ਫ਼ਰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫ਼ਰਮ [ਨਾਂਇ] ਕੰਪਨੀ , ਫ਼ੈਕਟਰੀ, ਕਾਰਖ਼ਾਨਾ , ਉਦਯੋਗ , ਅਦਾਰਾ, ਸੰਸਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਫ਼ਰਮ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Firm_ਫ਼ਰਮ: ‘‘ਭਾਰਤੀ ਭਾਈਵਾਲੀ ਐਕਟ, 1932 ਦੀ ਧਾਰਾ ‘4’ ਅਨੁਸਾਰ ਉਹ ਵਿਅਕਤੀ ਜਿਨ੍ਹਾਂ ਨੇ ਇਕ ਦੂਜੇ ਨਾਲ ਭਾਈਵਾਲੀ ਕਰ ਲਈ ਹੈ... ਸਮੂਹਕ ਤੌਰ ਤੇ ਫ਼ਰਮ ਕਹਾਉਂਦੇ ਹਨ...।’’

       ਸਰਵ-ਉੱਚ ਅਦਾਲਤ ਨੇ ਦੁਨੀ ਚੰਦ ਲਕਸ਼ਮੀ ਨਰਾਇਨ ਬਨਾਮ ਕਮਿਸ਼ਨਰ ਔਫ਼ ਇਨਕਮ ਟੈਕਸ, ਨਾਗਪੁਰ [(1956) 29 ਆਈ ਟੀ ਆਰ 535 (ਐਸ ਸੀ)] ਵਿਚ ਭਾਰਤੀ ਭਾਈਵਾਲੀ ਐਕਟ 1932 ਦੀ ਧਾਰਾ 4 ਵਿਚ ਪਰਿਭਾਸ਼ਤ ਸ਼ਬਦ ‘ਫ਼ਰਮ’ ਦੇ ਆਧਾਰ ਤੇ ਪ੍ਰੇਖਣ ਕੀਤਾ ਹੈ ਕਿ ਉਹ ਧਾਰਾ ਹੇਠ-ਲਿਖੇ ਤੱਤਾਂ ਦੀ ਹੋਂਦ ਦੀ ਮੰਗ ਕਰਦੀ ਹੈ, ਅਰਥਾਤ (1) ਕੋਈ ਅਜਿਹਾ ਕਰਾਰ ਹੋਣਾ ਚਾਹੀਦਾ ਹੈ ਜੋ ਦੋ ਜਾਂ ਵਧ ਵਿਅਕਤੀਆਂ ਵਿਚਕਾਰ ਹੋਇਆ ਹੋਵੇ; (2) ਉਹ ਕਰਾਰ ਕਿਸੇ ਕਾਰੋਬਾਰ ਦੇ ਲਾਭਾਂ ਦੀ ਹਿੱਸੇਦਾਰੀ ਬਾਰੇ ਹੋਣਾ ਚਾਹੀਦਾ ਹੈ; ਅਤੇ (3) ਉਹ ਕਾਰੋਬਾਰ ਸਭ ਦੁਆਰਾ ਜਾਂ ਉਨ੍ਹਾਂ ਵਿਚੋਂ ਕਿਸੇ ਵਿਅਕਤੀ ਜਾਂ ਕੁਝ ਵਿਅਕਤੀਆਂ ਦੁਆਰਾ ਸਭਨਾਂ ਦੇ ਨਮਿਤ ਚਲਾਇਆ ਜਾਂਦਾ ਹੋਵੇ। ਉਹ ਵਿਅਕਤੀ ਜੋ ਭਾਈਵਾਲੀ ਵਿਚ ਸ਼ਾਮਲ ਹੋਏ ਹੋਣ ਉਨ੍ਹਾਂ ਨੂੰ ਸਮੂਹਕ ਤੌਰ ਤੇ ਫ਼ਰਮ ਕਿਹਾ ਜਾਂਦਾ ਹੈ। (ਮੋਤੀ ਪ੍ਰਸ਼ਾਦ ਸਿੰਘ ਬਨਾਮ ਪੱਛਮੀ ਬੰਗਾਲ ਰਾਜ) [(1977) 39 ਐਸ ਟੀ ਸੀ 131)]

