ਵਾਇਰਲੈਸ ਨੈੱਟਵਰਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Wireless Network

ਵਾਇਰਲੈਸ ਨੈੱਟਵਰਕ ਨਾਲ ਜੁੜੇ ਕੰਪਿਊਟਰ ਜਾਂ ਪੀਡੀਏ (ਪਰਸਨਲ ਡਿਜੀਟਲ ਅਸਿਸਟੈਂਟ) ਟੂਲ ਆਪਸ ਵਿੱਚ ਬਿਨਾਂ ਭੌਤਿਕ ਸਬੰਧ ਸਥਾਪਿਤ ਕੀਤੇ ਸੂਚਨਾਵਾਂ ਦਾ ਸੰਚਾਰ ਕਰਵਾਉਂਦੇ ਹਨ। ਵਾਇਰਲੈਸ ਨੈੱਟਵਰਕ ਚਲਦੇ- ਫਿਰਦੇ ਯੰਤਰ ਜਿਵੇਂ ਕਿ ਮੋਬਾਈਲ ਫੋਨ ਅਤੇ ਕੰਪਿਊਟਰ ਜਾਂ ਲੈਪਟਾਪ ਵਿਚਕਾਰ ਸੰਚਾਰ ਸਥਾਪਿਤ ਕਰਨ ਦਾ ਮਹੱਤਵਪੂਰਨ ਸਾਧਨ ਹੈ। ਵਾਇਰਲੈਸ ਨੈੱਟਵਰਕ ਦੀ ਮਦਦ ਨਾਲ ਇੰਟਰਨੈੱਟ ਦੀਆਂ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ।

ਵਾਇਰਲੈਸ ਨੈੱਟਵਰਕ ਲਈ ਕਈ ਪ੍ਰਕਾਰ ਦੀ ਤਕਨਾਲੋਜੀ ਇਸਤੇਮਾਲ ਕੀਤੀ ਜਾਂਦੀ ਹੈ। ਇੱਥੇ ਵਾਈ-ਫਾਈ ਅਤੇ ਬਲੂ ਟੁੱਥ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

(i) ਵਾਈ-ਫਾਈ (Wi-Fi)

ਇਸ ਨੂੰ ਤਾਰਾਂ ਦੇ ਬਦਲ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਹ ਇਕ ਖੇਤਰੀ ਸੁਵਿਧਾ ਹੀ ਹੈ ਕਿਉਂਕਿ ਵਾਈ-ਫਾਈ ਰਾਹੀਂ ਤੁਸੀਂ ਇਕ ਸੀਮਤ ਖੇਤਰ ਵਿੱਚ ਪਏ ਦੋ ਜਾਂ ਦੋ ਤੋਂ ਵੱਧ ਉਪਕਰਨਾਂ ਵਿਚਕਾਰ ਸੰਚਾਰ-ਸਬੰਧ ਸਥਾਪਿਤ ਕਰਵਾ ਸਕਦੇ ਹੋ। ਇੰਝ ਸਮਝ ਲਵੋ ਕਿ ਇਹ ਇਕ ਬੇਤਾਰ ਲੋਕਲ ਏਰੀਆ ਨੈੱਟਵਰਕ (ਲੈਨ) ਹੈ। ਇਹੀ ਕਾਰਨ ਹੈ ਕਿ ਇਸ ਨੂੰ 'ਵਾਇਰਲੈੱਸ ਈਥਰਨੈੱਟ' ਦਾ ਨਾਂਅ ਵੀ ਦਿੱਤਾ ਜਾਂਦਾ ਹੈ।

(ii) ਬਲੂ ਟੁੱਥ (Blue-Tooth)

