ਫ਼ਜ਼ਲ ਸ਼ਾਹ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਫ਼ਜ਼ਲ ਸ਼ਾਹ (1826–1890): ਫ਼ਜ਼ਲ ਸ਼ਾਹ ਦੇ ਜੀਵਨ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ ਹੈ। ਬਾਵਾ ਬੁੱਧ ਸਿੰਘ, ਮੌਲਾ ਬਖ਼ਸ਼ ਕੁਸ਼ਤਾ ਤੇ ਮੋਹਨ ਸਿੰਘ ਦੀਵਾਨਾ ਨੇ ਐਵੇਂ ਮਮੂਲੀ ਜਿਹਾ ਜ਼ਿਕਰ ਕਰ ਛੱਡਿਆ ਹੈ। ਉਸ ਨੂੰ ਹੋਰਨਾਂ ਵੱਡੇ ਕਵੀਆਂ ਵਾਂਗ ਕਿਸੇ ਮਾਣਯੋਗ ਸਿਰਲੇਖ ਦੇ ਅੰਤਰਗਤ ਨਹੀਂ ਵਿਚਾਰਿਆ। ਨਵੇਂ ਆਲੋਚਕਾਂ ਨੇ ਵੀ ਫ਼ਜ਼ਲ ਸ਼ਾਹ ਦੇ ਜੀਵਨ ਬਾਰੇ ਕੋਈ ਭਰਵੀਂ ਵਾਕਫ਼ੀਅਤ ਨਹੀਂ ਦਿੱਤੀ।

     ਫ਼ਜ਼ਲ ਸ਼ਾਹ ਨੇ ਆਪਣੇ ਕਿੱਸੇ ਸੋਹਣੀ ਮਹੀਂਵਾਲ ਦੇ ਅਖ਼ੀਰ ਵਿੱਚ ਕੁਝ ਤੁਕਾਂ ਲਿਖੀਆਂ ਹਨ ਜਿਨ੍ਹਾਂ ਤੋਂ ਉਸ ਦੇ ਜੀਵਨ ਬਾਰੇ ਕੁਝ ਜਾਣਕਾਰੀ ਮਿਲਦੀ ਹੈ। ਦੀਵਾਨਾ ਵਰਗੇ ਵਿਦਵਾਨਾਂ ਦਾ ਵੀ ਇਹੋ ਹੀ ਸ੍ਰੋਤ ਜਾਪਦਾ ਹੈ :

ਮੇਰੇ ਮਿਲਣ ਸੰਦੀ ਜੇਕਰ ਤੈਨੂੰ,

ਦੱਸਾਂ ਆਪਣਾ ਥਾਂ ਮਕਾਨ ਬੇਲੀ।

ਨਵਾਂ ਕੋਟ ਲਾਹੌਰ ਦੀ ਤਰਫ਼ ਦੱਖਣ,

ਪੈਂਡਾ ਨੀਮ ਫਰਸੰਗ ਦਾ ਜਾਨ ਬੇਲੀ।

ਉਸ ਜਗ੍ਹਾ ਤੇ ਮੈਂ ਵਸਨੀਕ ਕੀਤੀ,

ਗੱਲ ਇਸ਼ਕ ਦੀ ਕੁਲ ਬਿਆਨ ਬੇਲੀ।

ਵੀਹਵੇਂ ਸਾਲ ਅੰਦਰ ਮੇਰਾ ਪੈਰ ਆਹਾ,

ਕੀਤਾ ਖਿਜ਼ਰ ਮੈਨੂੰ ਖੈਰ ਦਾਨ ਬੇਲੀ।

ਕੀਤੀ ਜੋੜ ਕਿਤਾਬ ਦਰੁਸਤ ਸਾਰੀ,

ਰੋਜ਼ੇ ਚੌਧਵੇਂ ਮਾਹ ਰਮਜ਼ਾਨ ਬੇਲੀ।

ਹਿਜਰਤ ਨਬੀ ਕਰੀਮ ਥੀਂ ਗਏ ਆਹੋ,

          ਬਾਰਾ ਸੈ ਤੇ ਪੈਂਹਠ ਪਛਾਨ ਬੇਲੀ।

     ਇਸ ਤਰ੍ਹਾਂ ਉਪਰੋਕਤ ਤੁਕਾਂ ਇੱਕ ਨੁਸਖ਼ੇ ਵਜੋਂ ਵਰਤੀਆਂ ਜਾ ਸਕਦੀਆਂ ਹਨ। ਸਪਸ਼ਟ ਹੈ 1265 ਹਿਜਰੀ ਵਿੱਚ ਉਸ ਨੇ ਸੋਹਣੀ ਮਹੀਵਾਲ ਦਾ ਕਿੱਸਾ ਮੁਕਾਇਆ। ਉਦੋਂ ਉਸ ਦੀ ਉਮਰ ਵੀਹ ਸਾਲ ਦੀ ਸੀ। ਇਸ ਅਨੁਸਾਰ ਉਸ ਦਾ ਜਨਮ 1825 ਜਾਂ 1826 ਬਣਦਾ ਹੈ। ਉਸ ਵੇਲੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਫ਼ਜ਼ਲ ਸ਼ਾਹ ਦਾ ਬਚਪਨ ਤੇ ਜਵਾਨੀ ਦਾ ਮੁਢਲਾ ਸਮਾਂ ਨਿਸ਼ਚੇ ਹੀ ਅੰਗਰੇਜ਼ੀ ਹਕੂਮਤ ਦੇ ਅਰੰਭ ਤੋਂ ਪਹਿਲਾਂ ਬੀਤਿਆ।

     ਜਨਮ-ਸਥਾਨ ਨਵਾਂ ਕੋਟ ਸੀ ਜੋ ਲਾਹੌਰ ਦੀ ਇੱਕ ਪ੍ਰਸਿੱਧ ਬਸਤੀ ਹੈ। ਸ਼ਹਿਰ ਤੋਂ ਤਕਰੀਬਨ ਡੇਢ ਕੁ ਮੀਲ ਦੀ ਵਿੱਥ ਉਤੇ ਕਿਹਾ ਜਾਂਦਾ ਹੈ ਕਿ ਇਹ ਬਸਤੀ ਔਰੰਗਜ਼ੇਬ ਦੀ ਸ਼ਹਿਜ਼ਾਦੀ ਜ਼ੇਬੁਲ-ਨਿਸਾ ਦੀ ਵਸਾਈ ਹੋਈ ਸੀ।

     ਫ਼ਜ਼ਲ ਸ਼ਾਹ ਦੇ ਪਿਤਾ ਦਾ ਨਾਂ ਸੱਯਦ ਕੁਤਬ ਸ਼ਾਹ ਸੀ। ਉਹ ਖ਼ੁਦ ਵੀ ਸੱਯਦ ਫ਼ਜ਼ਲ ਸ਼ਾਹ ਕਰ ਕੇ ਪ੍ਰਸਿੱਧ ਹੋਇਆ। ਸੱਯਦ ਕੁਰੈਸ਼ੀ ਜਾਤ ਦੇ ਹਨ ਜਿਨ੍ਹਾਂ ਦਾ ਪਿਛੋਕੜ ਹਜ਼ਰਤ ਮੁਹੰਮਦ ਸਾਹਿਬ ਨਾਲ ਜਾ ਜੁੜਦਾ ਹੈ। ਕਈ ਥਾਈਂ ਫ਼ਜ਼ਲ ਸ਼ਾਹ ਦਾ ਨਾਂ ਸ਼ੇਖ ਫ਼ਜ਼ਲ ਸ਼ਾਹ ਵੀ ਲਿਖਿਆ ਹੋਇਆ ਮਿਲਦਾ ਹੈ। ਉਸ ਨੇ ਸਾਰੀ ਉਮਰ ਲਾਹੌਰ ਵਿੱਚ ਬਿਤਾਈ। ਉਸ ਦੀਆਂ ਰਚਨਾਵਾਂ ਤੋਂ ਇਸ ਗੱਲ ਦਾ ਪ੍ਰਮਾਣ ਵੀ ਮਿਲਦਾ ਹੈ ਕਿ ਉਹ ਅਰਬੀ ਫ਼ਾਰਸੀ ਦਾ ਚੰਗਾ ਵਿਦਵਾਨ ਸੀ। ਜਿਸ ਸਮੇਂ ਉਸ ਦੀ ਵਿੱਦਿਆ ਪ੍ਰਾਪਤੀ ਦੀ ਉਮਰ ਸੀ, ਉਦੋਂ ਪੰਜਾਬ ਵਿੱਚ ਸਿੱਖ ਰਾਜ ਹੋਣ ਕਰ ਕੇ ਫ਼ਾਰਸੀ ਹੀ ਵਧੇਰੇ ਕਰ ਕੇ ਪ੍ਰਚਲਿਤ ਸੀ।

     ਫ਼ਜ਼ਲ ਸ਼ਾਹ ਨੇ ਬਹੁਤ ਲੰਮੇ ਸਮੇਂ ਤੀਕ ਇੱਕ ਸਰਕਾਰੀ ਦਫ਼ਤਰ ਵਿੱਚ ਨੌਕਰੀ ਕੀਤੀ। ਸਾਦਾ ਜੀਵਨ ਬਿਤਾਇਆ ਪਰ ਤਜਰਬਾ ਬੜਾ ਡੂੰਘਾ ਪ੍ਰਾਪਤ ਕੀਤਾ। ਉਸ ਦੀ ਰਚਨਾ ਮਨੁੱਖਤਾ ਨਾਲ ਸਾਂਝ ਤੇ ਹਮਦਰਦੀ ਦੀ ਲਖਾਇਕ ਹੈ। ਵਾਰਿਸ ਸ਼ਾਹ ਵਾਂਗ ਉਸ ਨੇ ਵੀ ਇਸ਼ਕ ਦੀ ਚੋਟ ਖਾਧੀ। ਉਹ ਖ਼ੁਦ ਲਿਖਦਾ ਹੈ :

ਮੈਂ ਭੀ ਇਸ਼ਕ ਦੇ ਵਿੱਚ ਗੁਦਾਜ਼ ਹੋਇਆ,

ਐਪਰ ਦੱਸਣੇ ਦੀ ਨਹੀਂ ਜਾ ਮੀਆਂ।

ਇਤਨਾ ਦਰਦ ਮੈਨੂੰ ਜੇਕਰ ਆਹ ਮਾਰਾਂ,

          ਦਿਆਂ ਰੁੱਖ ਦਰੱਖਤ ਜਲਾ ਮੀਆਂ।

     ਇਸ਼ਕ ਦੇ ਫੱਟ ਨੇ ਉਸ ਨੂੰ ਕਵੀ ਬਣਾ ਦਿੱਤਾ ਅਤੇ ਉਹ ਕਿੱਸੇ ਲਿਖਣ ਲੱਗ ਪਿਆ।ਸੋਹਣੀ ਮਹੀਂਵਾਲ ਉਸ ਦਾ ਪਹਿਲਾ ਕਿੱਸਾ ਹੈ-ਉਸ ਦਾ ਸ਼ਾਹਕਾਰ, ਜੋ ਉਸ ਨੇ 20 ਸਾਲ ਦੀ ਕੱਚੀ ਉਮਰ ਵਿੱਚ ਲਿਖਿਆ। ਕਿਹਾ ਜਾਂਦਾ ਹੈ ਕਿ ਅੰਗਰੇਜ਼ ਅਫ਼ਸਰ ਵੀ ਉਸ ਦੀ ਸ਼ਾਇਰੀ ਦੇ ਕਦਰਦਾਨ ਸਨ।

     ਬਾਵਾ ਬੁਧ ਸਿੰਘ ਫ਼ਜ਼ਲ ਸ਼ਾਹ ਦੀ ਸ਼ਖ਼ਸੀਅਤ ਬਾਰੇ ਲਿਖਦਾ ਹੈ,

     ...ਪ੍ਰੇਮ ਦਾ ਕੁੱਠਾ ਜਾਪਦਾ ਏ, ਕਿਸੇ ਜ਼ਨਾਨੀ ਦੇ ਇਸ਼ਕ ਦਾ ਮਾਰਿਆ। ਹੁਣ ਕਿੱਸੇ ਬਣਾ ਬਣਾ ਜੀ ਪਰਚਾਂਦਾ ਏ। ਪਰ ਕਿੱਸਿਆਂ ਵਿੱਚ ਰੰਗ ਹੋਰ ਦਾ ਹੋਰ ਈ ਏ...ਲੋਕ ਆਖਦੇ ਹਨ, ਆਉ! ਬੈਂਤਬਾਜ਼ੀ ਕਰੋ। ਪਰ ਇਹ ਮਸਤ ਮਲੰਗ। ਲੋਕ ਆਪੇ ਹੀ ਇਹਨਾਂ ਦੇ ਗੁਣਾਂ ਦੀ ਵਡਿਆਈ ਕਰਦੇ ਹਨ...।

     ਫ਼ਜ਼ਲ ਸ਼ਾਹ ਨੂੰ ਖ਼ੁਦ ਮਾਣ ਸੀ, ਇੱਕ ਵੱਡਾ ਕਵੀ ਹੋਣ ਦਾ। ਉਹ ਆਪਣੇ ਆਪ ਨੂੰ ਮਲਕੁਲ-ਸ਼ੁਅਰਾ ਅਰਥਾਤ ਕਵੀਆਂ ਦਾ ਸਿਰਤਾਜ ਆਖਦਾ ਸੀ :

ਸ਼ਹਿਰ ਸ਼ਹਿਰ ਸ਼ੁਹਰਾ ਮੇਰਾ ਸ਼ਿਅਰ ਸੇਤੀ

          ਮੁਲਕ ਮੁਲਕ ਮਲਕੁਲ-ਸ਼ੁਅਰਾ ਬੇਲੀ।

     ਫ਼ਜ਼ਲ ਸ਼ਾਹ ਦਾ ਦਿਹਾਂਤ 1890 ਵਿੱਚ ਹੋਇਆ। ਉਦੋਂ ਉਸ ਦੀ ਉਮਰ 64 ਸਾਲ ਦੀ ਸੀ। ਲਾਹੌਰ ਵਿੱਚ, ਮੁਲਤਾਨ ਰੋਡ ਉਤੇ ਉਸ ਦਾ ਮਜ਼ਾਰ ਹੈ। ਹਰ ਸਾਲ ਉਸ ਦਾ ਉਰਸ ਮਨਾਇਆ ਜਾਂਦਾ ਹੈ।

     ਆਪਣੀ ਪਹਿਲੀ ਰਚਨਾ ਸੋਹਣੀ ਮਹੀਂਵਾਲ ਦਾ ਕਿੱਸਾ, ਜੋ ਉਸ ਨੇ 1848-49 ਵਿੱਚ ਲਿਖਿਆ, ਤੋਂ ਇਲਾਵਾ ਫ਼ਜ਼ਲ ਸ਼ਾਹ ਨੇ ਚਾਰ ਹੋਰ ਵੱਡੇ ਕਿੱਸੇ ਲਿਖੇ-ਹੀਰ ਰਾਂਝਾ, ਲੈਲਾ ਮਜਨੂੰ, ਯੂਸਫ਼ ਜ਼ੁਲੈਖ਼ਾਂ ਅਤੇ ਸੱਸੀ ਪੁੰਨੂੰ। ਕੁਝ ਸੀਹਰਫੀਆਂ ਵੀ ਉਸ ਨੇ ਲਿਖੀਆਂ।

