਉਥਲ-ਪੁਥਲ ਦਾ ਇਸ ਦੀ ਲੇਖਣੀ ਤੇ ਵੀ ਕਾਫ਼ੀ ਪ੍ਰਭਾਵ ਪਿਆ।
ਇਸ ਦੀਆਂ ਪ੍ਰਸਿੱਧ ਰਚਨਾਵਾਂ–ਰੌਸ਼ਨ ਦਿਲ, ਕਸਬਨਾਮਾ ਬਾਫਿੰਦਗਾਂ, ਕਸਬਨਾਮਾ ਹਮਜ਼ਾ, ਸੀਹਰਫੀਆਂ ਤੇ ਬਾਰਾਮਾਂਹ ਆਦਿ ਹਨ। ਇਸ ਨੇ ਇਕ ਪਾਸੇ ਸੂਫ਼ੀ ਵਿਚਾਰਾਂ, ਪ੍ਰੇਮ ਪਿਆਰ ਆਦਿ ਦੀ ਗੱਲ ਕੀਤੀ ਅਤੇ ਦੂਜੇ ਪਾਸੇ ਕੱਟੜ ਮੁਸਲਮਾਨਾਂ ਵਾਂਗ ਇਸਲਾਮ ਤੇ ਮੁਸਲਮਾਨੀ ਰਾਜ ਦੇ ਰਾਜਸੀ ਪਤਨ ਤੇ ਲਹੂ ਦੇ ਹੰਝੂ ਕੇਰੇ ਹਨ। ਆਤਮਵਿਰੋਧੀ ਸੁਰ ਇਸ ਦੀ ਰਚਨਾ ਦੀ ਵੱਖਰੀ ਪਛਾਣ ਹੈ। ਇਸ ਨੇ ਪ੍ਰਚਲਿਤ ਸੂਫ਼ੀ ਕਾਵਿ ਵਿਚੋਂ ਹੀ ਬਿੰਬ ਚਿੰਨ੍ਹ, ਪ੍ਰਤੀਕ, ਅਲੰਕਾਰ ਲੈ ਕੇ ਆਪਣੀ ਕਵਿਤਾ ਦੀ ਰਚਨਾ ਕੀਤੀ ਜਿਸ ਕਾਰਨ ਵਿਸ਼ੇਸ਼ ਮੌਲਿਕਤਾ ਨਹੀਂ ਮਿਲਦੀ। ਇਸ ਦੀ ਇਕੋ ਰਚਨਾ ਬਹੁਤ ਪ੍ਰਸਿੱਧ ਹੋਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-23-11-26-00, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਸਾ. ਇ. -ਭਾ.ਵਿ. ਪੰ. Ⅰ : 412-13: ਲਿ. ਕੋ. : 105
ਵਿਚਾਰ / ਸੁਝਾਅ
Please Login First