ਬਲੂ ਟੁੱਥ ਤਕਨੀਕ ਦੀ ਵਰਤੋਂ ਵੀ ਵਾਇਰਲੈੱਸ ਕੰਟਰੋਲ ਲਈ ਕੀਤੀ ਜਾਂਦੀ ਹੈ। ਬਲੂ ਟੁੱਥ ਦੀ ਵਰਤੋਂ ਮੋਬਾਈਲ ਫੋਨਾਂ, ਹੈਂਡ ਫਰੀ ਹੈਂਡ ਸੈੱਟ ਅਤੇ ਕਾਰਾਂ ਦੀਆਂ ਕਿੱਟਾਂ ਵਿਚਕਾਰ ਸੰਚਾਰ ਸਬੰਧ ਸਥਾਪਿਤ ਕਰਨ ਲਈ ਕੀਤੀ ਜਾਂਦੀ ਹੈ। ਪਰਸਨਲ ਕੰਪਿਊਟਰਾਂ ਦਰਮਿਆਨ ਵਾਇਰਲੈੱਸ ਨੈੱਟਵਰਕ ਸਥਾਪਿਤ ਕਰਨ ਅਤੇ ਮਾਊਸ , ਕੀਬੋਰਡ , ਪ੍ਰਿੰਟਰ ਆਦਿ ਇਨਪੁਟ ਅਤੇ ਆਉਟਪੁਟ ਇਕਾਈਆਂ ਨੂੰ ਆਪਸ ਵਿੱਚ ਜੋੜਨ ਲਈ ਬਲੂ ਟੁੱਥ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ। ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐਸ), ਮੈਡੀਕਲ ਯੰਤਰ ਅਤੇ ਟ੍ਰੈਫ਼ਿਕ ਕੰਟਰੌਲ ਇਕਾਈਆਂ ਵਿੱਚ ਬਲੂ ਟੁੱਥ ਪਰੰਪਰਾਗਤ ਤਾਰ ਸੰਚਾਰ ਪ੍ਰਣਾਲੀ ਦੇ ਬਦਲ ਵਜੋਂ ਵਰਤਿਆ ਜਾ ਰਿਹਾ ਹੈ। ਡਾਇਲ-ਅੱਪ ਇੰਟਰਨੈੱਟ ਕੁਨੈਕਸ਼ਨਾਂ ਨੂੰ ਜੋੜਨ ਲਈ ਅਤੇ ਇਨਫਰਾਰੈੱਡ ਦੇ ਬਦਲ ਵਜੋਂ ਬਲੂ ਟੁੱਥ ਵਰਤੀ ਜਾ ਸਕਦੀ ਹੈ। ਬਲੂ ਟੁੱਥ ਤਕਨਾਲੋਜੀ ਦੀ ਵਰਤੋਂ ਵੱਡੀ ਮਾਤਰਾ ਵਾਲੇ ਅੰਕੜਿਆਂ ਜਿਵੇਂ ਕਿ ਟੈਲੀਵਿਜ਼ਨ, ਵਾਇਰਲੈੱਸ ਪ੍ਰਣਾਲੀ, ਮਲਟੀਮੀਡੀਆ ਪ੍ਰੋਜੈਕਟਰਾਂ ਆਦਿ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ।

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੰਚਾਰ ਉਪਕਰਨਾਂ, ਕੰਪਿਊਟਰੀ ਇਕਾਈਆਂ, ਮੋਬਾਈਲ ਫੋਨਾਂ ਅਤੇ ਆਟੋ ਮੋਬਾਈਲ ਕਿੱਟਾਂ ਦਰਮਿਆਨ ਸੰਚਾਰ ਸਬੰਧ ਕਾਇਮ ਕਰਨ ਲਈ ਬਲੂ ਟੁੱਥ ਅਤੇ ਵਾਈ-ਫਾਈ ਦੀ ਵਰਤੋਂ ਲਾਹੇਵੰਦ ਸਾਬਤ ਹੋਈ ਹੈ। ਬਲੂ ਟੁੱਥ ਵਾਈ-ਫਾਈ ਦੇ ਮੁਕਾਬਲੇ ਵੱਧ ਦੂਰੀ ਤੱਕ ਸੇਵਾਵਾਂ ਪ੍ਰਦਾਨ ਕਰਵਾ ਸਕਦੀ ਹੈ ਪਰ ਇਹ ਜ਼ਿਆਦਾ ਮਹਿੰਗੀ ਅਤੇ ਵੱਧ ਬਿਜਲੀ ਖਪਤ ਕਰਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.