     ਫ਼ਜ਼ਲ ਸ਼ਾਹ ਦੇ ਸਮੇਂ ਪੰਜਾਬੀ ਕਿੱਸਾ ਕਾਵਿ ਗਿਰਾਵਟ ਵੱਲ ਜਾ ਰਿਹਾ ਸੀ। ਨਾ ਹੀ ਵਿਸ਼ੇ-ਵਸਤੂ ਦੇ ਪੱਖੋਂ ਨਵੀਨਤਾ ਰਹਿ ਗਈ ਸੀ ਤੇ ਨਾ ਹੀ ਅੰਦਾਜ਼ ਦੇ ਪੱਖੋਂ ਪਰ ਫ਼ਜ਼ਲ ਸ਼ਾਹ ਦੇ ਪ੍ਰਸੰਗ ਵਿੱਚ ਇਹ ਗੱਲ ਨਹੀਂ ਢੁੱਕਦੀ। ਉਸ ਵਿੱਚ ਸੱਜਰਾਪਣ ਦਿਖਾਈ ਦਿੰਦਾ ਹੈ। ਉਸ ਵਿੱਚ ਬਿਆਨੀਆ ਗੁਣ ਬਹੁਤ ਹੈ। ਕਿਤੇ ਕਿਤੇ ਉਸ ਨੇ ਕਾਫ਼ੀਆ ਰਦੀਫ਼ ਨੂੰ ਦੁਹਰਾਅ ਕੇ ਸਰੋਦੀ ਅੰਸ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਲੰਕਾਰ ਦੀ ਨਵੀਨਤਾ ਦੀ ਮਿਸਾਲ:

ਆਈ ਕਹਿਰ ਤੇ ਗਜ਼ਬ ਦੀ ਰਾਤ ਮੁੜਕੇ,

ਕਾਲਾ ਮਾਤਮੀ ਵੇਸ ਵਟਾ ਮੀਆਂ।

ਅਜਲ ਪਈ ਪੁਕਾਰਦੀ ਸੋਹਣੀ ਨੂੰ,

          ਮੈਥੇ ਆ ਬੇਲੀ, ਮੈਥੇ ਆ ਬੇਲੀ।

     ਫ਼ਜ਼ਲ ਸ਼ਾਹ ਨੇ ਇਸ਼ਕ ਨੂੰ ਬਿਰਹਾ ਦਾ ਨਾਂ ਦਿੱਤਾ ਹੈ। ਉਹ ਤਾਂ ਸ਼ਾਇਰ ਨੂੰ ਸ਼ਾਇਰ ਹੀ ਨਹੀਂ ਮੰਨਦਾ ਜੇ ਉਸ ਦੇ ਕਲਾਮ ਵਿੱਚ ਦਰਦ ਨਹੀਂ: ਫ਼ਜ਼ਲ ਤਿਨ੍ਹਾਂਦੜਾ ਸ਼ੇਅਰ ਕਿਹਾ, ਜਿਹੜੇ ਸ਼ੇਅਰ ਬੇਦਰਦ ਅਲਾਂਵਦੇ ਜੀ। ਉਹ ਸਮਝਦਾ ਹੈ ਕਿ ਇਸ਼ਕ ਕਰਨਾ ਬਹੁਤ ਔਖਾ ਹੈ ਤੇ ਇਸ਼ਕ ਦਾ ਕਿੱਸਾ ਲਿਖਣਾ ਹੋਰ ਵੀ ਔਖਾ :

ਕਿੱਸੇ ਇਸ਼ਕ ਦੇ ਨੂੰ ਨਾਲ ਹੋਸ਼ ਕਹਿਣਾ,

ਜ਼ਰਾ ਰੱਖਣਾ ਪੈਰ ਸੰਭਾਲ ਮੀਆਂ।

ਇਸ਼ਕ ਵਿੱਚ ਮੁਸੀਬਤਾਂ ਬਹੁਤ ਮੁਸ਼ਕਿਲ,

          ਬੰਦਾ ਕੌਣ ਝੱਲੇ ਉਹਦੀ ਝਾਲ ਮੀਆਂ।

     ਫ਼ਜ਼ਲ ਸ਼ਾਹ ਦੀਆਂ ਰਚਨਾਵਾਂ ਦੀ ਬੋਲੀ ਠੇਠ ਤੇ ਕੇਂਦਰੀ ਪੰਜਾਬੀ ਹੈ। ਇਸ ਗੱਲੋਂ ਉਹ ਹਾਸ਼ਮ, ਕਾਦਰਯਾਰ ਤੇ ਸ਼ਾਹ ਮੁਹੰਮਦ ਦਾ ਬੇਲੀ ਹੈ। ਬੋਲੀ ਦਾ ਪਿੰਡ ਨਿਰੋਲ ਪੰਜਾਬੀ ਹੈ ਪਰ ਕਈ ਥਾਂਈਂ ਫ਼ਾਰਸੀ ਤੇ ਲਹਿੰਦੀ ਦੀ ਸ਼ਬਦਾਵਲੀ ਦਾ ਅੰਸ਼ ਵੀ ਦਿਖਾਈ ਦਿੰਦਾ ਹੈ।

     ਫ਼ਜ਼ਲ ਸ਼ਾਹ ਨੇ ਆਪਣੇ ਕਿੱਸੇ ਵਿੱਚ ਸੋਹਣੀ ਮਹੀਂਵਾਲ ਦੇ ਇਸ਼ਕ ਨੂੰ ਉਸੇ ਕਿਸਮ ਦਾ ਆਦਰਸ਼ਵਾਦੀ ਰੂਪ ਦਿੱਤਾ ਹੈ ਜੋ ਉਸ ਤੋਂ ਪਹਿਲੇ ਕਿੱਸਾਕਾਰਾਂ ਨੇ ਹੀਰ ਰਾਂਝੇ ਦੇ ਇਸ਼ਕ ਨੂੰ ਦਿੱਤਾ ਸੀ ਪਰ ਉਸ ਨੇ ਆਪਣੇ ਪਾਤਰਾਂ ਨੂੰ ਕਰਾਮਾਤੀ ਪਾਤਰ ਬਣਾ ਕੇ ਨਹੀਂ ਪੇਸ਼ ਕੀਤਾ।


ਲੇਖਕ : ਬਖ਼ਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਫ਼ਜ਼ਲ ਸ਼ਾਹ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਫ਼ਜ਼ਲ ਸ਼ਾਹ : ਪੰਜਾਬੀ ਦੇ ਇਸ ਪ੍ਰਸਿੱਧ ਕਿੱਸਾਕਾਰ ਦਾ ਜਨਮ 1827-28 ਈ. ਦੇ ਨੇੜੇ ਤੇੜੇ ਕੁਤਬਸ਼ਾਹ ਦੇ ਘਰ ਲਾਹੌਰ ਦੇ ਨਾਲ ਲਗਵੇਂ ਪਿੰਡ ਨਵਾਂ ਕੋਟ ਵਿਖੇ ਹੋਇਆ। ਇਸ ਦਾ ਪਿਤਾ ਅਰਬੀ, ਫ਼ਾਰਸੀ ਪੜ੍ਹਿਆ ਹੋਇਆ ਸੀ ਤੇ ਫ਼ਾਈਨੈਂਸ਼ੀਅਲ ਕਮਿਸ਼ਨਰ, ਲਾਹੌਰ ਦੇ ਦਫ਼ਤਰ ਵਿਚ ਦਫ਼ਤਰੀ ਦੇ ਤੌਰ ਤੇ ਕੰਮ ਕਰਦਾ ਸੀ।