       ਫ਼ਰਮ ਦੀ ਕੋਈ ਕਾਨੂੰਨੀ ਹਸਤੀ ਨਹੀਂ ਹੁੰਦੀ ਅਤੇ ਇਹ ਉਨ੍ਹਾਂ ਭਾਈਵਾਲਾਂ ਲਈ ਸਮੂਹਕ ਨਾਂ ਹੈ ਜੋ ਇਕ ਦੂਜੇ ਨਾਲ ਭਾਈਵਾਲੀ ਵਿਚ ਸ਼ਾਮਲ ਹੁੰਦੇ ਹਨ। ਉਨ੍ਹਾਂ ਵਿਅਕਤੀਆਂ ਨੂੰ ਵਿਅਕਤੀਗਤ ਤੌਰ ਤੇ ਫ਼ਰਮ ਕਿਹਾ ਜਾਂਦਾ ਹੈ ਅਤੇ ਜਿਸ ਨਾਂ ਅਧੀਨ ਉਹ ਕਾਰੋਬਾਰ ਕਰਦੇ ਹਨ ਉਸ ਨੂੰ ਫ਼ਰਮ ਦਾ ਨਾਂ ਦਿੱਤਾ ਜਾਂਦਾ ਹੈ।

       ਪਰ ਟੈਕਸ ਨਿਰਧਾਰਣ ਦੇ ਪ੍ਰਯੋਜਨਾਂ ਲਈ ਫ਼ਰਮ ਇਕ ਸੁਤੰਤਰ ਇਕਾਈ ਹੈ। ਭਾਈਵਾਲੀ ਕਾਨੂੰਨ ਅਧੀਨ ਭਾਵੇਂ ਫ਼ਰਮ ਕਾਨੂੰਨੀ ਹਸਤੀ ਨਹੀਂ ਹੈ ਅਤੇ ਤਤਸਮੇਂ ਵਿਅਕਤੀਗਤ ਭਾਈਵਾਲਾਂ ਤੋਂ ਮਿਲਕੇ ਬਣਦੀ ਹੈ, ਪਰ ਟੈਕਸ ਨਾਲ ਸਬੰਧਤ ਕਾਨੂੰਨਾਂ ਦੇ ਪ੍ਰਯੋਜਨ ਲਈ ਉਹ ਕਾਨੂੰਨੀ ਹਸਤੀ ਸਮਝੀ ਜਾਂਦੀ ਹੈ। ਪਰ ਤਾਂ ਵੀ ਫ਼ਰਮ ਦੇ ਤੁੜਾਉ ਨਾਲ ਉਹ ਕਾਨੂੰਨੀ ਹਸਤੀ ਨਹੀਂ ਰਹਿ ਜਾਂਦੀ (ਪੰਜਾਬ ਰਾਜ ਬਨਾਮ ਜਲੰਧਰ ਵੈਜੀਟੇਬਲਜ਼ ਸਿੰਡੀਕੇਟ-ਏ ਆਈ 1966 ਐਸ ਸੀ 1295.)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਫ਼ਰਮ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਫ਼ਰਮ : ਫ਼ਰਮ, ਕਾਰੋਬਾਰ ਦਾ ਮੁੱਢਲਾ, ਪ੍ਰਬੰਧਕੀ ਜਾਂ ਫ਼ੈਸਲੇ ਲੈਣ ਵਾਲਾ ਉਹ ਯੂਨਿਟ ਹੁੰਦਾ ਹੈ, ਜਿੱਥੇ ਉਤਪਾਦਨ ਦੇ ਸਾਧਨਾਂ, ਭੂਮੀ, ਮਜ਼ਦੂਰ, ਪੂੰਜੀ ਅਤੇ ਪ੍ਰਬੰਧਕ ਦੀ ਸਹਾਇਤਾ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਫ਼ਰਮ ਵਿੱਚ ਅਨੇਕ ਪ੍ਰਕਾਰ ਦੇ ਚੱਲ ਰਹੇ ਕਾਰਜ, ਕਿਰਿਆਵਾਂ ਜਾਂ ਪ੍ਰਕਿਰਿਆਵਾਂ ਦੇ ਨਤੀਜੇ ਵਜੋਂ ਵਿਭਿੰਨ ਵਸਤੂਆਂ ਅਤੇ ਸੇਵਾਵਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਨੂੰ ਸਿੱਧੇ ਹੀ ਮੰਡੀ ਵਿੱਚ ਉਪਭੋਗ ਵਾਸਤੇ ਭੇਜ ਦਿੱਤਾ ਜਾਂਦਾ ਹੈ ਜਾਂ ਇਹਨਾਂ ਨੂੰ ਹੋਰ ਵਸਤਾਂ ਦੇ ਉਤਪਾਦਨ ਵਾਸਤੇ ਵਰਤਿਆ ਜਾਂਦਾ ਹੈ।

ਫ਼ਰਮ ਦੀ ਪਰਿਭਾਸ਼ਾ ਦੇਣ ਵੇਲੇ ਕਾਰੋਬਾਰ ਦੀ ਕਿਸਮ, ਮਾਲਕੀ ਦੀ ਬਣਤਰ ਆਦਿ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਕਾਰੋਬਾਰ ਦੀ ਕਿਸਮ ਦੇ ਲਿਹਾਜ਼ ਨਾਲ ਫ਼ਰਮ ਉਹ ਮੁੱਢਲਾ ਯੂਨਿਟ ਹੁੰਦਾ ਹੈ, ਜਿੱਥੇ ਵਪਾਰਿਕ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਵਸਤਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਵਿਭਿੰਨ ਕਿਰਿਆਵਾਂ ਦੁਆਰਾ ਫ਼ਰਮ ਉਤਪਾਦਨ ਦੇ ਸਾਧਨਾਂ ਅਤੇ ਹੋਰ ਆਦਾਨਾਂ (input) ਦੀ ਸਹਾਇਤਾ ਨਾਲ ਵਰਤੋਂ ਮੁੱਲ (use-value) ਨੂੰ ਵਧਾਉਂਦੀ ਹੈ ਅਤੇ ਉਸ ਨੂੰ ਮੰਡੀ ਵਿੱਚ ਵੇਚਣਯੋਗ ਬਣਾਉਂਦੀ ਹੈ। ਵਸਤੂ ਨੂੰ ਮੰਡੀ ਵਿੱਚ ਵੇਚਣ ਉਪਰੰਤ ਪ੍ਰਾਪਤ ਹੋਈ ਆਮਦਨ, ਜੇਕਰ ਆਦਾਨਾਂ ਲਈ ਕੀਤੀ ਅਦਾਇਗੀ ਤੋਂ ਜ਼ਿਆਦਾ ਹੈ ਤਾਂ ਫ਼ਰਮ ਨੂੰ ਲਾਭ ਪ੍ਰਾਪਤ ਹੁੰਦੇ ਹਨ। ਕੁੱਲ ਆਮਦਨ ਅਤੇ ਕੁੱਲ ਲਾਗਤ ਦੇ ਅੰਤਰ ਨੂੰ ਲਾਭ ਕਿਹਾ ਜਾਂਦਾ ਹੈ। ਲਾਭਾਂ ਨੂੰ ਕਿਸੇ ਵੀ ਫ਼ਰਮ ਦੀ ਸਫਲਤਾ ਦੇ ਮਾਪਦੰਡ ਵੱਜੋਂ ਲਿਆ ਜਾਂਦਾ ਹੈ।

ਪ੍ਰਬੰਧਕ, ਮੈਨੇਜਰ ਜਾਂ ਉੱਦਮੀ ਦੀ ਇਹਨਾਂ ਕਾਰਜਾਂ ਅਤੇ ਪ੍ਰਕਿਰਿਆਵਾਂ ਵਿੱਚ ਅਹਿਮ ਭੂਮਿਕਾ ਹੈ ਕਿਉਂਕਿ ਕਿਸ ਵਸਤੂ/ਸੇਵਾਵਾਂ ਦਾ ਉਤਪਾਦਨ, ਕਿਤਨੀ ਮਾਤਰਾ, ਕਦੋਂ ਅਤੇ ਕਿਸ ਪ੍ਰਕਾਰ ਕਰਨਾ ਹੈ, ਇਹ ਸਾਰੇ ਅਹਿਮ ਫ਼ੈਸਲੇ ਉਸੇ ਦੁਆਰਾ ਹੀ ਲਏ ਜਾਂਦੇ ਹਨ। ਫ਼ਰਮ ਆਪਣੇ ਮੁੱਖ ਉਦੇਸ਼ ਲਾਭ ਦੀ ਪ੍ਰਾਪਤੀ ਵਾਸਤੇ ਦੋ ਪ੍ਰਕਾਰ ਦੇ ਕਾਰਜ ਨਿਭਾਉਂਦੀ ਹੈ, ਪਹਿਲਾ ਆਦਾਨਾਂ ਜਾਂ ਇਨਪੁਟ ਦੀ ਸਹਾਇਤਾ ਨਾਲ ਪ੍ਰਾਪਤ ਹੋਏ ਉਤਪਾਦਨ, ਜਾਂ ਤਿਆਰ ਮਾਲ ਨੂੰ ਮੰਡੀ ਵਿੱਚ ਉਪਭੋਗ ਵਾਸਤੇ ਵੇਚਣਾ ਅਤੇ ਦੂਜਾ, ਫ਼ਰਮ ਦੇ ਸਾਧਨਾਂ ਦੀ ਮਾਲਕੀ ਅਤੇ ਉਹਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਜੁਟਾਉਣਾ। ਉਹ ਦੋਵੇਂ ਕਾਰਜ ਵੀ ਉੱਪਰਲੀ ਮੈਨੇਜਮੈਂਟ ਜਾਂ ਉੱਦਮੀਆਂ ਦੁਆਰਾ ਹੀ ਕੀਤੇ ਜਾਂਦੇ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਅਧਿਕਤਮ ਲਾਭ ਪ੍ਰਾਪਤੀ ਦੇ ਉਦੇਸ਼ ਦੇ ਨਾਲ-ਨਾਲ ਅਧਿਕਤਮ ਲਾਭਦਾਇਕਤਾ ਦਾ ਵੀ ਧਿਆਨ ਰੱਖਿਆ ਜਾਵੇ। ਇਹ ਲਾਭਦਾਇਕਤਾ ਕੁੱਲ ਪੂੰਜੀ ਸਾਧਨਾਂ ਤੋਂ ਹੋਣ ਵਾਲੇ ਲਾਭ-ਅੰਸ਼ ਦੀ ਦਰ ਹੁੰਦਾ ਹੈ।

ਫ਼ਰਮ ਦੀ ਪਰਿਭਾਸ਼ਾ ਮਾਲਕੀ ਦੇ ਆਧਾਰ ਉੱਪਰ ਵੀ ਕੀਤੀ ਜਾਂਦੀ ਹੈ। ਇਸ ਮਾਪ-ਦੰਡ ਅਨੁਸਾਰ, ਫ਼ਰਮ ਉਹ ਸੰਗਠਨ ਹੁੰਦਾ ਹੈ, ਜਿਸ ਉੱਪਰ ਇਕੱਲੇ ਦਾ ਜਾਂ ਸਾਂਝੇ ਤੌਰ ਤੇ ਕਈ ਉੱਦਮੀਆਂ ਦਾ ਅਧਿਕਾਰ ਹੁੰਦਾ ਹੈ। ਉਹ ਸੰਗਠਨ ਲਾਭ ਕਮਾਉਣ ਵਾਸਤੇ, ਵਿਕਰੀ ਆਮਦਨ ਅਧਿਕਤਮ ਕਰਨ ਵਾਸਤੇ ਜਾਂ ਕਿਸੇ ਹੋਰ ਨਿਸ਼ਚਿਤ ਉਦੇਸ਼ ਦੀ ਪੂਰਤੀ ਵਾਸਤੇ ਉਤਪਾਦਨ ਕਾਰਜ ਵਿੱਚ ਰੁਝਿਆ ਹੁੰਦਾ ਹੈ। ਜਦੋਂ ਫ਼ਰਮ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ ਤਾਂ ਇਕੱਲਾ ਉੱਦਮ ਕਰਤਾ ਹੀ ਉਸ ਨੂੰ ਕੰਟ੍ਰੋਲ ਕਰਦਾ ਹੈ। ਪਰੰਤੂ ਜਦੋਂ ਫ਼ਰਮ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਦੇ ਸੰਗਠਨ ਦਾ ਰੂਪ ਵੀ ਬਦਲ ਜਾਂਦਾ ਹੈ। ਇਹ ਇਕਾਕੀ ਮਲਕੀਅਤ ਤੋਂ ਸਾਂਝੇਦਾਰੀ ਅਤੇ ਫਿਰ ਜਾਇੰਟ ਸਟਾਕ ਕੰਪਨੀ ਵਿੱਚ ਤਬਦੀਲ ਹੋ ਜਾਂਦੀ ਹੈ। ਉਸ ਹਾਲਤ ਵਿੱਚ ਫ਼ਰਮ ਦਾ ਕੰਟ੍ਰੋਲ ਇਕੱਲੇ ਉੱਦਮੀ ਤੋਂ ਸ਼ੇਅਰ ਹੋਲਡਰਾਂ ਕੋਲ ਚਲਾ ਜਾਂਦਾ ਹੈ।

ਇੱਕ ਫ਼ਰਮ ਦਾ ਇੱਕ ਸਮੇਂ ਸਥਾਪਿਤ ਹੋ ਜਾਣ ਬਾਅਦ ਵਾਧਾ ਹੋਣਾ ਲਾਜ਼ਮੀ ਹੈ। ਫ਼ਰਮ ਵਿੱਚ ਹਰ ਸਮੇਂ ਅਨੇਕ ਗੁੰਝਲਦਾਰ ਪ੍ਰਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ। ਤਕਨੀਕੀ ਤਬਦੀਲੀਆਂ ਦੇ ਚੱਲਦੇ ਹੋਏ ਫ਼ਰਮ ਆਪਣੀ ਮੁਢਲੀ ਉਤਪਾਦਨ ਲਾਈਨ ਨੂੰ ਬਰਕਰਾਰ ਰੱਖਦੇ ਹੋਏ ਨਵੀਂ ਵਸਤੂ ਜਾਂ ਸਮਰੂਪ ਵਸਤੂ ਦਾ ਉਤਪਾਦਨ ਸ਼ੁਰੂ ਕਰ ਦਿੰਦੀ ਹੈ। ਇਸ ਨੂੰ ਵਸਤੂ ਵਿਭਿੰਨਤਾ ਜਾਂ ਵਸਤੂ ਵਖਰੇਵਾਂ ਕਿਹਾ ਜਾਂਦਾ ਹੈ। ਤਕਨੀਕੀ ਤਬਦੀਲੀ ਜਾਂ ਨਵੀਆਂ ਖੋਜਾਂ ਅਤੇ ਕਾਢਾਂ ਦੀ ਸਹਾਇਤਾ ਨਾਲ ਵਸਤੂ ਵਖਰੇਵਾਂ ਲਾਗੂ ਕਰਨਾ ਫ਼ਰਮ ਦੇ ਵਾਧੇ ਵਿੱਚ ਸਹਾਈ ਹੁੰਦਾ ਹੈ। ਵਸਤੂ ਵਿਭਿੰਨਤਾ ਮੰਗ ਵਿੱਚ ਤਬਦੀਲੀ ਕਾਰਨ ਵੀ ਹੁੰਦੀ ਹੈ।

ਸੰਖੇਪ ਵਿੱਚ ਫ਼ਰਮ, ਆਮ ਤੌਰ ’ਤੇ ਸਮਰੂਪ ਵਸਤੂਆਂ ਜਾਂ ਸੇਵਾਵਾਂ ਦਾ ਉਤਪਾਦਨ ਕਰਦਾ ਹੋਇਆ ਉਹ ਮੁੱਢਲਾ ਯੂਨਿਟ ਹੁੰਦਾ ਹੈ ਜਿਸ ਵਿੱਚ ਮੁੱਖ ਤੌਰ ’ਤੇ ਆਦਾਨਾਂ ਨੂੰ ਉਤਪਾਦਨ ਵਿੱਚ ਤਬਦੀਲੀ ਦੀ ਪ੍ਰਕਿਰਿਆ ਹੁੰਦੀ ਹੈ ਅਤੇ ਮਾਲਕੀ ਨਾਲ ਸੰਬੰਧਿਤ ਸਾਰੇ ਕਾਰਜ ਹੁੰਦੇ ਹਨ। ਦੋਵਾਂ ਕਾਰਜਾਂ ਦਾ ਪ੍ਰਮੁੱਖ ਉਦੇਸ਼ ਅਧਿਕਤਮ ਲਾਭ ਕਮਾਉਂਦੇ ਹੋਏ ਲਾਭਦਾਇਕਤਾ ਨੂੰ ਵੱਧ ਤੋਂ ਵੱਧ ਪੱਧਰ ਤੱਕ ਲਿਜਾਣਾ ਹੁੰਦਾ ਹੈ। ਇਸ ਤੋਂ ਇਲਾਵਾ ਇੱਕ ਫ਼ਰਮ ਵਾਧੇ ਦੀ ਦਰ ਨੂੰ ਵੀ ਅਧਿਕਤਮ ਕਰਨਾ ਚਾਹੁੰਦੀ ਹੈ। ਫ਼ਰਮ ਦੇ ਮੁੱਲ ਵਿੱਚ ਵਾਧਾ ਕਰਨਾ ਅਤੇ ਅਧਿਕਤਮ ਤੁਸ਼ਟੀਗੁਣ ਦੇ ਨਾਲ- ਨਾਲ ਸੰਤੁਸ਼ਟੀ ਦੀ ਪ੍ਰਾਪਤੀ ਵੀ ਫ਼ਰਮ ਦੇ ਅਹਿਮ ਮਨੋਰਥ ਹਨ ਅਤੇ ਇਹ ਮਨੋਰਥ ਵੱਖ-ਵੱਖ ਹਾਲਤਾਂ ਅਨੁਸਾਰ ਵੱਖ-ਵੱਖ ਸਥਾਨਾਂ ਅਤੇ ਮਲਕੀਅਤਾਂ ਤਹਿਤ ਬਦਲਦੇ ਰਹਿੰਦੇ ਹਨ।

ਜਿੱਥੇ ਫ਼ਰਮ ਦੇ ਮੈਨੇਜਰ ਅਤੇ ਪ੍ਰਬੰਧਕ ਵੱਖੋ-ਵੱਖਰੇ ਹੁੰਦੇ ਹਨ, ਉੱਥੇ ਫ਼ਰਮ ਦੇ ਉਦੇਸ਼ ਵੀ ਵੱਖੋ-ਵੱਖਰੇ ਹੋ ਜਾਂਦੇ ਹਨ ਜਿਹੜੇ ਫ਼ਰਮ ਦੇ ਵਾਧੇ ਅਤੇ ਵਿਕਾਸ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ। ਫ਼ਰਮ ਦਾ ਆਦਰਸ਼ ਉਸਦੇ ਅਨੁਕੂਲਤਮ ਆਕਾਰ ਤੋਂ ਵੱਖਰਾ ਵੀ ਹੋ ਸਕਦਾ ਹੈ ਕਿਉਂਕਿ ਅਨੁਕੂਲਤਮ ਆਕਾਰ ਦੀ ਪ੍ਰਾਪਤੀ ਵਾਸਤੇ ਫ਼ਰਮ ਦੀਆਂ ਹਰ ਪ੍ਰਕਾਰ ਦੀਆਂ ਦੀਰਘ ਕਾਲੀਨ ਲਾਗਤਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਜਦੋਂ ਕਿ ਆਦਰਸ਼ ਆਕਾਰ ਵਿੱਚ ਫ਼ਰਮ ਦੇ ਨਿਕਟਵਰਤੀ ਉਦੇਸ਼ ਹੀ ਧਿਆਨ ਵਿੱਚ ਰੱਖੇ ਜਾਂਦੇ ਹਨ। ਅਧਿਕਤਮ ਲਾਭ ਅਤੇ ਅਧਿਕਤਮ ਵਿਕਰੀ ਆਮਦਨ ਵਿਚਾਲੇ ਅੰਤਰ ਵੀ ਇਸ ਪ੍ਰਕਾਰ ਦੇ ਆਕਾਰ ਅਤੇ ਉਤਪਾਦਨ ਦੇ ਪੱਧਰ ਨੂੰ ਪ੍ਰਭਾਵਿਤ ਕਰਦੇ ਹਨ।


ਲੇਖਕ : ਕੰਵਲਜੀਤ ਕੌਰ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 2830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-10-47-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.