ਫ਼ਜ਼ਲ ਸ਼ਾਹ ਨੇ ਕਈ ਕਿੱਸੇ ਲਿਖੇ ਪਰ ਇਸ ਦੀ ਪ੍ਰਸਿੱਧੀ 'ਸੋਹਣੀ ਮਾਹੀਵਾਲ' ਲਿਖਣ ਕਰ ਕੇ ਹੋਈ। ਭਾਵੇਂ ਸੋਹਣੀ ਮਹੀਵਾਲ ਦਾ ਕਿੱਸਾ ਇਸ ਤੋਂ ਪਹਿਲਾਂ ਕਈ ਕਿੱਸਾਕਾਰਾਂ ਨੇ ਲਿਖਿਆ ਪਰ ਇਸ ਦਾ ਰੰਗ ਨਿਰਾਲਾ ਹੀ ਹੈ। ਕਿੱਸਾ ਪਰੰਪਰਾ ਅਨੁਸਾਰ ਇਸ ਨੇ ਕਿੱਸੇ ਦੀ ਸ਼ੁਰੂਆਤ ਮੰਗਲਾਚਰਨ ਤੋਂ ਕੀਤੀ ਹੈ ਜਿਸ ਵਿਚ ਖ਼ੁਦਾ ਦੀ ਸਿਫ਼ਤ ਕੀਤੀ ਗਈ ਹੈ। ਫ਼ਜ਼ਲ ਸ਼ਾਹ ਨੇ ਆਪਣੇ ਕਿੱਸੇ ਵਿਚ ਇਸ਼ਕ ਦੇ ਸਿਧਾਂਤ ਅਨੁਸਾਰ ਕੁਰਬਾਨੀ, ਤਿਆਗ, ਦਲੇਰੀ ਆਦਿ ਗੁਣਾਂ ਦਾ ਸਮਾਵੇਸ਼ ਕੀਤਾ ਹੈ। ਇਸ ਕਿੱਸਾਕਾਰ ਨੇ ਇਸ ਕਿੱਸੇ ਵਿਚ ਵੀ ਬਹੁਤ ਸਾਰੀਆਂ ਘਟਨਾਵਾਂ ਜੀਵਨ ਦੇ ਵਿਹੜੇ ਵਿਚੋਂ ਹੀ ਚੁਣੀਆਂ ਹਨ। ਇਸ ਗੱਲ ਦਾ ਨਿਭਾਅ ਇਸ ਨੇ ਦੂਜੇ ਕਿੱਸਿਆਂ ਹੀਰ ਰਾਂਝਾ, ਲੈਲਾ ਮਜਨੂੰ, ਯੂਸਫ਼ ਜ਼ੁਲੈਖਾਂ, ਸੱਸੀ ਪੁਨੂੰ ਵਿਚ ਵੀ ਕੀਤਾ ਗਿਆ ਹੈ। ਜਵਾਨੀ ਤੇ ਬੁਢਾਪੇ ਦਾ ਸੰਘਰਸ਼, ਸੰਤਾਨ ਦਾ ਵਿਦਰੋਹ ਤੇ ਮਾਪਿਆਂ ਦੀ ਲੋਕ ਲਾਜ ਦੇ ਅਨੁਭਵ ਕਾਰਨ ਸੰਤਾਨ ਨੂੰ ਨਸੀਹਤ ਆਦਿ ਜੀਵਨ ਦੀਆਂ ਕੌੜੀਆਂ ਸਚਾਈਆਂ ਹਨ ਜਿਨ੍ਹਾਂ ਨੂੰ ਇਸ ਨੇ ਆਪਣੇ ਕਿੱਸਿਆਂ ਵਿਚ ਜ਼ੋਰਦਾਰ ਸ਼ਬਦਾਂ ਨਾਲ ਬਿਆਨਿਆ।

ਸਮੇਂ ਦੇ ਪ੍ਰਭਾਵ ਕਰ ਕੇ ਅਤੇ ਹੋਰ ਸ਼ਹਿਰਾਂ ਦੇ ਥਾਂ ਟਿਕਾਣਿਆਂ ਦਾ ਪਤਾ ਹੋਣ ਕਰ ਕੇ ਕਵੀ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਪਾਤਰਾਂ ਨੂੰ ਦਰਸਾਉਂਦਾ ਹੈ। ਇਸ ਨੇ ਮਰਦ ਤੇ ਔਰਤ ਦੇ ਵਿਛੋੜੇ ਨੂੰ ਚਿਤਰਣ ਵਿਚ ਆਪਣੀ ਕਲਾ ਖ਼ੂਬ ਵਿਖਾਈ ਹੈ।

ਸ਼ਬਦਾਂ ਦੀ ਵਰਤੋਂ ਤੇ ਖ਼ਾਸ ਕਰ ਕੇ ਅਨੁਪ੍ਰਾਸ ਅਲੰਕਾਰਾਂ ਵਿਚ ਇਨ੍ਹਾਂ ਦੀ ਸੁਯੋਗ ਢੰਗ ਨਾਲ ਕੀਤੀ ਗਈ ਵਰਤੋਂ ਕਵੀ ਦੀ ਪੰਜਾਬੀ ਭਾਸ਼ਾ ਦੀ ਅਦੁੱਤੀ ਮੁਹਾਰਤ ਦਾ ਪ੍ਰਗਟਾਵਾ ਕਰਦੀ ਹੈ। ਕਿੱਸਾ 'ਸੋਹਣੀ ਮਹੀਵਾਲ' ਵਿਚ ਇਹ ਚਮਤਕਾਰ ਵਿਸ਼ੇਸ਼ ਰੂਪ ਵਿਚ ਵੇਖਣ ਨੂੰ ਮਿਲਦਾ ਹੈ। ਇਕ ਇਕ ਸ਼ਬਦ ਨੂੰ ਕਈ ਕਈ ਢੰਗਾਂ ਤੇ ਭਿੰਨ ਭਿੰਨ ਅਰਥਾਂ ਵਿਚ ਵਰਤਿਆ ਜਾਣਾ ਇਸ ਦੀ ਪ੍ਰਤਿਭਾ ਦਾ ਵਿਸ਼ੇਸ਼ ਲੱਛਣ ਹੈ। ਇਸ ਨੇ ਆਪਣੇ ਕਿੱਸਿਆਂ ਵਿਚ ਮੁਹਾਵਰੇ ਤੇ ਅਖਾਣਾਂ ਦੀ ਵੀ ਭਰਪੂਰ ਤੇ ਬੜੀ ਢੁਕਵੀਂ ਵਰਤੋਂ ਕੀਤੀ ਹੈ।

ਕਿੱਸਿਆਂ ਵਿਚ ਬੈਂਤ ਛੰਦ ਹੀ ਵਧੇਰੇ ਵਰਤਿਆ ਜਾਣ ਕਰ ਕੇ ਇਸ ਨੇ ਵੀ ਆਪਣੀਆਂ ਕਿਰਤਾਂ ਵਿਚ ਵਧੇਰੇ ਕਰ ਕੇ ਬੈਂਤ ਛੰਦ ਦੀ ਹੀ ਵਰਤੋਂ ਕੀਤੀ ਹੈ। ਬੈਂਤ ਕਈ ਕਿਸਮ ਦੇ ਹਨ ਜਿਵੇਂ ਚਾਰ ਤੁਕੇ, ਛੇ ਤੁਕੇ, ਕਈ ਵੀਹ ਤੁਕੇ ਤੇ ਕਈ 32 ਜਾਂ 33 ਤੁਕੇ ਵੀ ਹਨ।

ਇਸ ਦੀਆਂ ਰਚਨਾਵਾਂ ਵਿਚ ਅਰਬੀ, ਫ਼ਾਰਸੀ, ਠੇਠ ਪੰਜਾਬੀ ਤੇ ਲਹਿੰਦੀ ਦੀ ਭਰਪੂਰ ਸ਼ਬਦਾਵਲੀ ਮਿਲਦੀ ਹੈ। ਫਰਵਰੀ,1890 ਵਿਚ ਇਸ ਦਾ ਦੇਹਾਂਤ ਹੋ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-21-04-19-15, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਸੰ. ਇ. ਭਾ. ਵਿ. ਪੰ Ⅱ : 148-53 ; ਸੋਹਣੀ, ਫ਼ਜ਼ਲਸ਼ਾਹ-ਡਾ. ਗੁਰਦੇਵ ਸਿੰਘ : ਲਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.